FacebookTwitterg+Mail

ਦੇਸ਼ ਭਗਤੀ ਅਤੇ ਰਿਸ਼ਤਿਆਂ ਦੀ ਡੋਰ 'ਚ ਰਾਜ਼ੀ 'ਸਹਿਮਤ'

alia bhatt
10 May, 2018 10:12:08 AM

ਮੁੰਬਈ (ਬਿਊਰੋ)— ਆਲੀਆ ਭੱਟ ਆਪਣੀ ਫਿਲਮ 'ਰਾਜ਼ੀ' ਕਾਰਨ ਅੱਜ-ਕਲ ਚਰਚਾ 'ਚ ਹੈ। ਇਹ ਫਿਲਮ 1971 'ਚ ਭਾਰਤ-ਪਾਕਿ ਜੰਗ ਤੋਂ ਠੀਕ ਪਹਿਲਾਂ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਆਲੀਆ ਇਕ ਜਾਸੂਸ ਦੇ ਕਿਰਦਾਰ 'ਚ ਹੈ, ਜਿਸ ਦਾ ਪਿਤਾ ਉਸ ਦਾ ਵਿਆਹ ਇਕ ਪਾਕਿਸਤਾਨੀ ਆਰਮੀ ਅਫਸਰ ਨਾਲ ਸਿਰਫ ਇਸ ਲਈ ਕਰ ਦਿੰਦਾ ਹੈ ਤਾਂ ਜੋ ਉਹ ਭਾਰਤ ਦੀ ਅੱਖ ਅਤੇ ਕੰਨ ਬਣ ਕੇ ਪਾਕਿਸਤਾਨ 'ਚ ਰਹਿ ਸਕੇ ਅਤੇ ਦੇਸ਼ ਦੀ ਰੱਖਿਆ ਕਰ ਸਕੇ। ਦੇਸ਼ ਭਗਤੀ, ਰਿਸ਼ਤਿਆਂ ਦੀ ਡੋਰ ਅਤੇ ਇਮੋਸ਼ਨ ਨੂੰ ਬੇਹੱਦ ਖੂਬਸੂਰਤੀ ਨਾਲ ਇਸ ਫਿਲਮ 'ਚ ਪਿਰੋਇਆ ਹੈ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ। ਫਿਲਮ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਅਤੇ ਜੰਗਲੀ ਪਿਕਚਰਜ਼ ਵਲੋਂ ਕੀਤਾ ਗਿਆ ਹੈ। ਫਿਲਮ 11 ਮਈ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਦਿੱਲੀ 'ਚ ਜਗ ਬਾਣੀ/ਨਵੋਦਿਆ ਟਾਈਮਜ਼ ਨਾਲ ਖਾਸ ਗੱਲਬਾਤ ਦੌਰਾਨ ਮੇਘਨਾ, ਆਲੀਆ ਅਤੇ ਵਿੱਕੀ ਕੌਸ਼ਲ ਨੇ ਫਿਲਮ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ।
'ਸਹਿਮਤ' ਦੇ ਖੂਨ 'ਚ ਹੈ ਵਤਨ ਲਈ ਲੜਨਾ 
ਆਲੀਆ— ਮੈਂ ਫਿਲਮ ਵਿਚ ਕਸ਼ਮੀਰੀ ਕੁੜੀ 'ਸਹਿਮਤ' ਦੇ ਕਿਰਦਾਰ ਵਿਚ ਹਾਂ, ਜੋ 20 ਸਾਲ ਦੀ ਹੈ। ਉਸ ਲਈ ਵਤਨ ਦੇ ਅਰਥ ਸਭ ਤੋਂ ਉਪਰ ਹਨ ਅਤੇ ਇਸੇ ਵਤਨ ਦੀ ਰਾਖੀ ਲਈ ਉਹ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਜਾਸੂਸ ਬਣਨ ਲਈ ਤਿਆਰ ਹੋ ਜਾਂਦੀ ਹੈ ਕਿਉਂਕਿ ਉਸ ਦੇ ਖੂਨ 'ਚ ਵਤਨ ਲਈ ਲੜਨਾ ਹੈ। ਸਹਿਮਤ ਦਾ ਕਿਰਦਾਰ ਸਿਰਫ ਇਕ ਬੇਟੀ ਦੇ ਜਾਸੂਸ ਬਣਨ ਤਕ ਦਾ ਸਫਰ ਹੀ ਨਹੀਂ ਸਗੋਂ ਇਕ ਪਤਨੀ ਬਣ ਕੇ ਇਸ ਸਫਰ ਨੂੰ ਅੱਗੇ ਵਧਣ ਦੀ ਵੀ ਕਹਾਣੀ ਹੈ, ਜੋ ਤੁਹਾਡੇ ਦਿਲ ਨੂੰ ਛੂਹ ਜਾਏਗੀ।
ਦੋਹਰੀ ਐਕਟਿੰਗ
ਇਹ ਫਿਲਮ ਕਿਸੇ ਵੀ ਦੂਜੀ ਫਿਲਮ ਤੋਂ ਬਿਲਕੁੱਲ ਵੱਖਰੀ ਹੈ ਕਿਉਂਕਿ ਇਹ ਇਕ ਰੀਅਲ ਕਹਾਣੀ ਹੈ। ਮੈਂ ਫਿਲਮ 'ਚ ਇਕ ਕਿਰਦਾਰ ਨਿਭਾ ਰਹੀ ਹਾਂ ਸਹਿਮਤ ਦਾ ਅਤੇ ਸਹਿਮਤ ਵੀ ਫਿਲਮ ਦੇ ਅੰਦਰ ਇਕ ਕਿਰਦਾਰ ਹੀ ਨਿਭਾ ਰਹੀ ਹੈ ਕਿਉਂਕਿ ਉਹ ਇਕ ਪਤਨੀ ਤਾਂ ਹੈ ਪਰ ਨਾਲ ਹੀ ਜਾਸੂਸ ਵੀ ਹੈ, ਜੋ ਆਪਣੇ ਸਹੁਰੇ ਘਰ 'ਚ ਐਕਟਿੰਗ ਕਰ ਰਹੀ ਹੈ। ਇਸ ਤਰ੍ਹਾਂ ਮੈਂ ਦੋਹਰੀ ਐਕਟਿੰਗ ਕਰ ਰਹੀ ਸੀ।
ਮਾਂ ਨਾਲ ਇਮੋਸ਼ਨਲ ਰਿਸ਼ਤਾ
ਮਾਂ ਨਾਲ ਮੇਰਾ ਬਹੁਤ ਇਮੋਸ਼ਨਲ ਰਿਸ਼ਤਾ ਹੈ। ਫਿਲਮ 'ਚ ਵੀ ਉਹ ਮੇਰੀ ਮਾਂ ਦਾ ਕਿਰਦਾਰ ਅਦਾ ਕਰ ਰਹੀ ਹੈ। ਅਜਿਹੀ ਹਾਲਤ ਵਿਚ ਇਮੋਸ਼ਨਲ ਸੀਨ ਦੌਰਾਨ ਅਸੀਂ ਦੋਵੇਂ ਸਚਮੁੱਚ ਰੋ ਪੈਂਦੀਆਂ ਸੀ।
ਮੇਘਨਾ ਗੁਲਜ਼ਾਰ
ਰਾਜ਼ੀ ਇਕ ਪੀਰੀਅਡ ਫਿਲਮ
ਪੀਰੀਅਡ ਫਿਲਮ ਬਣਾਉਣ 'ਚ ਕਾਫੀ ਰਿਸਰਚ ਕਰਨੀ ਪੈਂਦੀ ਹੈ। ਸਾਡੇ ਕੋਲ ਉਸ ਸਮੇਂ ਦਾ ਕੁਝ ਵੀ ਵਿਜ਼ੂਅਲ ਰੈਫਰੈਂਸ ਨਹੀਂ ਸੀ ਪਰ ਮੈਂ ਖੁਦ ਪੰਜਾਬ ਤੋਂ ਹਾਂ ਅਤੇ ਮੇਰੇ ਸਹੁਰੇ ਵੀ ਪੰਜਾਬ 'ਚ ਹਨ। ਇਹ ਤਾਂ ਸਾਨੂੰ ਪਤਾ ਹੀ ਸੀ ਕਿ ਇਕ ਸਮੇਂ ਵਿਚ ਪੰਜਾਬ ਅਤੇ ਪਾਕਿਸਤਾਨ ਇਕ ਸਨ ਪਰ ਆਰਮੀ ਬੈਕਗਰਾਊਂਡ ਦੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰ ਕੇ ਇਹ ਚੀਜ਼ਾ ਕ੍ਰਿਏਟ ਕੀਤੀਆਂ।
ਬੇਹੱਦ ਖੂਬਸੂਰਤ ਹੈ ਕਸ਼ਮੀਰ
ਮੈਂ ਬਚਪਨ 'ਚ ਕੁਝ ਸਮਾਂ ਕਸ਼ਮੀਰ 'ਚ ਬਿਤਾਇਆ ਸੀ। ਹੁਣ ਬਹੁਤ ਸਮਾਂ ਬੀਤ ਗਿਆ ਅਤੇ ਕਾਫੀ ਕੁਝ ਹੋ ਚੁੱਕਾ ਹੈ ਪਰ ਕਸ਼ਮੀਰ ਅੱਜ ਵੀ ਪਹਿਲਾਂ ਵਰਗਾ ਹੀ ਹੈ। ਉਥੋਂ ਦੇ ਲੋਕ ਵੀ ਓਸੇ ਤਰ੍ਹਾਂ ਦੇ ਹੀ ਹਨ। ਕਸ਼ਮੀਰ 'ਚ ਸ਼ੂਟਿੰਗ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਉਥੇ ਜਾ ਕੇ ਕਿਤੇ ਵੀ ਕੈਮਰਾ ਲਾ ਕੇ ਸ਼ੂਟਿੰਗ ਸ਼ੁਰੂ ਕਰ ਲਓ। ਸਾਰਾ ਕਸ਼ਮੀਰ ਹੀ ਖੂਬਸੂਰਤ ਲੱਗਦਾ ਹੈ। ਅਸੀਂ ਸ਼ੂਟਿੰਗ ਖਤਮ ਕਰ ਕੇ ਸ਼ਿਕਾਰਾ ਰਾਈਡਜ਼ 'ਤੇ ਵੀ ਜਾਇਆ ਕਰਦੇ ਸੀ।
ਮੇਘਨਾ ਮੈਮ ਦਾ ਬਹੁਤ ਵੱਡਾ ਫੈਨ ਹਾਂ : ਵਿੱਕੀ ਕੌਸ਼ਲ
ਇਕ ਚੰਗੀ ਕਹਾਣੀ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਅਤੇ ਜਦੋਂ ਸਾਥੀ ਕਲਾਕਾਰ ਵੀ ਚੰਗੇ ਮਿਲ ਜਾਣ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਫਿਲਮ 'ਚ ਮੇਰਾ ਆਰਮੀ ਅਫਸਰ ਇਕਬਾਲ ਦਾ ਕਿਰਦਾਰ ਹੈ, ਜਿਸ ਨੂੰ ਨਿਭਾਉਣ 'ਚ ਬਹੁਤ ਮਜ਼ਾ ਆਇਆ। ਮੇਘਨਾ ਮੈਮ ਦਾ ਤਾਂ ਮੈਂ ਬਹੁਤ ਵੱਡਾ ਫੈਨ ਹਾਂ। ਮੈਨੂੰ ਲੱਗਾ ਕਿ ਇਹ ਫਿਲਮ ਕਿਸੇ ਵੀ ਤਰ੍ਹਾਂ ਮੈਂ ਹੀ ਕਰਨੀ ਹੈ। ਮੈਨੂੰ ਇਸ ਫਿਲਮ ਅਤੇ ਕਹਾਣੀ 'ਤੇ ਪੂਰਾ ਭਰੋਸਾ ਸੀ।


Tags: Alia BhattRaaziVicky KaushalMeghna GulzarInterview

Edited By

Chanda Verma

Chanda Verma is News Editor at Jagbani.