ਚੰਡੀਗੜ੍ਹ— ਸੋਮਵਾਰ ਨੂੰ ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਫਿਲਮ 'ਭਾਈ ਜੈਤਾ' ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਇਹ ਫਿਲਮ ਰਸ਼ੀਦ ਰੰਗਰੇਜ਼ ਤੇ ਸਿਮਰਜੀਤ ਸਿੰਘ ਦੀ ਲਿਖੀ ਹੋਈ ਹੈ। ਗਿੱਪੀ ਗਰੇਵਾਲ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਮੀਡੀਆ 'ਚ ਤਸਵੀਰਾਂ ਆਈਆਂ। ਸੋਸ਼ਲ ਮੀਡੀਆ 'ਤੇ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ 'ਤੇ ਇਸ ਦਾ ਵਿਰੋਧ ਸਿੱਖ ਭਾਈਚਾਰੇ ਵਲੋਂ ਹੀ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰੇ ਦੇ ਵਿਰੋਧ ਦਾ ਮੁੱਖ ਕਾਰਨ ਗਿੱਪੀ ਗਰੇਵਾਲ ਵਲੋਂ ਪਤਿਤ ਹੋਣ 'ਤੇ ਸਿੱਖ ਇਤਿਹਾਸ ਦੇ ਮਹਾਨ ਗੁਰਸਿੱਖ ਭਾਈ ਜੈਤਾ ਜੀ ਦਾ ਕਿਰਦਾਰ ਨਿਭਾਉਣਾ ਹੈ।
ਇਸੇ ਦੇ ਵਿਰੋਧ 'ਚ ਵੱਖ-ਵੱਖ ਵਰਗਾਂ ਨਾਲ ਜੁੜੇ ਸਿੱਖ ਭਾਈਚਾਰੇ ਦੇ ਲੋਕ ਇਸ ਫਿਲਮ ਦੇ ਵਿਰੋਧ 'ਚ ਆਪੋ-ਆਪਣੇ ਤਰਕ ਦੇ ਰਹੇ ਹਨ। ਇਸ ਦਰਮਿਆਨ ਵਿਰੋਧ ਗਿਆਨੀ ਗੁਰਬਚਨ ਸਿੰਘ ਦਾ ਵੀ ਹੋ ਰਿਹਾ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਸ਼ਿਰਕਤ ਕਰਕੇ ਪੋਸਟਰ ਰਿਲੀਜ਼ ਕੀਤਾ। ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਸਿੱਖ ਕੌਮ ਵਲੋਂ ਤਖਤਾਂ ਦੇ ਜਥੇਦਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਕਾਰਵਾਈ ਤੋਂ ਬਾਅਦ ਸਿੱਖਾਂ ਦੇ ਮਨ 'ਚ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਹੋਰ ਵਧ ਗਿਆ ਹੈ।