FacebookTwitterg+Mail

ਧੋਨੀ ਦੀ ਬਾਇਓਪਿਕ ਨੂੰ ਪ੍ਰਮੋਟ ਕਰਨ ਲਈ ਜਗ ਬਾਣੀ ਦੇ ਵਿਹੜੇ ਸੁਸ਼ਾਂਤ ਨੇ ਦਿੱਤੀ ਦਸਤਕ, ਦੱਸੀਆਂ ਦਿਲਚਸਪ ਗੱਲਾਂ

dhoni biopic sushant
29 September, 2016 08:05:25 AM
ਨਵੀਂ ਦਿੱਲੀ— ਭਾਰਤੀ ਟੀਮ ਇੰਡੀਆ ਦੇ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ਸੁਨਹਿਰੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਵਿਚ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ ਵਿਚ ਹੈ। ਫਿਲਮ ਲਈ ਸੁਸ਼ਾਂਤ ਨੇ ਕ੍ਰਿਕਟ ਦੀ ਲੱਗਭਗ 13 ਮਹੀਨੇ ਟ੍ਰੇਨਿੰਗ ਲਈ। ਫਿਲਮ ਦੇ ਨਿਰਦੇਸ਼ਕ ਨੀਰਜ ਪਾਂਡੇ ਹਨ। ਫਿਲਮ 'ਚ ਕਿਆਰਾ ਅਡਵਾਨੀ, ਅਨੁਪਮ ਖੇਰ, ਦਿਸ਼ਾ ਪਟਾਨੀ ਅਤੇ ਭੂਮਿਕਾ ਚਾਵਲਾ ਵੀ ਹਨ। ਇਹ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਸੁਸ਼ਾਂਤ ਸਿੰਘ ਰਾਜਪੂਤ ਨੇ ਪੰਜਾਬ ਕੇਸਰੀ/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਆਪਣੇ ਜੀਵਨ ਦਾ ਫਲਸਫਾ ਦੱਸਿਆ, 'ਜੋ ਕੁਝ ਹੈ ਜ਼ਿੰਦਗੀ ਇਸ ਪਲ ਹੈ, ਇਸ ਦੇ ਹਰ ਪਲ ਨੂੰ ਵਰਲਡ ਕੱਪ ਵਾਂਗ ਜੀਓ।' ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
► ਧੋਨੀ ਵਰਗੇ ਖਿਡਾਰੀ ਨੂੰ ਪਰਦੇ 'ਤੇ ਜਿਊਣਾ ਕਿੰਨਾ ਔਖਾ ਰਿਹਾ?
ਜਦੋਂ ਨੀਰਜ ਮੇਰੇ ਕੋਲ ਫਿਲਮ ਦੀ ਕਹਾਣੀ ਲੈ ਕੇ ਆਏ ਸਨ ਤਾਂ ਮੈਨੂੰ ਸਮਝ 'ਚ ਆ ਗਿਆ ਸੀ ਕਿ ਯਕੀਨੀ ਤੌਰ 'ਤੇ ਇਹ ਕਿਰਦਾਰ ਬਹੁਤ ਮੁਸ਼ਕਿਲ ਹੋਣ ਵਾਲਾ ਹੈ ਪਰ ਬਤੌਰ ਅਭਿਨੇਤਾ ਇਹੀ ਤਾਂ ਸਾਡਾ ਕੰਮ ਹੈ ਅਤੇ ਇਸੇ ਲਈ ਸਾਨੂੰ ਪੈਸੇ ਮਿਲਦੇ ਹਨ। ਉਨ੍ਹਾਂ ਦਾ ਕਿਰਦਾਰ ਨਿਭਾਉਣ ਲਈ ਸਿਰਫ ਉਨ੍ਹਾਂ ਦੇ ਖੇਡਣ ਦੇ ਸਟਾਈਲ ਹੀ ਨਹੀਂ ਸਗੋਂ ਉਨ੍ਹਾਂ ਦੀ ਸ਼ਖਸੀਅਤ ਨੂੰ ਵੀ ਬੇਹੱਦ ਨੇੜਿਓਂ ਹੋ ਕੇ ਜਾਣਨ ਦੀ ਲੋੜ ਸੀ। ਇਸ ਲਈ ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਵੀ ਕੀਤੀ। ਹੁਣ ਦਰਸ਼ਕ ਮੇਰੀ ਇਸ ਮਿਹਨਤ ਨੂੰ ਕਿੰਨਾ ਪਸੰਦ ਕਰਦੇ ਹਨ, ਇਸ ਬਾਰੇ ਫਿਲਮ ਦੇ ਰਿਲੀਜ਼ ਹੋਣ 'ਤੇ ਹੀ ਪਤਾ ਲੱਗ ਸਕੇਗਾ।
► ਧੋਨੀ ਦੇ ਕਿਰਦਾਰ ਨੂੰ ਸਮਝਣ ਅਤੇ ਪਰਦੇ 'ਤੇ ਜਿਊਣ ਪਿੱਛੋਂ ਤੁਸੀਂ ਖੁਦ ਨੂੰ ਉਨ੍ਹਾਂ ਦੇ ਕਿੰਨਾ ਨੇੜੇ ਦੇਖਿਆ?
ਜਦੋਂ ਮੈਂ ਧੋਨੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਜਾਣਨਾ ਸ਼ੁਰੂ ਕੀਤਾ ਤਾਂ ਇਕ ਚੀਜ਼ ਜੋ ਮੈਨੂੰ ਬਹੁਤ ਵਧੇਰੇ ਆਮ ਵਰਗੀ ਲੱਗੀ, ਉਹ ਸੀ ਜ਼ਿੰਦਗੀ ਨੂੰ ਦੇਖਣ ਦਾ ਉਨ੍ਹਾਂ ਦਾ ਤਰੀਕਾ। ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਆਪਣੇ ਅੱਜ ਅਤੇ ਹੁਣ ਦੇ ਪਲ 'ਚ ਜਿਊਣਾ ਪਸੰਦ ਹੈ। ਮੈਂ ਕਦੇ ਵੀ ਭਵਿੱਖ ਦੀ ਚਿੰਤਾ ਨਹੀਂ ਕਰਦਾ ਅਤੇ ਕਿਤੇ ਨਾ ਕਿਤੇ ਇਹ ਨਜ਼ਰੀਆ ਮੈਨੂੰ ਧੋਨੀ 'ਚ ਵੀ ਨਜ਼ਰ ਆਉਂਦਾ ਹੈ। ਜਦੋਂ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਮੈਨੂੰ ਉਸ 'ਚ ਮਜ਼ਾ ਨਹੀਂ ਆ ਰਿਹਾ ਸੀ ਤਾਂ ਮੈਂ ਉਸ ਨੂੰ ਅੱਗੇ ਜਾਰੀ ਨਹੀਂ ਰੱਖਿਆ। ਮੈਂ ਉਸ ਸਮੇਂ ਇਹ ਨਹੀਂ ਸੋਚ ਰਿਹਾ ਸੀ ਕਿ ਮੈਂ ਅੱਗੇ ਜਾ ਕੇ ਫਿਲਮਾਂ 'ਚ ਹੀਰੋ ਬਣਾਂਗਾ, ਇਸ ਲਈ ਪੜ੍ਹਾਈ ਛੱਡ ਦਿੰਦਾ ਹਾਂ। ਉਸ ਸਮੇਂ ਮੈਨੂੰ ਥਿਏਟਰ 'ਚ ਕੰਮ ਕਰਨਾ ਚੰਗਾ ਲੱਗਦਾ ਸੀ ਅਤੇ ਮੈਂ ਉਸੇ ਨੂੰ ਅੱਗੋਂ ਵੀ ਜਾਰੀ ਰੱਖਣ ਬਾਰੇ ਸੋਚਿਆ। ਅਜਿਹਾ ਹੀ ਕੁਝ ਧੋਨੀ ਦੀ ਜ਼ਿੰਦਗੀ 'ਚ ਵੀ ਸੀ। ਉਨ੍ਹਾਂ ਦਾ ਜਨੂੰਨ ਉਨ੍ਹਾਂ ਲਈ ਨਵੀਂ ਸਵੇਰ ਲੈ ਕੇ ਆਇਆ।
► ਫਿਲਮ ਲਈ ਤੁਸੀਂ ਸਾਬਕਾ ਕ੍ਰਿਕਟਰ ਕਿਰਨ ਮੋਰੇ ਕੋਲੋਂ ਟ੍ਰੇਨਿੰਗ ਲਈ ਸੀ, ਕਿਹੋ ਜਿਹਾ ਰਿਹਾ ਤਜਰਬਾ?
ਮੈਂ ਲੱਗਭਗ 13 ਮਹੀਨੇ ਤਕ ਉਨ੍ਹਾਂ ਤੋਂ ਟ੍ਰੇਨਿੰਗ ਲਈ। ਸ਼ੁਰੂਆਤ ਦੇ 6 ਮਹੀਨੇ ਤਾਂ ਉਨ੍ਹਾਂ ਨੇ ਮੈਨੂੰ ਧੋਨੀ ਦਾ ਇਕ ਵੀ ਮੈਚ ਨਹੀਂ ਦੇਖਣ ਦਿੱਤਾ। ਕ੍ਰਿਕਟਰ ਵਾਂਗ ਮੈਨੂੰ ਕ੍ਰਿਕਟ ਨਾਲ ਜੁੜੀ ਹਰ ਛੋਟੀ-ਵੱਡੀ ਗੱਲ ਸਿਖਾਈ। ਇਸ ਤੋਂ ਬਾਅਦ ਲੱਗਭਗ 6 ਮਹੀਨੇ ਲੱਗ ਗਏ ਮੈਨੂੰ ਧੋਨੀ ਵਾਂਗ ਬੈਟਿੰਗ ਸਿੱਖਣ 'ਚ। ਜਦੋਂ ਮੈਂ ਟ੍ਰੇਨਿੰਗ ਲੈ ਰਿਹਾ ਸੀ ਤਾਂ ਮੋਰੇ ਸਰ ਨੇ ਇਕ ਦਿਨ ਵੀ ਅਭਿਨੇਤਾ ਮੰਨ ਕੇ ਮੇਰੇ ਨਾਲ ਵਰਤਾਓ ਨਹੀਂ ਕੀਤਾ। ਜਦੋਂ ਮੈਂ ਮੈਦਾਨ 'ਚ ਹੁੰਦਾ ਸੀ ਤਾਂ ਮੈਂ ਉਨ੍ਹਾਂ ਲਈ ਇਕ ਖਿਡਾਰੀ ਹੁੰਦਾ ਸੀ। ਹਰ ਰੋਜ਼ ਮੈਂ ਲੱਗਭਗ 6 ਘੰਟੇ ਮੈਦਾਨ 'ਚ ਬਿਤਾਉਂਦਾ ਸੀ ਅਤੇ ਇਸ ਦੌਰਾਨ ਮੈਨੂੰ ਤਿੰਨ ਵਾਰ ਡ੍ਰੈੱਸ ਬਦਲਣੀ ਪੈਂਦੀ ਸੀ ਕਿਉਂਕਿ ਉਹ ਪਸੀਨੇ ਨਾਲ ਭਿੱਜ ਜਾਂਦੀ ਸੀ।
► ਜੇ ਭਵਿੱਖ 'ਚ ਕਿਸੇ ਬਾਇਓਪਿਕ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕਿਸ ਨੂੰ ਚੁਣੋਗੇ ਤੁਸੀਂ?
ਜੇ ਅਗਲੀ ਵਾਰ ਮੈਨੂੰ ਕਿਸੇ ਦੀ ਬਾਇਓਪਿਕ ਕਰਨ ਦਾ ਮੌਕਾ ਮਿਲੇਗਾ ਅਤੇ ਮੈਨੂੰ ਇਸ ਨੂੰ ਖੁਦ ਚੁਣਨ ਲਈ ਕਿਹਾ ਜਾਵੇਗਾ ਤਾਂ ਮੈਂ ਮੁਜੀਕਾਂਤ ਪੇਡਕਰ ਨੂੰ ਵੱਡੇ ਪਰਦੇ 'ਤੇ ਜਿਊਣਾ ਚਾਹਾਂਗਾ। ਜਦੋਂ ਉਹ 8 ਸਾਲ ਦੇ ਸਨ ਤਾਂ ਦੰਗਿਆਂ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਾੜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਫੌਜ ਨੇ ਅਡਾਪਟ ਕਰ ਲਿਆ ਅਤੇ ਬਾਕਸਿੰਗ ਦੀ ਸਿਖਲਾਈ ਦਿੱਤੀ। ਉਹ 19 ਸਾਲ 'ਚ ਚੈਂਪੀਅਨ ਬਣੇ। ਉਨ੍ਹਾਂ ਦਿਨਾਂ 'ਚ 1965 ਦੀ ਲੜਾਈ ਸ਼ੁਰੂ ਹੋ ਗਈ। ਉਨ੍ਹਾਂ ਨੂੰ 7 ਗੋਲੀਆਂ ਵੱਜੀਆਂ ਪਰ ਜਾਨ ਬਚ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵ੍ਹੀਲਚੇਅਰ 'ਤੇ ਸਿਮਟ ਗਈ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਤੈਰਾਕੀ 'ਚ ਸਿਖਲਾਈ ਲਈ ਅਤੇ ਉਹ ਪਹਿਲੇ ਭਾਰਤੀ ਬਣੇ, ਜਿਨ੍ਹਾਂ ਨੂੰ ਕਾਮਨਵੈਲਥ ਖੇਡਾਂ 'ਚ ਤੈਰਾਕੀ 'ਚ ਗੋਲਡ ਮਿਲਿਆ।
► ਸ਼ਿਆਮਕ ਡਾਵਰ ਦੇ ਡਾਂਸ ਗਰੁੱਪ ਦੇ ਇਕ ਡਾਂਸਰ ਤੋਂ ਲੈ ਕੇ ਬਾਲੀਵੁੱਡ ਸਟਾਰ ਬਣਨ ਤੱਕ ਦੇ ਆਪਣੇ ਸਫਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਦੋਂ ਮੈਂ ਇੰਜੀਨੀਅਰਿੰਗ ਛੱਡ ਕੇ ਡਾਂਸ ਅਤੇ ਥਿਏਟਰ ਸ਼ੁਰੂ ਕੀਤਾ ਸੀ ਤਾਂ ਮੇਰਾ ਕੋਈ ਸੁਪਨਾ ਨਹੀਂ ਸੀ। ਮੈਂ ਸਿਰਫ ਉਹੀ ਕੰਮ ਕਰਨਾ ਚਾਹੁੰਦਾ ਸੀ, ਜਿਸ ਨੂੰ ਕਰਨ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਅਤੇ ਮੈਂ ਉਹੀ ਕੀਤਾ। ਮੇਰਾ ਇਹ ਮੰਨਣਾ ਹੈ ਕਿ ਅੱਜ ਇਥੇ ਬੈਠ ਕੇ ਇਸ ਸਫਰ ਨੂੰ ਲੈ ਕੇ ਕੁਝ ਵੀ ਕਹਿਣਾ ਬਹੁਤ ਸੌਖਾ ਹੈ ਪਰ ਜਦੋਂ ਮੈਂ ਆਪਣੀ ਜ਼ਿੰਦਗੀ 'ਚ ਇਹ ਫੈਸਲੇ ਲੈ ਰਿਹਾ ਸੀ ਤਾਂ ਲੋਕ ਮੈਨੂੰ ਪਾਗਲ ਸਮਝਦੇ ਸਨ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿਣਗੇ? ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ, ਜੋ ਮੇਰਾ ਦਿਲ ਕਹਿੰਦਾ ਹੈ।
► ਫਿਲਮ 'ਚ ਅੱਜ ਦੀ ਨੌਜਵਾਨ ਪੀੜ੍ਹੀ ਲਈ ਕੀ ਸੰਦੇਸ਼ ਹੈ?
ਨੌਜਵਾਨਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਮਾਪਿਆਂ ਲਈ ਵੀ ਇਕ ਸੰਦੇਸ਼ ਹੈ, ਜੋ ਅਕਸਰ ਆਪਣੇ ਬੱਚਿਆਂ ਨੂੰ ਉਹ ਕੰਮ ਕਰਨ ਤੋਂ ਰੋਕਦੇ ਹਨ, ਜਿਸ ਨੂੰ ਬੱਚੇ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਜੇ ਤੁਸੀਂ ਬੱਚਿਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਕੰਮ ਕਰਨ ਦਿਓਗੇ ਤਾਂ ਉਹ ਤੁਹਾਡੇ ਤੋਂ ਖੁਸ਼ ਤਾਂ ਹੋਣਗੇ ਹੀ, ਨਾਲ ਹੀ ਜ਼ਿੰਦਗੀ ਕੱਟਣ ਦੀ ਥਾਂ ਉਸ ਨੂੰ ਜਿਊਣਾ ਸ਼ੁਰੂ ਕਰ ਦੇਣਗੇ। ਸਾਨੂੰ ਇਕ ਹੀ ਜ਼ਿੰਦਗੀ ਮਿਲਦੀ ਹੈ ਅਤੇ ਇਸ ਨੂੰ ਸਾਨੂੰ ਜੀਅ ਭਰ ਕੇ ਜਿਊਣਾ ਚਾਹੀਦਾ ਹੈ।


Tags: ਧੋਨੀਬਾਇਓਪਿਕਸੁਸ਼ਾਂਤdhonibiopicsushant