FacebookTwitterg+Mail

'ਏ ਫਲਾਇੰਗ ਜੱਟ' : ਹੈਰਾਨੀਜਨਕ ਕਾਰਨਾਮੇ, ਜਾਂਬਾਜ਼ੀ

    1/1
20 August, 2016 08:46:43 AM

ਨਵੀਂ ਦਿੱਲੀਬਾਲੀਵੁੱਡ ਦਾ ਨਵਾਂ ਸੁਪਰਹੀਰੋ 'ਏ ਫਲਾਇੰਗ ਜੱਟ' ਸਿਲਵਰ ਸਕ੍ਰੀਨ 'ਤੇ ਉਤਰਨ ਤੋਂ ਪਹਿਲਾਂ ਡਾਢਾ ਚਰਚਾ 'ਚ ਹੈ। ਟਾਈਗਰ ਸ਼ਰਾਫ ਦੀ ਇਹ ਐਕਸ਼ਨ ਫਿਲਮ ਪੰਜਾਬ ਅਤੇ ਪੰਜਾਬੀਅਤ ਤੋਂ ਬਹੁਤ ਪ੍ਰਭਾਵਿਤ ਹੈ। 'ਏ ਫਲਾਇੰਗ ਜੱਟ' ਵਿਚ ਹੈਰਾਨੀਜਨਕ ਕਾਰਨਾਮੇ ਦੇਖਣ ਨੂੰ ਮਿਲਣਗੇ। ਹਵਾ ਵਿਚ ਉੱਡਣਾ ਅਤੇ ਰੋਮਾਂਚਕ ਕਾਰਨਾਮੇ ਕਰਨਾ ਉਸ ਦੇ ਖੱਬੇ ਹੱਥ ਦੀ ਖੇਡ ਹੈ। ਬਾਲਾਜੀ ਮੋਸ਼ਨ ਪਿਕਚਰਸ ਦੀ ਇਸ ਐਕਸ਼ਨ ਫਿਲਮ 'ਚ ਚੁਲਬੁਲੀ ਜੈਕਲੀਨ ਫਰਨਾਂਡੀਜ਼ ਰੋਮਾਂਸ ਦਾ ਤੜਕਾ ਲਾਏਗੀ। ਉਥੇ ਮਸ਼ਹੂਰ ਰੈਸਲਰ ਤੇ ਹਾਲੀਵੁੱਡ ਸਟਾਰ ਨਾਥਨ ਜੋਨਸ ਖਲਨਾਇਕ ਦੇ ਕਿਰਦਾਰ 'ਚ ਹੈ। ਫਿਲਮ ਦੇ ਤਿੰਨੋਂ ਮੁੱਖ ਕਿਰਦਾਰ ਟਾਈਗਰ ਸ਼ਰਾਫ, ਜੈਕਲੀਨ ਫਰਨਾਂਡੀਜ਼ ਅਤੇ ਨਾਥਨ ਜੋਨਸ ਜਗ ਬਾਣੀ ਦੇ ਦਫਤਰ 'ਚ ਪਹੁੰਚੇ। ਇਸ ਦੌਰਾਨ ਤਿੰਨਾਂ ਨੇ 'ਏ ਫਲਾਇੰਗ ਜੱਟ' ਬਾਰੇ ਖੁੱਲ੍ਹ ਕੇ ਦੱਸਿਆ, ਨਾਲ ਹੀ ਬਾਲੀਵੁੱਡ ਨਾਲ ਜੁੜੀਆਂ ਰੋਚਕ ਗੱਲਾਂ ਵੀ ਦੱਸੀਆਂ। ਪੇਸ਼ ਹਨ ਟਾਈਗਰ ਸ਼ਰਾਫ ਨੂੰ ਪੁੱਛੇ ਗਏ ਮੁੱਖ ਅੰਸ਼ :
ਰਿਤਿਕ ਰੋਸ਼ਨ ਤੋਂ ਬਾਅਦ ਹੁਣ ਤੁਸੀਂ ਸੁਪਰਹੀਰੋ ਦੇ ਰੋਲ 'ਚ ਆ ਰਹੇ ਹੋ, ਕੀ ਖਾਸ ਹੈ ਇਸ ਫਿਲਮ ਵਿਚ, ਕਿਰਦਾਰ ਕਿਹੋ ਜਿਹਾ ਹੈ?
ਇਹ ਸੁਪਰਹੀਰੋ ਨਾਰਮਲ ਮੁੰਡਾ ਹੈ। ਉਚਾਈ ਤੋਂ ਡਰਦਾ ਹੈ। ਜ਼ਿਆਦਾ ਉੱਚਾ ਨਹੀਂ ਉੱਡ ਸਕਦਾ, ਸਪੀਡ ਤੋਂ ਡਰਦਾ ਹੈ, ਤੇਜ਼ ਭੱਜਣਾ ਚਾਹੁੰਦਾ ਹੈ ਪਰ ਨਹੀਂ ਭੱਜ ਸਕਦਾ। ਉਸ ਨੂੰ ਲੜਨਾ ਪਸੰਦ ਨਹੀਂ ਅਤੇ ਉਹ ਸ਼ਾਂਤੀ-ਪਸੰਦ ਹੈ ਪਰ ਫਿਲਮ ਦੀ ਕਹਾਣੀ ਕੁਝ ਅਜਿਹੀ ਹੈ ਕਿ ਇਸ ਸੁਪਰਹੀਰੋ ਨੂੰ ਲੜਨਾ ਪੈਂਦਾ ਹੈ। ਸਮਾਜ ਪ੍ਰਤੀ ਉਸ ਦੀ ਜ਼ਿੰਮੇਵਾਰੀ ਹੈ, ਜੋ ਉਸ ਨੇ ਨਿਭਾਉਣੀ ਹੁੰਦੀ ਹੈ। ਫਿਲਮ ਵੱਡਿਆਂ ਦੇ ਨਾਲ ਬੱਚਿਆਂ ਨੂੰ ਵੀ ਬਹੁਤ ਪਸੰਦ ਆਏਗੀ, ਅਜਿਹੀ ਸਾਨੂੰ ਉਮੀਦ ਹੈ।
ਸੁਪਰਹੀਰੋ ਦਾ ਕਿਰਦਾਰ ਨਿਭਾਉਣ ਲਈ ਕੀ-ਕੀ ਤਿਆਰੀ ਕੀਤੀ?
ਮੈਂ ਐਕਸ਼ਨ ਸੀਨ ਅਤੇ ਬਾਡੀ ਲੈਂਗਵੇਜ ਠੀਕ ਕਰਨ ਲਈ ਤਿਆਰੀ ਕੀਤੀ, ਜਿਸ ਨਾਲ ਮੈਂ ਸੱਚ ਵਿਚ ਸੁਪਰਹੀਰੋ ਲੱਗ ਸਕਾਂ। ਇਹ ਮੇਰੇ ਲਈ ਚੁਣੌਤੀ ਸੀ ਕਿਉਂਕਿ ਮੈਂ ਪਹਿਲਾਂ ਕਦੀ ਹਾਰਨੇਸ (ਸਰੀਰ 'ਤੇ ਬੰਨ੍ਹੀ ਜਾਣ ਵਾਲੀ ਇਕ ਤਰ੍ਹਾਂ ਦੀ ਮਲਟੀ-ਬੇਲਟ) ਦੀ ਵਰਤੋਂ ਜਾਂ ਫਲਾਇੰਗ ਸੀਨ ਨਹੀਂ ਕੀਤੇ ਸਨ।
ਹਾਰਨੇਸ ਲਈ ਉਸ ਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਤੁਹਾਡੇ ਸਰੀਰ ਦਾ ਭਾਰ ਅਤੇ ਕੰਟਰੋਲ ਕਿਸੇ ਹੋਰ ਦੇ ਹੱਥ 'ਚ ਹੈ। ਅਜਿਹੇ ਵਿਚ ਖੁਦ ਨੂੰ ਬੈਲੇਂਸ ਕਰਨਾ ਸਿੱਖਣਾ ਹੁੰਦਾ ਹੈ। ਉੱਡਣ ਵਾਲੇ ਸੀਨ ਲਈ ਇਕ ਖਾਸ ਪੋਸ਼ਚਰ ਨੂੰ ਬਣਾਈ ਰੱਖਣਾ ਹੁੰਦਾ ਹੈ ਅਤੇ ਇਕ ਪੋਸ਼ਚਰ 'ਚ ਦੇਰ ਤਕ ਬਣੇ ਰਹਿਣਾ ਸੌਖਾ ਨਹੀਂ ਹੈ।
ਕਿਹੜਾ ਸੁਪਰਹੀਰੋ ਤੁਹਾਡੀ ਪ੍ਰੇਰਣਾ ਰਿਹਾ ਹੈ?
ਮੈਂ ਬਚਪਨ ਵਿਚ ਸਪਾਈਡਰਮੈਨ ਦਾ ਫੈਨ ਰਿਹਾ ਹਾਂ ਕਿਉਂਕਿ ਮੈਨੂੰ ਉਸ ਵਿਚ ਇਨਸਾਨੀਅਤ ਨਜ਼ਰ ਆਉਂਦੀ ਹੈ। ਮੈਂ ਸਪਾਈਡਰਮੈਨ ਦਾ ਕਿਰਦਾਰ ਵੀ ਨਿਭਾਉਣਾ ਚਾਹੁੰਦਾ ਹਾਂ। ਉਂਝ ਰਿਤਿਕ ਰੋਸ਼ਨ ਤੋਂ ਲੈ ਕੇ ਮੇਰੇ ਡੈਡ ਤੱਕ, ਸਾਰੇ ਕਲਾਕਾਰ ਮੇਰੀ ਪ੍ਰੇਰਣਾ ਰਹੇ ਹਨ।
ਡਾਂਸ ਮਾਸਟਰ ਰੇਮੋ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਉਨ੍ਹਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਾ?
ਰੇਮੋ ਸਰ ਸਿਰਫ ਡਾਂਸ ਮਾਸਟਰ ਹੀ ਨਹੀਂ ਹਨ, ਸਗੋਂ ਆਲਰਾਊਂਡਰ ਹਨ। ਉਹ ਬਹੁਤ ਹੀ ਚੰਗੇ ਇਨਸਾਨ ਹਨ ਅਤੇ ਬਹੁਤ ਮਿਹਨਤੀ ਹਨ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਬਹੁਤ ਚੰਗੇ ਡਾਇਰੈਕਟਰ ਹਨ, ਉਨ੍ਹਾਂ ਦੀ ਹਰ ਚੀਜ਼ 'ਤੇ ਚੰਗੀ ਪਕੜ ਹੈ। ਤੁਹਾਨੂੰ ਫਿਲਮ ਵਿਚ ਇਹ ਨਜ਼ਰ ਵੀ ਆਏਗਾ।
ਜੈਕਲੀਨ ਨਾਲ ਕਿਹੋ ਜਿਹੀ ਕੈਮਿਸਟਰੀ ਰਹੀ?
ਜਿਹੋ ਜਿਹੀ ਰੀਅਲ ਲਾਈਫ ਵਿਚ ਹੈ, ਉਹੋ ਜਿਹਾ ਉਸ ਦਾ ਕਿਰਦਾਰ ਹੈ। ਉਸ ਦੇ ਚਿਹਰੇ 'ਤੇ ਹਮੇਸ਼ਾ ਹਾਸਾ ਰਹਿੰਦਾ ਹੈ। ਇਸ ਫਿਲਮ ਵਿਚ ਜੈਕਲੀਨ ਦਾ ਵੱਖਰਾ ਰੂਪ ਦੇਖਣ ਨੂੰ ਮਿਲੇਗਾ।
ਸੁਪਰ ਗਰਲ ਬਣਨਾ ਚਾਹੁੰਦੀ ਹੈ ਜੈਕਲੀਨ
ਜੈਕਲੀਨ ਸੁਪਰ ਗਰਲ ਦਾ ਕਿਰਦਾਰ ਨਿਭਾਉਣ ਲਈ ਉਤਸੁਕ ਹੈ। ਉਸ ਤੋਂ ਜਦੋਂ ਉਸ ਦੇ ਡਰੀਮ ਰੋਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਥੋੜ੍ਹਾ ਸੋਚਿਆ ਅਤੇ ਫਿਰ ਹੱਸਦੇ ਹੋਏ ਕਿਹਾ ਕਿ ਉਹ ਸੁਪਰ ਗਰਲ ਬਣਨਾ ਚਾਹੁੰਦੀ ਹੈ। ਬਾਲੀਵੁੱਡ 'ਚ ਆਪਣੀ ਐਕਟਿੰਗ ਤੋਂ ਵੱਧ ਜੈਕਲੀਨ ਫਰਨਾਡੀਜ਼ ਡਾਂਸ ਲਈ ਪਸੰਦ ਕੀਤੀ ਜਾਣ ਲੱਗੀ ਹੈ। ਇਸ ਦੇ ਨਾਲ ਉਹ ਚੁਲਬੁਲੀ ਲੜਕੀ ਦੇ ਰੋਲ ਵੀ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਤਰ੍ਹਾਂ-ਤਰ੍ਹਾਂ ਦੇ ਕਿਰਦਾਰਾਂ ਦਾ ਆਨੰਦ ਮਾਣਦੀ ਹੈ ਅਤੇ ਖੂਬ ਆਨੰਦ ਮਾਣਨਾ ਵੀ ਚਾਹੁੰਦੀ ਹੈ।
ਫਿਲਮ 'ਚ ਤੁਹਾਡਾ ਕੀ ਕਿਰਦਾਰ ਹੈ?
ਜੈਕਲੀਨ : ਮੈਂ ਫਿਲਮ 'ਚ ਸਕੂਲ ਟੀਚਰ ਦੇ ਕਿਰਦਾਰ ਵਿਚ ਹਾਂ, ਜਿਸ ਦਾ ਨਾਂ ਕੀਰਤੀ ਹੈ। ਇਹ ਟੀਚਰ ਬਹੁਤ ਖੁਸ਼ਮਿਜਾਜ਼ ਅਤੇ ਹਰ ਚੀਜ਼ ਦਾ ਆਨੰਦ ਮਾਣਨ ਵਾਲੀ ਲੜਕੀ ਹੈ।
ਬੀਟ ਪੇ ਬੂਟੀ... ਗਾਣੇ 'ਚ ਤੁਹਾਡੇ ਡਾਂਸ ਮੂਵਸ ਕਾਫੀ ਚੰਗੇ ਪਰ ਮੁਸ਼ਕਿਲ ਹਨ, ਤਿਆਰੀ ਕਿਵੇਂ ਕੀਤੀ?
ਜਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਤਾਂ ਮੇਰਾ ਮਜ਼ਾਕ ਬਣਾਇਆ ਗਿਆ ਸੀ। ਖਰਾਬ ਡਾਂਸ ਲਈ ਮੈਨੂੰ ਡਾਂਟਿਆ ਅਤੇ ਫਿਟਕਾਰਿਆ ਗਿਆ ਸੀ। ਹਾਲਾਂਕਿ ਉਨ੍ਹਾਂ ਕੋਰੀਓਗ੍ਰਾਫਰਸ ਦੇ ਨਾਂ ਮੈਂ ਨਹੀਂ ਦੱਸਣਾ ਚਾਹੁੰਦੀ। ਮੇਰੇ ਲਈ ਇਹ ਸਾਰਾ ਤਜਰਬਾ ਅੱਖਾਂ ਖੋਲ੍ਹ ਦੇਣ ਵਾਲਾ ਸੀ। ਫਿਰ ਮੈਂ ਡਾਂਸ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਅਤੇ ਇਸ ਕਲਾ ਨਾਲ ਮੈਨੂੰ ਪਿਆਰ ਹੋਣ ਲੱਗਾ। 'ਬੀਟ ਪੇ ਬੂਟੀ...' ਲਈ ਬਹੁਤ ਪ੍ਰੈਕਟਿਸ ਕੀਤੀ, ਇਸ ਵਿਚ ਰੇਮੋ ਸਰ ਨੇ ਮੇਰੀ ਬਹੁਤ ਮਦਦ ਕੀਤੀ। ਟਾਈਗਰ ਵਰਗੇ ਵਧੀਆ ਡਾਂਸਰ ਨਾਲ ਡਾਂਸ ਕਰਨਾ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ।
ਕਲਰਸ ਚੈਨਲ ਦੇ ਰਿਐਲਿਟੀ ਡਾਂਸ ਸ਼ੋਅ 'ਝਲਕ ਦਿਖਲਾ ਜਾ' ਵਿਚ ਜੱਜ ਬਣਨ ਦਾ ਤਜਰਬਾ ਕਿਹੋ ਜਿਹਾ ਹੈ?
ਮੈਂ ਪਹਿਲੀ ਵਾਰ ਟੀ. ਵੀ. ਸ਼ੋਅ 'ਚ ਕੰਮ ਕੀਤਾ ਹੈ। ਮੇਰੇ ਲਈ ਇਹ ਨਵਾਂ ਅਤੇ ਵੱਖਰਾ ਤਜਰਬਾ ਹੈ। ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨਾ ਵਧੀਆ ਲੱਗ ਰਿਹਾ ਹੈ ਪਰ ਜਦੋਂ ਮਾਰਕਸ ਦੇਣੇ ਹੁੰਦੇ ਹਨ ਤਾਂ ਮੈਂ ਸੱਚ ਵਿਚ ਬਹੁਤ ਪ੍ਰੇਸ਼ਾਨ ਹੋ ਜਾਂਦੀ ਹਾਂ ਕਿਉਂਕਿ ਸਾਰੇ ਮੁਕਾਬਲੇਬਾਜ਼ ਇਕ ਤੋਂ ਇਕ ਵੱਧ ਕੇ ਹਨ ਅਤੇ ਉਨ੍ਹਾਂ ਨੂੰ ਮਾਰਕਸ ਦੇਣਾ ਬਹੁਤ ਹੀ ਮੁਸ਼ਕਿਲ ਕੰਮ ਹੈ।


Tags: ਏ ਫਲਾਇੰਗ ਜੱਟਜਗ ਬਾਣੀਸਟਾਰ ਕਾਸਟa flying jattstar castjagbani