FacebookTwitterg+Mail

FTII ਦੇ ਵਿਦਿਆਰਥੀਆਂ ਨੇ ਅਨੁਪਮ ਸਾਹਮਣੇ ਰੱਖੇ ਕਈ ਮੁੱਦੇ

anupam kher
13 October, 2017 12:39:30 PM

ਮੁੰਬਈ (ਬਿਊਰੋ)— ਪੁਣੇ ਦੇ 'ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ' (FTII) ਦੇ ਵਿਦਿਆਰਥੀਆਂ ਨੇ ਨਵੇਂ ਪ੍ਰਧਾਨ ਅਨੁਪਮ ਖੇਰ ਦੇ ਨਾਂ ਖੁੱਲਾ ਖ਼ਤ ਜਾਰੀ ਕੀਤਾ ਹੈ। ਵਿਦਿਆਰਥੀਆਂ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਥੋੜ੍ਹੇ ਸਮੇਂ ਦੇ ਕੋਰਸ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਕਈ ਮੁੱਦਿਆਂ ਵੱਲ ਉਨ੍ਹਾਂ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਹੈ। 62 ਸਾਲਾ ਖੇਰ ਨੂੰ ਬੁੱਧਵਾਰ ਨੂੰ ਐੱਫ.ਟੀ.ਆਈ.ਆਈ ਦਾ ਪ੍ਰਧਾਨ ਬਣਾਇਆ ਗਿਆ। ਇਹ ਅਦਾਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਇਕ ਖ਼ੁਦਮੁਖਤਾਰ ਅਦਾਰਾ ਹੈ। ਵਿਦਿਆਰਥੀਆਂ ਨੇ ਲਿਖਿਆ ਹੈ ਕਿ ਫਿਲਮ ਨਿਰਮਾਣ ਦੇ ਵੱਖ-ਵੱਖ ਪਹਿਲੂਆਂ ਲਈ FTII ਸ਼ੁਰੂ ਕੀਤਾ ਗਿਆ ਸੀ। ਫੰਡ ਉਗਰਾਹੀ ਲਈ ਇਸ ਅਦਾਰੇ ਨੇ ਥੋੜ੍ਹੇ ਸਮੇਂ ਦਾ ਕੋਰਸ ਸ਼ੁਰੂ ਕੀਤਾ ਹੈ।
FTII ਵਿਦਿਆਰਥੀ ਯੂਨੀਅਨ (ਐੱਫਐੱਸਏ) ਦੇ ਪ੍ਰਧਾਨ ਰੋਬਿਨ ਜੈ ਅਤੇ ਜਨਰਲ ਸਕੱਤਰ ਰੋਹਿਤ ਕੁਮਾਰ ਦੇ ਦਸਤਖਤਾਂ ਨਾਲ ਜਾਰੀ ਖ਼ਤ 'ਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਹਾਂ ਕਿ (FTII) ਦੇ ਥੋੜ੍ਹੇ ਸਮੇਂ ਦੇ ਕੋਰਸ 'ਚ ਫਿਲਮ ਨਿਰਮਾਣ 'ਤੇ ਗਿਆਨ ਨਹੀਂ ਦਿੱਤਾ ਜਾ ਸਕਦਾ ਹੈ। ਇੰਨੇ ਘੱਟ ਸਮੇਂ ਵਿਚ ਇਹ ਸੰਭਵ ਨਹੀਂ ਹੈ। ਸਮਾਜ ਦੇ ਸਾਰੇ ਤਬਕਿਆਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਵਾਲੇ ਕਿਸੇ ਸਰਕਾਰੀ ਸੰਸਥਾਨ ਨੂੰ ਫੰਡ ਉਗਰਾਹੀ ਦੇ ਏਜੰਡੇ 'ਤੇ ਕੰਮ ਨਹੀਂ ਕਰਨਾ ਚਾਹੀਦਾ। ਥੋੜ੍ਹੇ ਸਮੇਂ ਦੇ ਕੋਰਸ ਨਾਲ ਸੰਸਥਾਨ ਵਰਤਮਾਨ 'ਚ ਇਸੇ ਟੀਚੇ ਨੂੰ ਪੂਰਾ ਕਰਨ ਵਿਚ ਲੱਗਾ ਹੈ।
ਖ਼ਤ 'ਚ ਐੱਫਐੱਸਏ ਨੇ ਅਦਾਰੇ ਵੱਲੋਂ ਸ਼ੁਰੂ ਕੀਤੇ ਗਏ ਫਾਊਂਡੇਸ਼ਨ ਡੇ ਅਤੇ ਓਪਨ ਡੇ ਵਰਗੇ ਪ੍ਰੋਗਰਾਮਾਂ 'ਤੇ ਇਤਰਾਜ਼ ਕੀਤਾ ਹੈ। ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਪ੍ਰਸ਼ਾਸਨ ਨੇ ਇਨ੍ਹਾਂ ਪ੍ਰੋਗਰਾਮਾਂ 'ਤੇ ਬਹੁਤ ਜ਼ਿਆਦਾ ਖ਼ਰਚ ਕੀਤਾ ਹੈ। ਐੱਫਐੱਸਏ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਲਾਈਟ, ਇਮਾਰਤ ਦੇ ਸਾਹਮਣੇ ਸੈੱਟ ਤਿਆਰ ਕਰਨ ਅਤੇ ਬੁਨਿਆਦੀ ਢਾਂਚੇ 'ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ। ਉਪਕਰਣਾਂ ਦੀ ਖ਼ਰੀਦ ਅਤੇ ਮੁਰੰਮਤ 'ਤੇ ਖ਼ਰਚ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਪਣੇ ਪ੍ਰੋਜੈਕਟ ਨੂੰ ਸਮੇਂ 'ਤੇ ਪੂਰਾ ਕਰਨ ਵਿਚ ਮਦਦ ਮਿਲੇ।


Tags: Anupam Kher Film and Television Institute of India FTII Student Bollywood Actor