FacebookTwitterg+Mail

'ਕੈਰੀ ਆਨ ਜੱਟਾ 2' ਦੀ ਬਾਕਸ ਆਫ਼ਿਸ ਦੀ ਕਮਾਈ ਨੇ ਪਾਲੀਵੁੱਡ 'ਚ ਇਕ ਨਵਾਂ ਕੀਰਤੀਮਾਨ ਰਚਿਆ

carry on jatta 2
07 June, 2018 03:11:15 PM

ਜਲੰਧਰ (ਬਿਊਰੋ)— ਟਿਕਟ ਖਿੜਕੀ ਦੀ ਕਮਾਈ ਫਿਲਮ ਦੀ ਸਫਲਤਾ ਦਾ ਇਕ ਮਾਪਦੰਡ ਬਣ ਚੁੱਕਾ ਹੈ। ਇਕ ਫਿਲਮ ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ 'ਚ ਸਫਲ ਰਹਿੰਦੀ ਹੈ, ਉਹ ਬਾਕਸ ਆਫ਼ਿਸ ਤੇ ਹਿੱਟ ਮੰਨੀ ਜਾਂਦੀ ਹੈ। ਇਸ ਤਰ੍ਹਾਂ ਦੀ ਫਿਲਮ ਸਿਰਫ ਐਕਟਰਾਂ ਦਾ ਰੁਤਬਾ ਵਧਾਉਣ 'ਚ ਹੀ ਨਹੀਂ, ਸਗੋਂ ਪ੍ਰੋਡਕਸ਼ਨ ਹਾਊਸ ਦੇ ਇਤਬਾਰ ਨੂੰ ਵੀ ਬਰਕਰਾਰ ਰੱਖਣ 'ਚ ਮਦਦ ਕਰਦੀ ਹੈ। ਵਾਈਟ ਹਿੱਲ ਸਟੂਡੀਓਜ਼ ਇਕ ਅਜਿਹਾ ਪ੍ਰੋਡਕਸ਼ਨ ਹਾਊਸ ਹੈ, ਜੋ ਕੁਆਲਿਟੀ 'ਚ ਹੀ ਨਿਵੇਸ਼ ਕਰਦੇ ਹਨ ਤੇ ਨਾਲ-ਨਾਲ ਉਨ੍ਹਾਂ ਪ੍ਰੋਜੈਕਟਾਂ ਨੂੰ ਸਫਲਤਾ ਤੱਕ ਲੈ ਕੇ ਜਾਂਦੇ ਹਨ। ਹੁਣ ਜਿਹੜਾ ਨਿਵੇਕਲਾ ਪ੍ਰੋਜੈਕਟ ਜਿਸ ਨੂੰ ਉਹ ਸੁਪਰਹਿੱਟ ਕੈਟਾਗਰੀ ਤੱਕ ਲੈ ਕੇ ਆਏ ਹਨ, ਉਹ ਹੈ 'ਕੈਰੀ ਆਨ ਜੱਟਾ 2'। ਸਮੀਪ ਕੰਗ ਦੇ ਡਾਇਰੈਕਸ਼ਨ, ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਇਸ ਫਿਲਮ ਨੇ ਬਾਕਸ ਆਫ਼ਿਸ ਦੇ ਟੈਸਟ ਨੂੰ ਸਫਲਤਾਪੂਰਵਕ ਪਾਰ ਕੀਤਾ ਹੈ। ਇਸ ਫਿਲਮ ਨੇ ਪਹਿਲੇ ਤਿੰਨ ਦਿਨਾਂ 'ਚ ਵਰਲਡਵਾਈਡ 20.71 ਕਰੋੜ ਰੁਪਏ ਕਮਾਏ ਹਨ।
'ਕੈਰੀ ਆਨ ਜੱਟਾ' ਵਾਈਟ ਹਿੱਲ ਸਟੂਡੀਓਜ਼ ਦਾ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਹੈ। ਸਾਲ 2012 ਦੀ ਕਾਮੇਡੀ ਫਿਲਮ ਦੇ ਸੀਕੁਅਲ ਬਣਨ 'ਚ ਪੂਰੇ 6 ਸਾਲ ਲੱਗੇ, ਜੋ ਇਕ ਕਲਾਸਿਕ ਅਤੇ ਸਦਾਬਹਾਰ ਅਨੁਭਵ ਰਿਹਾ। ਪਹਿਲੇ ਹਿੱਸੇ ਦੀ ਤਰ੍ਹਾਂ ਹੀ 'ਕੈਰੀ ਆਨ ਜੱਟਾ 2' ਨੇ ਵੀ ਵੱਡੇ ਪਰਦੇ 'ਤੇ ਕਮਾਈ ਦਾ ਇਤਿਹਾਸ ਰਚਿਆ। ਇਸ ਫਿਲਮ ਨੇ ਪਹਿਲੇ ਹੀ ਦਿਨ ਭਾਰਤ 'ਚ 3.61 ਕਰੋੜ ਦੀ ਕਮਾਈ ਕੀਤੀ। ਹੁਣ ਤੱਕ ਪਾਲੀਵੁੱਡ ਫ਼ਿਲਮਾਂ ਨੂੰ ਭਾਸ਼ਾ ਦੀ ਬੰਦਿਸ਼ ਕਰਕੇ ਬਹੁਤ ਹੀ ਸੀਮਤ ਸਕ੍ਰੀਨਿੰਗ ਮਿਲਦੀ ਸੀ ਪਰ ਫਿਰ ਵੀ ਵਾਈਟ ਹਿੱਲ ਸਟੂਡੀਓਜ਼ ਦੇ ਗੁਣਬੀਰ ਸਿੰਘ ਸਿੱਧੂ ਤੇ ਮਾਨਮੋਰਡ ਸਿੱਧੂ ਇਸ ਫਿਲਮ ਨੂੰ ਦਿੱਲੀ, ਕੈਨੇਡਾ, ਯੂ. ਐੱਸ. ਏ., ਯੂ. ਕੇ., ਜਰਮਨੀ, ਆਸਟਰੀਆ, ਇਟਲੀ, ਆਸਟਰੇਲੀਆ, ਨਿਊਜ਼ੀਲੈਂਡ, ਬੈਲਜੀਅਮ ਤੇ ਪਾਕਿਸਤਾਨ 'ਚ ਰਿਲੀਜ਼ ਕੀਤਾ। 'ਕੈਰੀ ਆਨ ਜੱਟਾ 2' ਇਕਲੌਤੀ ਭਾਰਤੀ ਫਿਲਮ ਹੈ, ਜੋ ਰਮਜ਼ਾਨ ਦੇ ਦਿਨਾਂ 'ਚ ਗੁਆਂਢੀ ਮੁਲਕ 'ਚ ਰਿਲੀਜ਼ ਹੋਈ, ਜਦਕਿ ਈਦ ਦੇ ਕਾਰਨ ਸਾਰੀਆਂ ਭਾਰਤੀ ਫ਼ਿਲਮਾਂ ਉਥੇ ਬੈਨ ਸਨ।
Punjabi Bollywood Tadka
'ਕੈਰੀ ਆਨ ਜੱਟਾ 2' ਦੀ ਸਫਲਤਾ ਬਾਰੇ ਦੱਸਦੇ ਹੋਏ ਗੁਣਬੀਰ ਸਿੰਘ ਸਿੱਧੂ ਨੇ ਕਿਹਾ, 'ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਸੀਂ ਸਾਰੀ ਟੀਮ ਨੇ ਬੈਠ ਕੇ ਫਿਲਮ ਦੇ ਵਿਤਰਣ ਬਾਰੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚ ਸਕਦੇ ਹਾਂ। ਮੈਂ ਭਾਰਤੀ ਮਾਰਕੀਟ 'ਤੇ ਜ਼ਿਆਦਾ ਧਿਆਨ ਦਿੱਤਾ ਤੇ ਦਿੱਲੀ-ਪੰਜਾਬ ਦੇ ਅੰਕੜੇ ਇਸ ਚੀਜ਼ ਦਾ ਸਬੂਤ ਹਨ ਕਿ ਅਸੀਂ ਆਪਣੀ ਯੋਜਨਾ ਸਹੀ ਜਗ੍ਹਾ 'ਤੇ ਲਗਾਈ ਹੈ। ਮਾਨਮੋਰਡ ਨੇ ਅੰਤਰਰਾਸ਼ਟਰੀ ਮਾਰਕੀਟ ਵੱਲ ਧਿਆਨ ਦਿੱਤਾ ਤੇ ਇਸ ਵਾਰ ਅਸੀਂ ਕਈ ਅਲੱਗ ਦੇਸ਼ਾਂ 'ਚ ਆਪਣੀਆਂ ਸਕ੍ਰੀਨਜ਼ ਦੀ ਗਿਣਤੀ ਵੀ ਵਧਾਈ ਹੈ। ਅਸੀਂ ਜਿਥੇ ਵੀ ਪੰਜਾਬੀ ਫ਼ਿਲਮਾਂ ਨੂੰ ਪਸੰਦ ਕਰਨ ਵਾਲੇ ਲੋਕ ਹਨ, ਉਨ੍ਹਾਂ ਦਾ ਮਨੋਰੰਜਨ ਕਰਨਾ ਚਾਹੁੰਦੇ ਹਾਂ। ਜਦੋਂ ਲੋਕਾਂ ਵਲੋਂ ਚੰਗਾ ਨਤੀਜਾ ਆਉਣਾ ਸ਼ੁਰੂ ਹੋਇਆ ਤੇ ਲੱਗਾ ਕਿ ਸਾਡੀ ਸਾਰੀ ਮਿਹਨਤ ਤੇ ਪੂੰਜੀ ਦਾ ਸਹੀ ਫਲ ਮਿਲਿਆ।'
ਵਾਈਟ ਹਿੱਲ ਸਟੂਡੀਓਜ਼ ਦੀ ਅੰਤਰਰਾਸ਼ਟਰੀ ਮਾਰਕੀਟ ਸੰਭਾਲਣ ਵਾਲੇ ਮਾਨਮੋਰਡ ਸਿੱਧੂ ਨੇ ਕਿਹਾ, 'ਅਸੀਂ ਆਪਣੇ ਦਰਸ਼ਕਾਂ ਨੂੰ ਉਹ ਸਿਨੇਮਾ ਦਾ ਅਨੁਭਵ ਦੇਣ 'ਚ ਵਿਸ਼ਵਾਸ ਰੱਖਦੇ ਹਾਂ, ਜੋ ਉਹ ਕਦੇ ਨਾ ਭੁੱਲਣ। ਸ਼ਾਇਦ ਇਹੀ ਕਾਰਨ ਸੀ ਕਿ ਅਸੀਂ ਪੂਰੇ 6 ਸਾਲ ਇੰਤਜ਼ਾਰ ਕੀਤਾ ਆਪਣੀ ਸਭ ਤੋਂ ਪਸੰਦੀਦਾ ਫਿਲਮ ਦਾ ਸੀਕੁਅਲ ਪੇਸ਼ ਕਰਨ 'ਚ। ਹੁਣ ਸਾਨੂੰ ਅਲੱਗ-ਅਲੱਗ ਰਿਸਪਾਂਸ ਮਿਲਦੇ ਰਹੇ ਹਨ, ਜਿਵੇਂ 'ਹਾਸਿਆਂ ਦਾ ਪਿਟਾਰਾ', 'ਪਰਿਵਾਰਿਕ ਮਨੋਰੰਜਨ' ਤੇ 'ਪੈਸਾ ਵਸੂਲ ਕਾਮੇਡੀ' ਇਸ ਸਭ ਤੋਂ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡਾ ਸਹੀ ਕਹਾਣੀ ਤੇ ਸਮੇਂ ਦਾ ਇੰਤਜ਼ਾਰ ਬਿਲਕੁਲ ਸਹੀ ਫੈਸਲਾ ਰਿਹਾ। ਬਾਕਸ ਆਫ਼ਿਸ ਦੀ ਕਮਾਈ ਨੇ ਸਾਨੂੰ ਬਹੁਤ ਹੀ ਖੁਸ਼ ਕੀਤਾ ਹੈ। ਆਖਿਰਕਾਰ ਇਹ ਪਿਆਰ ਤੇ ਪ੍ਰਸ਼ੰਸਾ ਹੀ ਹੈ, ਜਿਸ ਲਈ ਅਸੀਂ ਫਿਲਮ ਬਣਾਉਂਦੇ ਹਾਂ।'


Tags: Carry On Jatta 2 Gippy Grewal Sonam Bajwa White Hill Studios

Edited By

Rahul Singh

Rahul Singh is News Editor at Jagbani.