FacebookTwitterg+Mail

ਸ਼ਰਾਰਤਾਂ ਤੇ ਹਾਸੇ ਭਰਪੂਰ ਸਟੋਰੀ ਵਾਲੀ ਹੈ ਫਿਲਮ 'ਨਿੱਕਾ ਜ਼ੈਲਦਾਰ' : ਐਮੀ ਵਿਰਕ

ammy virk interview with jagbani
28 September, 2016 06:34:23 PM
ਜਲੰਧਰ, (ਰਮਨਦੀਪ ਸਿੰਘ ਸੋਢੀ)— ਇਸ ਸ਼ੁੱਕਰਵਾਰ ਯਾਨੀ 30 ਸਤੰਬਰ ਨੂੰ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ' ਰਿਲੀਜ਼ ਹੋਣ ਜਾ ਰਹੀ ਹੈ। ਬੁੱਧਵਾਰ ਨੂੰ ਫਿਲਮ ਦੇ ਹੀਰੋ ਐਮੀ ਵਿਰਕ ਡਾਇਰੈਕਟਰ ਸਿਮਰਜੀਤ ਸਿੰਘ ਅਤੇ ਪਟਿਆਲਾ ਮੋਸ਼ਨ ਪਿਕਚਰ ਦੇ ਮਾਲਕ ਅਮਨੀਤ ਕਾਕੂ 'ਜਗ ਬਾਣੀ' ਦੇ ਸਟੂਡੀਓ ਪਹੁੰਚੇ। ਇਸ ਦੌਰਾਨ ਐਮੀ ਵਿਰਕ ਨੇ ਦੱਸਿਆ ਕਿ ਇਹ ਫਿਲਮ ਨੌਟੀ (ਸ਼ਰਾਰਤੀ) ਲਵ ਸਟੋਰੀ ਹੈ, ਜਿਸ ਵਿਚ ਉਹ (ਨਿੱਕਾ ਜ਼ੈਲਦਾਰ) ਆਪਣੇ ਵਿਆਹ ਦੇ ਲਈ ਸੰਘਰਸ਼ ਕਰਦਾ ਹੈ। ਫਿਲਮ ਵਿਚ ਜ਼ੈਲਦਾਰਾਂ ਦੇ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਹੋਣ ਕਾਰਨ ਐਮੀ ਨੂੰ ਨਿੱਕਾ ਜ਼ੈਲਦਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫਿਲਮ ਬਾਰੇ ਗੱਲਬਾਤ ਕਰਦਿਆਂ ਐਮੀ ਨੇ ਕਿਹਾ ਕਿ ਇਸ ਫਿਲਮ ਵਿਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਨਗੇ। ਐਮੀ ਮੁਤਾਬਕ ਇਸ ਫਿਲਮ ਵਿਚ ਜਿਥੇ ਰੋਮਾਂਸ ਅਤੇ ਲਵ ਸਟੋਰੀ ਤਾਂ ਹੈ ਹੀ, ਉਥੇ ਹੀ ਇਸ ਫਿਲਮ ਵਿਚ ਦਰਸ਼ਕਾਂ ਲਈ ਹਾਲਾਤ ਦੇ ਅਨੁਕੂਲ ਹਾਸੇ-ਠੱਠੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਐਮੀ ਮੁਤਾਬਕ ਇਹ ਫਿਲਮ ਅਖੀਰ ਵਿਚ ਇਕ ਚੰਗਾ ਸੁਨੇਹਾ ਵੀ ਛੱਡੇਗੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਏਗਾ।
ਐਮੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਿਛਲੀਆਂ ਫਿਲਮਾਂ ਪੁਰਾਣੇ ਦੌਰ ਨੂੰ ਦਰਸਾਉਂਦੀਆਂ ਸਨ, ਜਦਕਿ 'ਨਿੱਕਾ ਜ਼ੈਲਦਾਰ' ਨੂੰ ਅੱਜ ਦੇ ਹਾਲਾਤ ਮੁਤਾਬਕ ਫਿਲਮਾਇਆ ਗਿਆ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਨਾਭਾ ਅਤੇ ਪਟਿਆਲਾ ਦੇ ਇਕ ਕਾਲਜ ਵਿਚ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਲਮ ਵਿਚ ਕੁੱਲ ਛੇ ਗੀਤ ਹਨ, ਜਿਨ੍ਹਾਂ ਵਿਚੋਂ ਤਿੰਨ ਗੀਤਾਂ ਨੂੰ ਆਵਾਜ਼ ਐਮੀ ਨੇ ਖੁਦ ਦਿੱਤੀ ਹੈ, ਜਦਕਿ ਇਕ ਹੈਪੀ ਰਾਏਕੋਟੀ ਅਤੇ ਇਕ ਕਰਮਜੀਤ ਅਨਮੋਲ ਵਲੋਂ ਗਾਇਆ ਗਿਆ ਹੈ। ਫਿਲਮ ਦੇ ਅਨੁਭਵ ਬਾਰੇ ਗੱਲਬਾਤ ਕਰਦੇ ਹੋਏ ਐਮੀ ਨੇ ਕਿਹਾ ਕਿ ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਲੇਹ ਲੱਦਾਖ ਵਿਖੇ ਕੀਤੀ ਗਈ ਹੈ ਅਤੇ ਜ਼ਿਆਦਾਤਰ ਸ਼ੂਟ ਗਰਮੀ ਦੌਰਾਨ ਪੰਜਾਬ ਵਿਚ ਹੀ ਕੀਤਾ ਗਿਆ ਹੈ।
ਇਸ ਦੌਰਾਨ ਫਿਲਮ ਦੇ ਬਾਕੀ ਕਿਰਦਾਰਾਂ ਬਾਰੇ ਗੱਲਬਾਤ ਕਰਦਿਆਂ ਐਮੀ ਨੇ ਦੱਸਿਆ ਕਿ ਸੋਨਮ ਬਾਜਵਾ ਇਕ ਬਹੁਤ ਹੀ ਵਧੀਆ ਅਦਾਕਾਰਾ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਲਾਜਵਾਬ ਰਿਹਾ। ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਚੰਗੀਆਂ ਲੁਕੇਸ਼ਨਾਂ 'ਤੇ ਕੰਮ ਕੀਤਾ ਗਿਆ ਹੈ ਪਰ ਫਿਲਮ ਦੀ ਸਕ੍ਰਿਪਟ 'ਚ ਅਸਲ ਜਾਨ ਐਮੀ ਵਿਰਕ, ਸੋਨਮ ਬਾਜਵਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ ਸਮੇਤ ਬਾਕੀ ਆਦਾਕਾਰਾ ਨੇ ਹੀ ਪਾਈ ਹੈ। ਕਰਮਜੀਤ ਅਨਮੋਲ ਫਿਲਮ ਵਿਚ ਐਮੀ ਵਿਰਕ ਦੇ ਕਾਲਜ ਦੇ ਦੋਸਤ ਅਤੇ ਉਨ੍ਹਾਂ ਦੇ ਵਿਆਹ ਲਈ ਵਿਚੋਲੇ ਦੀ ਭੂਮਿਕਾ ਵਿਚ ਨਜ਼ਰ ਆਉਣਗੇ।
ਫਿਲਮ ਬਾਰੇ ਗੱਲਬਾਤ ਕਰਦੇ ਹੋਏ 'ਪਟਿਆਲਾ ਮੋਸ਼ਨ ਪਿਕਚਰ' ਦੇ ਮਾਲਕ ਅਮਨੀਤ ਕਾਕੂ ਨੇ ਦੱਸਿਆ ਕਿ ਐਮੀ ਵਿਰਕ ਇਕ ਬਹੁਤ ਵਧੀਆ ਕਲਾਕਾਰ ਹਨ ਅਤੇ ਉਨ੍ਹਾਂ ਦੇ ਪਹਿਲਾਂ ਫਿਲਮਾਂ ਵਿਚ ਕੀਤੇ ਬਾਖੂਬੀ ਕਿਰਦਾਰਾਂ ਨੂੰ ਦੇਖਦੇ ਹੋਏ ਹੀ ਐਮੀ ਨੂੰ ਇਸ ਫਿਲਮ ਲਈ ਚੁਣਿਆ ਗਿਆ ਹੈ। ਕਾਕੂ ਨੇ ਕਿਹਾ ਕਿ ਇਹ ਫਿਲਮ ਬਾਕੀ ਫਿਲਮਾਂ ਤੋਂ ਵੱਖਰੀ ਹੈ ਅਤੇ ਇਹ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗੀ। ਐਮੀ ਨੇ ਦੱਸਿਆ ਕਿ 'ਨਿੱਕਾ ਜ਼ੈਲਦਾਰ' ਜਿਥੇ ਲਗਭਗ ਪੂਰੇ ਭਾਰਤ ਵੈਸਟ ਬੰਗਾਲ, ਕੋਲਕਾਤਾ, ਲਖਨਊ, ਅਤੇ ਯੂ. ਪੀ. ਵਿਚ ਤਾਂ ਰਿਲੀਜ਼ ਹੋਵੇਗੀ ਹੀ ਨਾਲ ਹੀ ਇਸ ਫਿਲਮ ਦੀ ਵਰਲਡਵਾਈਡ ਰਿਲੀਜ਼ਿੰਗ ਪੱਖੋਂ ਪਹਿਲੀ ਵਾਰ ਜਰਮਨੀ, ਸਾਊਥ ਅਫਰੀਕਾ, ਨਾਰਵੇ, ਆਸਟ੍ਰੀਆ ਅਤੇ ਦੁਬਈ ਆਦਿ ਵਿਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।

Tags: ਨਿੱਕਾ ਜ਼ੈਲਦਾਰ Nikka Zaildar ਐਮੀ ਵਿਰਕ Ammy Virk ਸੋਨਮ ਬਾਜਵਾ Sonam Bajwa