FacebookTwitterg+Mail

ਬਾਕਸ ਆਫਿਸ 'ਤੇ ਮੂਧੇ ਮੂੰਹ ਡਿੱਗਾ ਬਾਲੀਵੁੱਡ, ਵਿੱਤੀ ਸਾਲ 2018 'ਚ ਸਿਰਫ 7 ਹਿੱਟ ਫਿਲਮਾਂ

bollywood flop on box office
12 October, 2017 03:06:32 PM

ਮੁੰਬਈ (ਬਿਊਰੋ)— ਬਾਲੀਵੁੱਡ ਲਈ ਬਾਕਸ ਆਫਿਸ 'ਤੇ ਮੌਜੂਦਾ ਵਿੱਤੀ ਸਾਲ ਬੇਹੱਦ ਨਿਰਾਸ਼ਾਜਨਕ ਰਿਹਾ ਹੈ। 1 ਅਪ੍ਰੈਲ ਤੋਂ ਲੈ ਕੇ 30 ਸਤੰਬਰ ਤਕ ਬਾਲੀਵੁੱਡ ਦੀਆਂ ਲਗਭਗ 70 ਫਿਲਮਾਂ (ਏ ਤੇ ਬੀ ਕੈਟਾਗਰੀ) ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਸਿਰਫ 7 ਹਿੱਟ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਾਹਰੁਖ ਤੇ ਸਲਮਾਨ ਖਾਨ ਵਰਗੇ ਸਿਤਾਰੇ ਵੀ ਆਪਣੀਆਂ ਫਿਲਮਾਂ ਲਈ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਨਹੀਂ ਖਿੱਚ ਸਕੇ।
ਸਿਰਫ 'ਟਾਇਲੇਟ : ਏਕ ਪ੍ਰੇਮ ਕਥਾ' ਤੇ 'ਬਦਰੀਨਾਥ ਕੀ ਦੁਲਹਨੀਆ' ਹੀ ਅਕਸ਼ੇ ਕੁਮਾਰ ਤੇ ਵਰੁਣ ਧਵਨ ਵਰਗੇ ਵੱਡੇ ਕਲਾਕਾਰਾਂ ਦੀਆਂ ਹਿੱਟ ਫਿਲਮਾਂ ਰਹੀਆਂ। 'ਹਿੰਦੀ ਮਿਡੀਅਮ', 'ਸ਼ੁਭ ਮੰਗਲ ਸਾਵਧਾਨ', 'ਬਰੇਲੀ ਕੀ ਬਰਫੀ', 'ਸਚਿਨ : ਏ ਬਿਲੀਅਨ ਡਰੀਮਜ਼', 'ਨਿਊਟਨ' ਤੇ 'ਲਿਪਸਟਿਕ ਅੰਡਰ ਮਾਈ ਬੁਰਕਾ 'ਚ ਕੋਈ ਵੀ 'ਏ' ਲਿਸਟ ਦਾ ਕਲਾਕਾਰ ਨਹੀਂ ਹੈ। 2017 ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿਰਫ ਸਟਾਰ ਪਾਵਰ ਹੀ ਫਿਲਮ ਹਿੱਟ ਕਰਵਾਉਣ ਲਈ ਕਾਫੀ ਨਹੀਂ ਹੈ। ਦਰਸ਼ਕ ਹੁਣ ਸਮਝਦਾਰ ਹੋ ਚੁੱਕੇ ਹਨ ਤੇ ਉਹ ਵੱਖ-ਵੱਖ ਜ਼ੋਨਰਸ ਦੀਆਂ ਫਿਲਮਾਂ ਦੇਖਣਾ ਪਸੰਦ ਕਰ ਰਹੇ ਹਨ।
ਕੰਟੈਂਟ ਬਾਕਸ ਆਫਿਸ ਦਾ ਕਿੰਗ ਬਣ ਚੁੱਕਾ ਹੈ। ਹੁਣ 'ਬਾਹੂਬਲੀ 2', 'ਬਦਰੀਨਾਥ ਕੀ ਦੁਲਹਨੀਆ' ਤੇ 'ਹਿੰਦੀ ਮਿਡੀਅਮ' ਵਰਗੀਆਂ ਫਿਲਮਾਂ ਨੂੰ ਹੀ ਲੈ ਲਓ। ਇਨ੍ਹਾਂ ਫਿਲਮਾਂ ਨੇ ਸਾਬਿਤ ਕੀਤਾ ਹੈ ਕਿ ਸੁਪਰਸਟਾਰ ਨਹੀਂ, ਸਗੋਂ ਵਧੀਆ ਕੰਟੈਂਟ ਦੇਖਣਾ ਦਰਸ਼ਕ ਪਸੰਦ ਕਰ ਰਹੇ ਹਨ। ਸਿਰਫ ਖਾਨਜ਼ ਹੀ ਨਹੀਂ, ਦਰਸ਼ਕਾਂ ਨੇ ਅਮਿਤਾਭ ਬੱਚਨ (ਸਰਕਾਰ 3), 'ਸੁਸ਼ਾਂਤ ਸਿੰਘ ਰਾਜਪੂਤ (ਰਾਬਤਾ), 'ਸਿਧਾਰਥ ਮਲਹੋਤਰਾ (ਏ ਜੈਂਟਲਮੈਨ) ਤੇ ਸੋਨਾਕਸ਼ੀ ਸਿਨ੍ਹਾ (ਨੂਰ) ਵਰਗੇ ਏ ਲਿਸਟ ਕਲਾਕਾਰਾਂ ਨੂੰ ਵੀ ਨਕਾਰਿਆ ਹੈ।
ਅਗਾਮੀ ਜਿਨ੍ਹਾਂ ਫਿਲਮਾਂ ਤੋਂ ਸਾਨੂੰ ਉਮੀਦਾਂ ਹਨ, ਉਨ੍ਹਾਂ 'ਚ ਆਮਿਰ ਖਾਨ ਦੀ 'ਸੀਕਰੇਟ ਸੁਪਰਸਟਾਰ', ਅਜੇ ਦੇਵਗਨ ਦੀ 'ਗੋਲਮਾਲ ਅਗੇਨ', ਦੀਪਿਕਾ ਪਾਦੁਕੋਣ ਦੀ 'ਪਦਮਾਵਤੀ' ਤੇ ਸਲਮਾਨ ਖਾਨ ਦੀ 'ਟਾਈਗਰ ਜ਼ਿੰਦਾ ਹੈ' ਸ਼ਾਮਲ ਹਨ।


Tags: Bollywood Movies Flop Baahubali 2 Toilet Ek Prem Katha Badrinath Ki Dulhania