FacebookTwitterg+Mail

ਪੰਜਾਬੀ ਸਿਨੇਮੇ 'ਚ ਨਵੇਂ ਰਿਕਾਰਡ ਸਥਾਪਿਤ ਕਰੇਗੀ ਫ਼ਿਲਮ 'ਸਾਬ੍ਹ ਬਹਾਦਰ' : ਐਮੀ ਵਿਰਕ

ammy virk
17 May, 2017 08:51:23 AM
ਜਲੰਧਰ— 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਐਮੀ ਵਿਰਕ ਦੀ ਨਵੀਂ ਪੰਜਾਬੀ ਫ਼ਿਲਮ 'ਸਾਬ੍ਹ ਬਹਾਦਰ' ਪੰਜਾਬੀ ਸਿਨੇਮੇ 'ਚ ਨਵੇਂ ਰਿਕਾਰਡ ਸਥਾਪਿਤ ਕਰੇਗੀ। ਇਹ ਫ਼ਿਲਮ ਆਪਣੇ ਬਜਟ, ਕਹਾਣੀ, ਸੰਗੀਤ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਅਜਿਹਾ ਮੀਲ ਪੱਥਰ ਸਾਬਤ ਹੋਵੇਗੀ, ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਫ਼ਿਲਮ ਦੇ ਪਲ-ਪਲ 'ਤੇ ਕੁਝ ਵਾਪਰੇਗਾ। ਦਰਸ਼ਕ ਅਖੀਰ ਤੱਕ ਸੋਚਦਾ ਰਹੇਗਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ। ਇਹ ਪ੍ਰਗਟਾਵਾ 'ਸਾਬ੍ਹ ਬਹਾਦਰ' ਦੇ ਹੀਰੋ ਐਮੀ ਵਿਰਕ ਨੇ ਕੀਤਾ, ਜੋ ਆਪਣੀ ਆਉਣ ਵਾਲੀ ਫ਼ਿਲਮ ਤੋਂ ਬੇਹੱਦ ਆਸਵੰਦ ਹੈ। ਐਮੀ ਨੇ ਕਿਹਾ, ''ਮੈਂ ਅਕਸਰ ਸੋਚਦਾ ਸਾਂ ਕਿ ਹਿੰਦੀ ਸਿਨੇਮੇ ਵਾਂਗ ਪੰਜਾਬੀ ਸਿਨੇਮੇ 'ਚ ਨਵੇਂ ਤਜਰਬੇ ਕਿਉਂ ਨਹੀਂ ਹੁੰਦੇ ਪਰ 'ਸਾਬ੍ਹ ਬਹਾਦਰ' ਨੇ ਮੇਰਾ ਇਹ ਸ਼ਿਕਵਾ ਦੂਰ ਕਰ ਦਿੱਤਾ ਹੈ। ਇਸ 'ਚ ਬਹੁਤ ਸਾਰੇ ਨਵੇਂ ਤਜਰਬੇ ਹਨ। ਪੰਜਾਬੀ ਸਿਨੇਮੇ 'ਚ ਆਮ ਤੌਰ 'ਤੇ ਸਿੱਧੀ ਸਪਾਟ ਕਹਾਣੀ ਪੇਸ਼ ਕੀਤੀ ਜਾਂਦੀ ਹੈ, ਜੋ ਇੰਟਰਵਲ ਤੋਂ ਪਹਿਲਾਂ ਹੀ ਸਮਝ ਆ ਜਾਂਦੀ ਹੈ ਕਿ ਅੰਤ 'ਚ ਕੀ ਹੋ ਸਕਦਾ ਹੈ ਪਰ 'ਸਾਬ੍ਹ ਬਹਾਦਰ' ਅਖੀਰ ਤਕ ਦਰਸ਼ਕਾਂ ਦਾ ਰੋਮਾਂਚ ਬਣਾਈ ਰੱਖਦੀ ਹੈ।''
ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਦੀ ਅਦਾਕਾਰੀ ਦੇਖਣਯੋਗ ਹੋਵੇਗੀ। ਸੀਮਾ ਕੌਸ਼ਲ, ਪ੍ਰੀਤ ਕਮਲ, ਹੌਬੀ ਧਾਲੀਵਾਲ ਤੇ ਬਾਕੀ ਸਾਰੇ ਕਲਾਕਾਰਾਂ ਦਾ ਜਲਵਾ ਕਮਾਲ ਹੈ। ਜਿੰਨੀ ਫ਼ਿਲਮ ਵੱਡੀ ਹੈ, ਓਨਾ ਵੱਡਾ 'ਵ੍ਹਾਈਟ ਹਿੱਲ ਸਟੂਡੀਓ' ਵਲੋਂ ਪ੍ਰਚਾਰ ਉਲੀਕਿਆ ਗਿਆ ਹੈ। ਪੰਜਾਬ ਦਾ ਕੋਈ ਹਾਈਵੇ, ਚੌਕ, ਮਲਟੀਪਲੈਕਸ ਨਹੀਂ, ਜਿਥੇ ਫ਼ਿਲਮ ਦੇ ਪ੍ਰਚਾਰ ਲਈ ਵੱਡੇ ਹੋਰਡਿੰਗਜ਼ ਅਤੇ ਪੋਸਟਰ ਨਾ ਲਾਏ ਗਏ ਹੋਣ। ਉਨ੍ਹਾਂ 'ਵ੍ਹਾਈਟ ਹਿੱਲ ਸਟੂਡੀਓ' ਦਾ ਧੰਨਵਾਦ ਵੀ ਕੀਤਾ। ਐਮੀ ਵਿਰਕ ਨੇ ਕਿਹਾ ਕਿ ਫ਼ਿਲਮ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਵਲੋਂ ਕੀਤਾ ਗਿਆ ਹੈ ਤੇ ਕਹਾਣੀ ਜੱਸ ਗਰੇਵਾਲ ਦੀ ਲਿਖੀ ਹੋਈ ਹੈ। ਉਨ੍ਹਾਂ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦੀ ਕਾਬਲੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੋ ਜਿਹੇ ਨਿਰਮਾਤਾਵਾਂ ਕਰਕੇ ਹੀ ਪੰਜਾਬੀ ਫ਼ਿਲਮ ਸਨਅੱਤ ਅੱਗੇ ਵਧ ਰਹੀ ਹੈ।

Tags: Ammy VirkSaab BahadarJaswinder BhallaPreet KamalRana RanbirSeema Kaushalਐਮੀ ਵਿਰਕਸਾਬ੍ਹ ਬਹਾਦਰ