FacebookTwitterg+Mail

ਗੁਰੂ ਦੀ ਅਹਿਮੀਅਤ ਸਭ ਤੋਂ ਉੱਪਰ

the importance of the guru is above
24 February, 2018 09:12:20 AM

ਜਲੰਧਰ— ਇਕ ਵਾਰ ਇਕ ਰਾਜੇ ਨੇ ਸਾਧਨਾ ਕਰਨ ਬਾਰੇ ਸੋਚਿਆ। ਉਸ ਨੇ ਆਪਣੇ ਮੰਤਰੀ ਨੂੰ ਸੱਦਿਆ ਅਤੇ ਪੁੱਛਿਆ,''ਮੈਂ ਫਲਾਣੇ ਮੰਤਰ ਦੀ ਸਾਧਨਾ ਕਰਨੀ ਚਾਹੁੰਦਾ ਹਾਂ। ਤੂੰ ਦੱਸ ਮੈਂ ਕੀ ਕਰਾਂ?''
ਮੰਤਰੀ ਬੋਲਿਆ,''ਮਹਾਰਾਜ, ਤੁਸੀਂ ਆਪਣੇ ਗੁਰੂ ਕੋਲ ਜਾਓ ਅਤੇ ਉਨ੍ਹਾਂ ਦੇ ਦੱਸੇ ਅਨੁਸਾਰ ਹੀ ਕੰਮ ਕਰੋ।''
ਰਾਜਾ ਜ਼ਿੱਦੀ ਸੀ। ਉਸ ਨੇ ਕਿਸੇ ਵਿਅਕਤੀ ਨੂੰ ਮੰਤਰ ਦਾ ਜਾਪ ਕਰਦਿਆਂ ਸੁਣਿਆ ਅਤੇ ਉਸ ਨੂੰ ਯਾਦ ਕਰ ਕੇ ਆਪਣੇ ਹਿਸਾਬ ਨਾਲ ਜਾਪ ਕਰਨ ਲੱਗਾ।
ਜਦੋਂ ਜਾਪ ਕਰਦੇ-ਕਰਦੇ ਕਾਫੀ ਸਮਾਂ ਹੋ ਗਿਆ ਤਾਂ ਰਾਜੇ ਨੇ ਇਕ ਦਿਨ ਆਪਣੇ ਮੰਤਰੀ ਨੂੰ ਮੁੜ ਪੁੱਛਿਆ,''ਮੈਨੂੰ ਇਸ ਮੰਤਰ ਦਾ ਜਾਪ ਕਰਦਿਆਂ ਕਈ ਮਹੀਨੇ ਬੀਤ ਗਏ ਪਰ ਕੋਈ ਫਾਇਦਾ ਨਹੀਂ ਹੋਇਆ।''
ਮੰਤਰੀ ਚੁੱਪਚਾਪ ਰਾਜੇ ਦੀ ਗੱਲ ਸੁਣਦਾ ਰਿਹਾ ਅਤੇ ਫਿਰ ਬੋਲਿਆ,''ਮਹਾਰਾਜ, ਮੈਂ ਤੁਹਾਨੂੰ ਕਿਹਾ ਸੀ ਕਿ ਮੰਤਰ ਨੂੰ ਵਿਧੀ-ਵਿਧਾਨ ਅਨੁਸਾਰ ਗੁਰੂ ਤੋਂ ਪ੍ਰਾਪਤ ਕਰਨ 'ਤੇ ਹੀ ਉਸ ਦਾ ਫਾਇਦਾ ਹੋਵੇਗਾ।''
ਰਾਜਾ ਉਸ ਦੀ ਗੱਲ ਨਾਲ ਸਹਿਮਤ ਨਾ ਹੋਇਆ ਅਤੇ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਦੇਣ ਲੱਗਾ। ਮੰਤਰੀ ਕੁਝ ਦੇਰ ਰਾਜੇ ਦੀਆਂ ਗੱਲਾਂ ਸੁਣਦਾ ਰਿਹਾ। ਅਚਾਨਕ ਉਸਨੇ ਕੋਲ ਖੜ੍ਹੇ ਸੈਨਿਕ ਨੂੰ ਹੁਕਮ ਦਿੱਤਾ,''ਸੈਨਿਕ, ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲੈ।''
ਮੰਤਰੀ ਦੀ ਇਹ ਗੱਲ ਸੁਣ ਕੇ ਰਾਜੇ ਤੇ ਸੈਨਿਕ ਸਮੇਤ ਸਭਾ ਵਿਚ ਹਾਜ਼ਰ ਸਾਰੇ ਲੋਕ ਹੈਰਾਨ ਰਹਿ ਗਏ। ਕਿਸੇ ਨੂੰ ਵੀ ਮੰਤਰੀ ਦੀ ਗੱਲ ਦਾ ਮਤਲਬ ਸਮਝ ਨਹੀਂ ਆਇਆ।
ਆਖਿਰ ਮੰਤਰੀ ਦੇ ਵਾਰ-ਵਾਰ ਹੁਕਮ ਦੇਣ 'ਤੇ ਰਾਜੇ ਨੂੰ ਗੁੱਸਾ ਆ ਗਿਆ ਅਤੇ ਉਹ ਸੈਨਿਕਾਂ ਨੂੰ ਬੋਲਿਆ,''ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ।''
ਰਾਜੇ ਦੇ ਹੁਕਮ ਦੀ ਤੁਰੰਤ ਪਾਲਣਾ ਹੋਈ ਅਤੇ ਸੈਨਿਕਾਂ ਨੇ ਮੰਤਰੀ ਨੂੰ ਫੜ ਲਿਆ। ਇਹ ਦੇਖ ਕੇ ਮੰਤਰੀ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਰਾਜੇ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਮੰਤਰੀ ਬੋਲਿਆ,''ਮਹਾਰਾਜ, ਮੈਂ ਤੁਹਾਨੂੰ ਇਹੋ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਦੋਂ ਮੈਂ ਸੈਨਿਕਾਂ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਲਈ ਕਿਹਾ ਤਾਂ ਉਨ੍ਹਾਂ ਮੇਰੀ ਨਹੀਂ ਸੁਣੀ ਪਰ ਜਦੋਂ ਤੁਸੀਂ ਮੈਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਤਾਂ ਇਸ 'ਤੇ ਤੁਰੰਤ ਅਮਲ ਕੀਤਾ ਗਿਆ।
ਇਸੇ ਤਰ੍ਹਾਂ ਗੁਰੂ ਵਲੋਂ ਦਿੱਤੇ ਗਏ ਮੰਤਰ ਵਿਚ ਉਨ੍ਹਾਂ ਦੇ ਅਹਿਸਾਸ ਤੇ ਅਧਿਕਾਰ ਦੀ ਸ਼ਕਤੀ ਹੁੰਦੀ ਹੈ। ਗੁਰੂ ਉਹ ਵਿਅਕਤੀ ਹੁੰਦਾ ਹੈ, ਜੋ ਕਿਸੇ ਗਿਆਨ ਦੀ ਖੁਦ ਵਰਤੋਂ ਕਰ ਕੇ ਉਸ ਨੂੰ ਚੇਲੇ ਨੂੰ ਸੌਂਪਦਾ ਹੈ। ਇਹੋ ਕਾਰਨ ਹੈ ਕਿ ਗੁਰੂ ਦੀ ਅਹਿਮੀਅਤ ਸਭ ਤੋਂ ਉੱਪਰ ਦੱਸੀ ਗਈ ਹੈ।''


Tags: Guru significanceਗੁਰੂ ਅਹਿਮੀਅਤ

Edited By

Manju

Manju is News Editor at Jagbani.