FacebookTwitterg+Mail

'ਰਹਿਮਾਨ - ਦੀ ਮੋਜ਼ਾਰਟ ਆਫ ਇੰਡੀਅਨ ਮਿਊਜ਼ਿਕ'

a r rahman
06 January, 2018 07:07:32 PM

ਜਲੰਧਰ (ਨੀਲਮ ਕੁਈਨ)— ਆਸ਼ਾ ਭੌਂਸਲੇ ਦੱਸਦੇ ਹਨ ਕਿ ਉਹ ਏ. ਆਰ. ਰਹਿਮਾਨ ਦੇ ਸਟੂਡੀਓ 'ਚ ਪਹਿਲੀ ਵਾਰ ਜਦੋਂ ਗਾਣਾ ਰਿਕਾਰਡ ਕਰਨ ਗਏ ਤਾਂ ਉਹਨਾਂ ਨੂੰ ਗੀਤ ਗਾਉਣ ਲਈ ਕਿਹਾ ਗਿਆ। ਉਹਨਾਂ ਉਸ ਗੀਤ ਨੂੰ ਗਾਇਆ ਅਤੇ ਰਹਿਮਾਨ ਵੱਲੋਂ ਅਵਾਜ਼ ਆਈ ਓਕੇ! ਮੈਂ ਹੈਰਾਨ ਕਿ ਇਹ ਕੀ ਹੋਇਆ! ਨਾ ਸਾਜੀ, ਨਾ ਆਰਕੇਸਟਰਾ ਦਾ ਹੋਰ ਗਰੁੱਪ!

ਇਹ ਰਹਿਮਾਨ ਦਾ ਅੰਦਾਜ਼ ਸੀ। ਉਹ ਸਭ ਨੂੰ ਵੱਖੋ ਵੱਖਰਾ ਰਿਕਾਰਡ ਕਰ ਫਿਰ ਉਸ ਨੂੰ ਸਟੂਡਿਓ 'ਚ ਅਰੇਂਜ ਵੱਖਰਾ ਕਰਦਾ ਸੀ। ਪਹਿਲਾਂ ਗੀਤ ਰਿਕਾਰਡ ਕਰਾਉਣ ਦਾ ਜੋ ਰੁਝਾਣ ਸੀ ਇਹ ਉਸ ਤੋਂ ਬਿਲਕੁਲ ਵੱਖਰਾ ਸੀ। ਭਾਰਤ ਦਾ ਮਾਣ 'ਦੀ ਮੋਜ਼ਾਰਟ ਆਫ ਇੰਡੀਅਨ ਮਿਊਜ਼ਿਕ' ਦੇ ਨਾਮ ਜਾਣੇ ਜਾਂਦੇ ਅੱਲ੍ਹਾ ਰੱਖਾ ਰਹਿਮਾਨ!

ਕਈ ਵਾਰ ਕੁਝ ਸੰਗੀਤ ਅਜਿਹੇ ਹੁੰਦੇ ਹਨ ਜਿਹੜੇ ਕੰਨਾਂ ਤੋਂ ਹੁੰਦੇ ਹੋਏ ਦਿਲ 'ਚ ਹੈ ਪਤਾ ਹੀ ਨਹੀਂ ਲਗਦਾ। ਅਜਿਹਾ ਸ਼ਾਨਦਾਰ, ਆਰਾਮਦਾਇਕ, ਦਿਲ ਨੂੰ ਛੂਹਣ ਵਾਲਾ ਸੰਗੀਤ ਹੈ 'ਏ.ਆਰ.ਰਹਿਮਾਨ' ਦਾ..... ਇਹ ਅਜਿਹੇ ਸੰਗੀਤਕਾਰ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਹੋਣ ਦੇ ਬਾਵਜੂਦ ਸੰਗੀਤ ਪ੍ਰਤੀ ਆਪਣਾ ਵਿਸ਼ਵਾਸ਼, ਜਜ਼ਬਾ ਮਿਹਨਤ ਨਹੀਂ ਛੱਡੀ। ਉਸਦਾ ਸਬੂਤ ਉਨ੍ਹਾਂ ਦਾ ਬਾਕਮਾਲ ਸੰਗੀਤ ਤੇ ਗੀਤ ਹਨ। ਰਹਿਮਾਨ ਨੇ ਛੋਟੀ ਉਮਰ ਵਿੱਚ ਹੀ ਇਤਿਹਾਸ ਰਚ ਦਿੱਤਾ।

ਏ. ਆਰ. ਰਹਿਮਾਨ ਦਾ ਜਨਮ 6 ਜਨਵਰੀ 1967 ਨੂੰ ਚੇਨੱਈ (ਮਦਰਾਸ) ਦੇ ਮੱਧ ਵਰਗੀ ਹਿੰਦੂ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ 'ਆਰ. ਕੇ. ਸ਼ੇਖਰ' ਮਲਿਆਲਮ ਫਿਲਮਾਂ ਵਿੱਚ ਸੰਗੀਤ ਦਿੰਦੇ ਸਨ। ਰਹਿਮਾਨ ਨੂੰ ਸੰਗੀਤ ਦਾ ਹੁਨਰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਹੀ ਮਿਲਿਆ ਸੀ। ਉਹ ਆਪਣੇ ਪਿਤਾ ਲਈ ਕੀ-ਬੋਰਡ ਪਲੇਅ ਕਰਿਆ ਕਰਦੇ ਸਨ।

ਜਦੋਂ ਉਨ੍ਹਾਂ ਦੀ ਉਮਰ ਸਿਰਫ਼ ਨੌ ਸਾਲ ਦੀ ਹੀ ਸੀ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਜਿਸ ਦੇ ਚਲਦੇ ਘਰ ਦੀਆਂ ਆਮ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਮੁਸ਼ਕਿਲ ਹੋ ਗਈਆਂ ਸਨ। ਹੁਣ ਇੰਨੀ ਤੰਗੀ ਦੇ ਚਲਦੇ ਰਹਿਮਾਨ ਨੇ ਆਪਣੇ ਪਿਤਾ ਦੇ ਸਾਜ ਯੰਤਰ ਕਿਰਾਏ 'ਤੇ ਦੇ ਕੇ ਘਰ ਦਾ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਸੀ।

ਰਹਿਮਾਨ ਨੇ ਸੰਗੀਤ ਦੀ ਅੱਗੇ ਦੀ ਸਿੱਖਿਆ 'ਮਾਸਟਰ ਧਨਰਾਜ' ਵਲੋਂ ਪ੍ਰਾਪਤ ਕੀਤੀ। ਸਿਰਫ 11 ਸਾਲ ਦੀ ਉਮਰ ਵਿੱਚ ਆਪਣੇ ਬਚਪਨ ਦੇ ਮਿੱਤਰ 'ਸ਼ਿਵਮਨੀ' ਨਾਲ ਰਹਿਮਾਨ 'ਬੈਂਡ ਰੁਟਸ' ਲਈ ਕੀਬੋਰਡ (ਸਿੰਥੇਸਾਇਜਰ) ਵਜਾਉਣ ਲੱਗੇ ਸਨ, ਤੇ  ਉਹ ਇਲਿਆ ਰਾਜਾ ਦੇ ਬੈਂਡ ਲਈ ਕੰਮ ਕਰਦੇ ਸਨ। ਚੇਨੱਈ ਦੇ ਬੈਂਡ ਨੈਂਮਸਿਸ ਐਵੇਨਿਊ ਦੀ ਸਥਾਪਨਾ ਦੇ ਲਈ, ਉਸਨੂੰ ਹਿੱਟ ਕਰਨ ਦਾ ਸਿਹਰਾ ਰਹਿਮਾਨ ਸਿਰ ਹੀ ਜਾਂਦਾ ਹੈ।

ਰਹਿਮਾਨ ਬਚਪਨ ਤੋਂ ਹੀ ਕੀ-ਬੋਰਡ, ਪਿਆਨੋ, ਹਾਰਮੋਨੀਅਮ ਤੇ ਗਿਟਾਰ ਵਰਗੇ ਸਾਜ ਵਜਾ ਲੈਂਦੇ ਸਨ। ਉਹ 'ਸਿੰਥੇਸਾਇਜਰ' ਨੂੰ ਕਲਾ ਅਤੇ ਤਕਨਾਲੋਜੀ ਦਾ ਅਨੌਖਾ ਸੰਗਮ ਮੰਣਦੇ ਹਨ। ਰਹਿਮਾਨ ਨੇ ਚੇਨਈ ਵਿੱਚ ਹੀ ਵੈਸਟਰਨ ਕਲਾਸੀਕਲ ਸੰਗੀਤ ਵਿੱਚ ਗ੍ਰੇਜੁਏਸ਼ਨ ਕੀਤੀ ਹੈ। ਬੈਂਡ ਗਰੂੱਪ ਵਿੱਚ ਕੰਮ ਕਰਦੇ ਹੋਏ ਹੀ ਉਨ੍ਹਾਂ ਨੂੰ ਲੰਡਨ ਦੇ 'ਟ੍ਰਿਨਿਟੀ ਕਾਲਜ ਆਫ ਮਿਊਜਿਕ' ਤੋਂ ਸਕਾਲਰਸ਼ਿਪ ਵੀ ਮਿਲੀ। ਜਿੱਥੋਂ ਉਨ੍ਹਾਂ ਨੇ ਪੱਛਮੀ ਸ਼ਾਸਤਰੀ ਸੰਗੀਤ ਵਿੱਚ ਡਿਗਰੀ ਹਾਸਲ ਕੀਤੀ ਹੈ।

1984 ਵਿੱਚ ਉਹ ਵੇਲਾ ਆਇਆ ਜਿਸਨੇ ਉਨ੍ਹਾਂ ਦੇ ਪਰਿਵਾਰ ਦਾ ਰੰਗ-ਰੂਪ ਹੀ ਬਦਲ ਦਿੱਤਾ। ਰਹਿਮਾਨ ਦੀ ਛੋਟੀ ਭੈਣ ਬਹੁਤ ਬੀਮਾਰ ਹੋ ਗਈ ਸੀ ਤਦ ਉਨ੍ਹਾਂ ਦੀ ਮਾਂ ਦਾ ਸੂਫ਼ੀਆਨਾ ਇਬਾਦਤ ਵਿੱਚ ਵਿਸ਼ਵਾਸ ਵਧਣ ਲੱਗਿਆ। ਫ਼ਿਰ ਉਨ੍ਹਾਂ ਆਪਣਾ ਧਰਮ ਬਦਲ ਲਿਆ। ਮਾਂ 'ਕਸਤੂਰੀ' ਤੋਂ 'ਕਰੀਮਾ' ਬਣ ਗਈ, ਤੇ ਰਹਿਮਾਨ ਏ.ਐੱਸ. ਦਿਲੀਪ ਕੁਮਾਰ ਤੋਂ ਏ. ਆਰ. ਰਹਿਮਾਨ ਯਾਨੀ 'ਅੱਲਾਹ ਰੱਖਾ ਰਹਿਮਾਨ' ਬਣ ਗਏ।

1991 ਵਿੱਚ ਰਹਿਮਾਨ ਨੇ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕੀਤਾ। ਸ਼ੁਰੂਆਤ ਵਿੱਚ ਉਨ੍ਹਾਂ ਭਾਰਤੀ ਟੀ. ਵੀ ਚੈਨਲ ਲਈ ਵਿਗਿਆਪਨ ਬਨਾਉਣੇ ਸ਼ੁਰੂ ਕੀਤੇ ਸਨ। ਫਿਰ 1992 ਵਿੱਚ ਹਦਾਇਤਕਾਰ 'ਮਨੀ ਰਤਨਮ' ਨੇ ਕੁਝ ਨਵਾਂ ਕਰਨ ਬਾਰੇ ਸੋਚਿਆ। ਉਹ ਆਪਣੀ ਤਾਮਿਲ ਫਿਲਮ 'ਰੋਜ਼ਾ' ਲਈ ਏ. ਆਰ. ਰਹਿਮਾਨ ਕੋਲ ਗਏ ਤੇ ਫ਼ਿਲਮ ਲਈ ਸੰਗੀਤ ਕਰਨ ਨੂੰ ਕਿਹਾ। ਇਸ ਫ਼ਿਲਮ ਵਿਚਲੇ ਸੰਗੀਤ ਨੇ ਬੜੀ ਪ੍ਰਸਿੱਧੀ ਖੱਟੀ। ਜਿਸ ਲਈ ਰਹਿਮਾਨ ਨੂੰ ਫ਼ਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਫ਼ਿਲਮ ਰੋਜ਼ਾ ਲਈ ਆਪਣੀ ਸ਼ਾਨਦਾਰ ਆਵਾਜ਼ ਤੇ ਸੰਗੀਤ ਦੇਣ ਤੋਂ ਬਾਅਦ ਰਹਿਮਾਨ ਨੇ ਇਹ ਸਾਬਤ ਕੀਤਾ ਕਿ ਉਨ੍ਹਾਂ ਦੀ ਕਲਾ ਬੜੀ ਅਵੱਲੀ ਹੈ ਤੇ ਮੁਸ਼ਕਿਲਾਂ ਜਿੰਨੀਆਂ ਮਰਜ਼ੀ ਹੋਣ, ਆਪਣੇ ਟੀਚੇ ਵੱਲ ਮਿਹਨਤ ਲਗਨ ਨਾਲ ਵੱਧਦੇ ਜਾਓ ਤਾਂ ਕੁਝ ਵੀ ਅਸੰਭਵ ਨਹੀਂ ਹੈ।

ਇਸ ਤੋਂ ਬਾਅਦ ਰਹਿਮਾਨ ਨੇ ਬਾਲੀਵੁੱਡ ਫ਼ਿਲਮਾਂ ਲਈ ਬਹੁਤ ਸਾਰੇ ਗੀਤ ਗਏ ਅਤੇ ਸੰਗੀਤ ਦਿੱਤਾ। ਜਿਨ੍ਹਾਂ ਵਿੱਚ ਫ਼ਿਲਮਾਂ ਰੋਜ਼ਾ, ਗਜ਼ਨੀ, ਯੁਵਰਾਜ, ਜਾਣੇ ਤੂੰ ਯਾ ਜਾਣੇ ਨਾ, ਰੰਗ ਦੇ ਬਸੰਤੀ, ਮੰਗਲ ਪਾਂਡੇ, ਲਗਾਨ, ਤਾਲ, ਜੋਧਾ-ਅਕਬਰ, ਸਵਦੇਸ, ਰੰਗੀਲਾ ਤੇ ਕਈ ਹੋਰ ਬਾਕਮਾਲ ਗੀਤ ਸੰਗੀਤ ਕੀਤੇ ਹਨ।

ਰਹਿਮਾਨ ਦੀ ਜਾਦੂਈ ਆਵਾਜ ਤੇ ਸ਼ਾਨਦਾਰ ਸੰਗੀਤ ਲਈ 'ਆਸਕਰ ਪੁਰਸਕਾਰ, ਗੋਲਡਨ ਗਲੋਬ ਪੁਰਸਕਾਰ, ਮੋਰੀਸ਼ੀਅਸ ਰਾਸ਼ਟਰੀ ਸਨਮਾਨ, ਮਲੇਸ਼ੀਅਨ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਭਾਰਤ ਸਰਕਾਰ ਵੱਲੋਂ ਰਹਿਮਾਨ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਹਿਮਾਨ ਨੇ ਚਾਰ ਵਾਰ ਰਾਸ਼ਟਰੀ ਸਨਮਾਨ, ਛੇ ਵਾਰ ਤਾਮਿਲਨਾਡੂ ਦੇ ਸਟੇਟ ਫ਼ਿਲਮ ਸਨਮਾਨ ਜਿੱਤੇ ਹਨ ਤੇ ਫ਼ਿਲਮ ਫੇਅਰ ਸਨਮਾਨਾਂ ਦੀ ਕਤਾਰ ਤਾਂ ਬਹੁਤ ਲੰਬੀ ਹੈ।

ਜੇਕਰ ਉਨ੍ਹਾਂ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 'ਸਾਇਰਾ ਬਾਨੋ' ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਖਤੀਜਾ, ਰਹੀਮਾ ਤੇ ਆਮੀਨ ਹਨ।

ਵੈਸੇ ਤਾਂ ਰਹਿਮਾਨ ਸਾਹਬ ਨੇ ਸਿਰਫ ਫ਼ਿਲਮਾਂ ਹੀ ਨਹੀਂ ਬਲਕਿ ਗੈਰ-ਫ਼ਿਲਮੀ ਗੀਤਾਂ ਨਾਲ ਵੀ ਆਪਣੀ ਛਾਪ ਛੱਡੀ। ਜਿਵੇਂ 'ਵੰਦੇ ਮਾਤਰਮ' ਗੀਤ। ਇਸ ਗੀਤ ਰਾਹੀਂ ਰਹਿਮਾਨ ਨੇ ਇੱਕ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਰਹਿਮਾਨ ਦੇ ਜਨਮ ਦਿਨ ਦੇ ਮੌਕੇ ਤੇ ਉਨ੍ਹਾਂ ਵੱਲੋਂ ਦਿੱਤੇ ਸੰਗੀਤ,ਗੀਤ ਹਮੇਸ਼ਾਂ ਸੁਣੇ ਜਾਣਗੇ। ਉਹ ਇੱਦਾ ਹੀ ਪੂਰੇ ਜਗਤ ਵਿੱਚ ਮਹਿਕਦੇ ਰਹਿਣ....


Tags: AR Rahman Birthday Vande Mataram Indian composer