FacebookTwitterg+Mail

B'day Spl: ਬੇਬਾਕਤਾ ਦਾ ਬੇਤਾਜ ਬਾਦਸ਼ਾਹ ਹੈ ਬੱਬੂ ਮਾਨ

    1/14
29 March, 2017 10:20:21 AM
ਜਲੰਧਰ— ਪੰਜਾਬੀ ਸੰਗੀਤ ਦੇ ਖੇਤਰ 'ਚ ਅਨੇਕਾਂ ਗੀਤਕਾਰ ਅਤੇ ਗਾਇਕ ਹਨ, ਜਿਹੜੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਲਈ ਆਪੋ ਆਪਣੇ ਗੀਤਾਂ ਰਾਹੀਂ ਉਨ੍ਹਾਂ ਦੀ ਕਚਹਿਰੀ 'ਚ ਹਾਜ਼ਰ ਹੁੰਦੇ ਰਹਿੰਦੇ ਹਨ ਪਰ ਅਜਿਹੇ ਕਲਾਕਾਰ ਬਹੁਤ ਘੱਟ ਹਨ ਜਿੰਨ੍ਹਾਂ ਨੂੰ ਲੋਕਾਂ ਨੇ ਪੱਕੇ ਤੌਰ 'ਤੇ ਆਪਣੇ ਪਿਆਰ ਦਾ ਪਾਤਰ ਬਣਾਇਆ ਹੈ। ਸਰੋਤਿਆਂ ਦੇ ਚਿੱਤ ਨੂੰ ਚੰਗੇ ਲੱਗਣ ਵਾਲੇ ਇਨ੍ਹਾਂ ਟਾਵੇਂ ਟਾਵੇਂ ਗਾਇਕ ਕਲਾਕਾਰਾਂ 'ਚੋਂ ਇੱਕ ਨਾਂ ਬੱਬੂ ਮਾਨ ਦਾ ਵੀ ਹੈ। ਅੱਜ ਗਾਇਕੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ। ਅੱਜ ਬੱਬੂ ਮਾਨ 41 ਸਾਲ ਦਾ ਹੋ ਚੁੱਕਾ ਹੈ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦਾ ਹੈ। ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਹੋਵੇ ਜਾਂ ਧਾਰਮਿਕ ਹੋਵੇ। ਆਪਣੇ ਇਸ ਸੁਭਾਅ ਦੇ ਚਲਦੇ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ 'ਚ ਵੀ ਰਹੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ।
ਜਿੱਥੇ ਉਹ ਗੀਤ ਜਾਂ ਸ਼ੇਅਰ ਜ਼ਰੀਏ ਕਿਸੇ ਮੁੱਦੇ ਪ੍ਰਤੀ ਆਪਣਾ ਨਜ਼ਰੀਆ ਬਿਆਨ ਕਰਦੇ ਹਨ। ਉੱਥੇ ਉਹ ਵਿਵਾਦ ਪੈਦਾ ਹੋਣ ਉਪਰੰਤ ਆਪਣਾ ਪੱਖ ਸਪੱਸ਼ਟ ਕਰਨ ਦਾ ਮਾਦਾ ਵੀ ਰੱਖਦਾ ਹੈ। ਬੱਬੂ ਮਾਨ ਦਾ ਇਹੀ ਬੇਝਿਜਕ, ਨਿਡਰ ਸੁਭਾਅ ਜਿਸ ਦੀ ਝਲਕ ਉਨ੍ਹਾਂ ਦੇ ਗੀਤਾਂ 'ਚ ਆਮ ਹੀ ਦਿਖਾਈ ਦਿੰਦੀ ਰਹਿੰਦੀ ਹੈ ਅਤੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।
ਨਵੇਂ ਸਾਲ ਦੇ ਮੌਕੇ 'ਤੇ ਰਿਲੀਜ਼ ਹੋਏ ਉਨ੍ਹਾਂ ਦੇ ਗੀਤ “ਮੁਰਗੀ“ ਨੂੰ ਸੋਸ਼ਲ ਮੀਡੀਆ 'ਤੇ ਕੁਝ ਗਲਤ ਟਿੱਪਣੀਆਂ ਮਿਲੀਆਂ ਸਨ, ਜਿਨ੍ਹਾਂ ਨੂੰ ਆਧਾਰ ਬਣਾਕੇ ਪੰਜਾਬੀ ਦੇ ਇੱਕ ਅਖਬਾਰ ਨੇ ਖ਼ਬਰ ਛਾਪ ਦਿੱਤੀ ਸੀ ਕਿ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬੱਬੂ ਮਾਨ ਦਾ ਜਾਦੂ ਹੁਣ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ।
ਪੰਜਾਬੀ ਗਾਇਕਾਂ ਦੀ ਭੀੜ 'ਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਚੰਦ ਨਾਂ ਹਨ, ਜਿਹੜੇ ਸਮਾਜ ਦੇ ਪੈਰਾਂ 'ਚ ਖੁੱਭੇ ਸੂਲਾਂ ਵਰਗੇ ਮਸਲਿਆਂ ਨੂੰ ਗੀਤਾਂ 'ਚ ਪਰੋ ਕੇ ਪੇਸ਼ ਕਰਦੇ ਹਨ। ਬੱਬੂ ਮਾਨ ਸਮਾਜ ਦੇ ਅਜਿਹੇ ਚੰਗੇ ਮਾੜੇ ਪਹਿਲੂਆਂ 'ਤੇ ਲਗਭਗ ਆਪਣੇ ਹਰੇਕ ਗੀਤ 'ਚ ਸ਼ਬਦੀ ਚੋਟ ਕਰਦੇ ਹਨ, ਜਿੰਨ੍ਹਾਂ ਨੂੰ ਬਹੁਤੇ ਕਲਮਕਾਰ ਜਾਂ ਗਾਇਕ ਤਾਂ “ਛੱਡ ਪਰ੍ਹੇ,ਆਪਾਂ ਕੀ ਲੈਣਾ“ ਕਹਿਕੇ ਹੱਥ ਨਹੀਂ ਪਾਉਂਦੇ ਤੇ ਕੁਝ ਸੰਗੀਤਕ ਕੰਪਨੀਆਂ ਦੇ ਦਬਾਅ ਥੱਲੇ ਆ ਕੇ ਚੁੱਪ ਵੱਟ ਜਾਂਦੇ ਹਨ। ਵੱਖਰੇ ਵਿਸ਼ਿਆਂ ਬਾਰੇ ਬੇਬਾਕਤਾ ਨਾਲ ਲਿਖਣਾ ਤੇ ਗਾਉਣਾ ਹੀ ਬੱਬੂ ਮਾਨ ਨੂੰ ਬਾਕੀ ਗੀਤਕਾਰਾਂ,ਗਾਇਕਾਂ ਨਾਲੋਂ ਵੱਖਰੀ ਪਹਿਚਾਣ ਦਿੰਦਾ ਹੈ।ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਕਰੀਬ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਨੂੰ ਪ੍ਰਫੁੱਲਿਤ ਕਰਨ 'ਚ ਆਪਣੇ ਵੰਨ ਸੁਵੰਨੇ ਅਤੇ ਠੋਸ ਸੱਚਾਈਆਂ ਦੇ ਨੇੜੇ ਤੇੜੇ ਘੁੰਮਦੇ ਗੀਤਾਂ ਰਾਹੀਂ ਯੋਗਦਾਨ ਪਾ ਰਹੇ ਬੱਬੂ ਮਾਨ ਵਰਗੇ ਦੂਰਅੰਦੇਸ਼ ਫਨਕਾਰ ਲਈ ਦੁਆ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਮਸਲਿਆਂ 'ਤੇ ਚਾਨਣ ਪਾਉਂਦੇ ਨਗਮੇਂ ਸਿਰਜਦਾ ਰਹੇ।

Tags: Babbu MaanBirthdaySajjan Rumaal De Gayaਬੱਬੂ ਮਾਨਜਨਮਦਿਨਬੇਤਾਜ ਬਾਦਸ਼ਾਹ