ਮੁੰਬਈ (ਬਿਊਰੋ)— ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਐਕਟਰ ਸੰਨੀ ਦਿਓਲ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਆਪਣੇ ਬੇਟੇ ਕਰਨ ਦਿਓਲ ਨੂੰ ਲਾਂਚ ਕਰਨ ਜਾ ਰਹੇ ਹਨ। ਆਪਣੇ ਜ਼ਮਾਨੇ ਦੇ ਸੁਪਰਸਟਾਰ ਰਹੇ ਧਰਮਿੰਦਰ ਦਾ ਪੋਤਾ ਕਰਨ ਆਪਣੇ ਖਾਨਦਾਨ ਦੇ ਨਾਂ ਨੂੰ ਕਿੰਨਾ ਰੌਸ਼ਨ ਕਰੇਗਾ, ਇਹ ਤਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ। ਦੱਸਣਯੋਗ ਹੈ ਕਿ ਅਭੈ ਦਿਓਲ ਨੂੰ ਜ਼ਿਆਦਾਤਰ ਲੋਕ ਧਰਮਿੰਦਰ ਦੇ ਬੇਟੇ ਦੇ ਰੂਪ 'ਚ ਜਾਣਦੇ ਹਨ ਪਰ ਅਸਲ 'ਚ ਉਹ ਉਨ੍ਹਾਂ ਦੇ ਭਰਾ ਦੇ ਬੇਟੇ ਹਨ।

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਹੈ। ਧਰਿਮੰਦਰ ਨੇ ਪ੍ਰਕਾਸ਼ ਨਾਲ 1954 'ਚ ਵਿਆਹ ਕਰਵਾਇਆ ਸੀ ਤੇ ਦੋਵਾਂ ਦੇ ਚਾਰ ਬੱਚੇ ਸੰਨੀ, ਬੌਬੀ, ਵਿਜੇਤਾ ਤੇ ਅਜੀਤਾ ਹਨ। 81 ਸਾਲ ਦੇ ਧਰਮਿੰਦਰ ਦੀ ਵਿਜੇਤਾ, ਅਜੀਤਾ, ਆਹਨਾ ਤੇ ਈਸ਼ਾ ਚਾਰ ਬੇਟੀਆਂ ਹਨ। ਇਨ੍ਹਾਂ 'ਚੋਂ ਸਿਰਫ ਈਸ਼ਾ ਹੀ ਬਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਨਜ਼ਰ ਆਈ।

ਸੰਨੀ ਦਿਓਲ ਦੀ ਪਤਨੀ ਪੂਜਾ ਚਰਚਾ ਤੋਂ ਦੂਰ ਰਹਿੰਦੀ ਹੈ ਤੇ ਇਨ੍ਹਾਂ ਦੋਵਾਂ ਦੇ ਦੋ ਬੇਟੇ ਹਨ। ਸੰਨੀ ਤੇ ਪੂਜਾ ਦਿਓਲ ਦੇ ਬੇਟੇ ਕਰਨ ਫਿਲਮ 'ਪਲ ਪਲ ਦਿਲ ਪਾਸ' ਨਾਲ ਬਾਲੀਵੁੱਡ ਡੈਬਿਊ ਕਰ ਰਹੇ ਹਨ, ਉਥੇ ਰਾਜਵੀਰ ਫਿਲਮਾਂ 'ਚ ਆਉਣ ਦੀ ਤਿਆਰੀ 'ਚ ਹਨ।