FacebookTwitterg+Mail

ਪਾਲੀਵੁੱਡ ਦੀ ਸਭ ਤੋਂ ਮਹਿੰਗੀ ਫ਼ਿਲਮ ਹੋਵੇਗੀ 'ਭਾਈ ਜੈਤਾ', 20 ਕਰੋੜ ਤੋਂ ਵੱਧ ਹੈ ਬਜਟ

bhai jaita gippy grewal
09 January, 2017 07:18:52 PM
ਜਲੰਧਰ— 'ਭਾਈ ਜੈਤਾ' 20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। ਫ਼ਿਲਮ 'ਚ ਭਾਈ ਜੈਤਾ ਜੀ ਦਾ ਕਿਰਦਾਰ ਗਿੱਪੀ ਗਰੇਵਾਲ ਨਿਭਾਉਣਗੇ। ਉਨ੍ਹਾਂ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ 50 ਤੋਂ ਵੱਧ ਕਲਾਕਾਰ ਇਸ ਫ਼ਿਲਮ ਦਾ ਅਹਿਮ ਹਿੱਸਾ ਬਣਨਗੇ। ਉਂਝ ਫ਼ਿਲਮ 'ਚ 150 ਤੋਂ ਵੱਧ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਲਈ ਗਿੱਪੀ ਗਰੇਵਾਲ ਨੂੰ ਪਹਿਲਾਂ ਆਪਣਾ 10 ਕਿਲੋ ਦੇ ਨੇੜੇ ਭਾਰ ਘਟਾਉਣਾ ਪਵੇਗਾ ਤੇ ਉਸ ਤੋਂ ਬਾਅਦ ਇਹੀ ਭਾਰ ਮੁੜ ਤੋਂ ਵਧਾਉਣਾ ਵੀ ਪਵੇਗਾ। ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਫ਼ਿਲਮ ਦੀ ਸਕ੍ਰਿਪਟ ਤੇ ਸੰਵਾਦ ਸਿਮਰਜੀਤ ਸਿੰਘ ਤੇ ਰਾਸ਼ਿਦ ਰੰਗਰੇਜ ਨੇ ਸਾਂਝੇ ਤੌਰ 'ਤੇ ਲਿਖੇ ਹਨ।
ਦੱਸਣਯੋਗ ਹੈ ਕਿ ਭਾਈ ਜੈਤਾ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਹੱਦ ਕਰੀਬੀ ਸਨ। ਉਹ ਗੁਰੂ ਜੀ ਦੇ ਪ੍ਰਮੁੱਖ ਅੰਗ ਰੱਖਿਅਕ ਸਨ। ਭਾਈ ਜੈਤਾ ਨਾਂ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ ਸੀ। ਭਾਈ ਜੈਤਾ ਜੀ ਹੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲਿਆਏ ਸਨ। ਸਾਲ 1699 'ਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਅੰਮ੍ਰਿਤ ਛਕਾ ਨੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣਾਇਆ ਸੀ। ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ 'ਚ 15 ਤੋਂ ਵੱਧ ਵੱਡੀਆਂ ਲੜਾਈਆਂ ਲੜੀਆਂ ਸਨ। ਭਾਈ ਜੈਤਾ ਸਿੰਘ ਬਾਰੇ ਮਸ਼ਹੂਰ ਸੀ ਕਿ ਉਹ ਜੰਗ ਦੇ ਮੈਦਾਨ 'ਚ ਘੋੜੇ ਦੀ ਲਗਾਮ ਮੂੰਹ 'ਚ ਪਾ ਕੇ ਦੋਵਾਂ ਹੱਥਾਂ ਨਾਲ ਲੜਾਈ ਲੜਦੇ ਸਨ। ਇਸ ਮਹਾਨ ਸੂਰਬੀਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਾ ਆਪਣੇ ਆਪ 'ਚ ਮਹਾਨ ਤੇ ਚੁਣੌਤੀਪੂਰਵਕ ਕਾਰਜ ਹੈ।

Tags: ਗਿੱਪੀ ਗਰੇਵਾਲ Gippy Grewal ਭਾਈ ਜੈਤਾ Bhai Jaita