ਜਲੰਧਰ— ਪਰਿਵਾਰਕ ਗੀਤਾਂ ਨਾਲ ਵਧੀਆ ਪਛਾਣ ਬਣਾਉਣ ਵਾਲੇ ਗਾਇਕ ਬਾਈ ਅਮਰਜੀਤ ਨੇ ਆਪਣੇ ਨਵੇਂ ਗੀਤ 'ਪੰਜ ਕਰੋੜ' ਨਾਲ ਪੰਜਾਬੀ ਗਾਇਕੀ ਸੱਭਿਆਚਾਰ ਨੂੰ ਹੋਰ ਅਮੀਰ ਬਣਾਉਣ ਵੱਲ ਹੰਭਲਾ ਮਾਰਿਆ ਹੈ। ਬਾਈ ਅਮਰਜੀਤ ਦੇ ਆਪਣੇ ਹੀ ਲਿਖੇ ਅਤੇ ਜਸ ਬ੍ਰੋ ਦੇ ਸੰਗੀਤ ਵਾਲੇ ਇਸ ਗੀਤ ਦਾ ਵੀਡੀਓ ਸੰਦੀਪ ਸ਼ਰਮਾ ਨੇ ਤਿਆਰ ਕੀਤਾ ਹੈ। ਪੀ. ਟੀ. ਸੀ. ਮੋਸ਼ਨ ਪਿਕਚਰ ਅਤੇ ਪੀ. ਟੀ. ਸੀ. ਪੰਜਾਬੀ ਵਲੋਂ ਵਰਲਡ ਵਾਈਡ ਰਿਲੀਜ਼ ਕੀਤੇ ਗਏ ਇਸ ਗੀਤ ਦੇ ਯੂ-ਟਿਊਬ 'ਤੇ ਵਿਊ ਦਸ ਲੱਖ ਦੇ ਨੇੜੇ ਪਹੁੰਚ ਗਏ ਹਨ ਪਰ ਬਾਈ ਅਮਰਜੀਤ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਅੰਕੜਿਆਂ 'ਤੇ ਬਹੁਤਾ ਯਕੀਨ ਜਾਂ ਮਾਣ ਨਹੀਂ ਕਰਦਾ, ਉਸ ਨੂੰ ਤਾਂ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਆਮ ਲੋਕ ਉਸ ਦੇ ਗੀਤਾਂ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਸਮੁੱਚੀ ਟੀਮ ਦੀ ਮਿਹਨਤ ਨੂੰ ਸਰੋਤਿਆਂ ਨੇ ਮਾਣ ਬਖਸ਼ਿਆ ਹੈ।