FacebookTwitterg+Mail

ਸਮਾਜ 'ਤੇ ਕਰਾਰੀ ਸੱਟ ਹੈ 'ਪਿੰਕ', ਜੋ ਤੁਹਾਨੂੰ ਝੰਜੋੜ ਕੇ ਰੱਖ ਦੇਵੇਗੀ

film pink amitabh social drama
16 September, 2016 07:33:47 AM
ਨਵੀਂ ਦਿੱਲੀ— ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਫਿਲਮੀ ਪਰਦੇ 'ਤੇ ਆਪਣੇ ਦਰਸ਼ਕਾਂ ਲਈ ਬੇਹੱਦ ਖਾਸ ਫਿਲਮ ਲੈ ਕੇ ਆ ਰਹੇ ਹਨ। 'ਬਲੈਕ' ਦਿਖਾਉਣ ਤੋਂ ਬਾਅਦ ਅਮਿਤਾਭ ਬੱਚਨ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਰੰਗ ਦੇ ਅਨੋਖੇ ਰੂਪ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਨ ਅਤੇ ਇਹ ਰੰਗ ਹੈ ਪਿੰਕ। ਅੱਜ ਵੱਡੇ ਪਰਦੇ 'ਤੇ ਅਨੀਰੁੱਧ ਰਾਏ ਚੌਧਰੀ ਨਿਰਦੇਸ਼ਤ ਅਤੇ ਸ਼ੂਜੀਤ ਸਰਕਾਰ ਨਿਰਮਿਤ ਫਿਲਮ 'ਪਿੰਕ' ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇਕ ਸਮਾਜਿਕ ਥ੍ਰਿਲਰ ਹੈ, ਜੋ ਅੱਜ ਦੇ ਸਮੇਂ ਦੀ ਨੈਤਿਕਤਾ 'ਤੇ ਸਵਾਲ ਖੜ੍ਹੇ ਕਰਦੀ ਹੈ। ਫਿਲਮ ਦੇ ਅਖੀਰ ਵਿਚ ਅਮਿਤਾਭ ਬੱਚਨ ਦੀ ਆਵਾਜ਼ ਵਿਚ ਪੇਸ਼ 'ਪਿੰਕ ਪੋਇਮ' ਵਿਚ ਫਿਲਮ ਦਾ ਸਾਰ ਅਤੇ ਸੰਵੇਦਨਾ ਹੈ, ਜੋ ਤੁਹਾਨੂੰ ਝੰਜੋੜ ਕੇ ਰੱਖ ਦੇਵੇਗੀ। 'ਤੂ ਖੁਦ ਕੀ ਖੋਜ ਮੇਂ ਨਿਕਲ ਤੂ ਕਿਸ ਲੀਏ ਹਤਾਸ਼ ਹੈ। ਤੂ ਚਲ ਤੇਰੇ ਵਜੂਦ ਕੀ ਸਮੇਂ ਕੋ ਭੀ ਤਲਾਸ਼ ਹੈ।' 'ਪਿੰਕ' ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਦਿੱਲੀ ਪਹੁੰਚੇ ਅਮਿਤਾਭ ਬੱਚਨ, ਸ਼ੂਜੀਤ ਸਰਕਾਰ, ਐਂਡ੍ਰਿਆ ਤੋਰੀਯਾਂਗ ਅਤੇ ਅੰਗਦ ਬੇਦੀ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਕੁਝ ਅੰਸ਼-
► ਜਦੋਂ ਤੁਹਾਨੂੰ ਫਿਲਮ ਆਫਰ ਕੀਤੀ ਗਈ ਸੀ ਤਾਂ ਸਕ੍ਰਿਪਟ ਵਿਚ ਅਜਿਹਾ ਕੀ ਖਾਸ ਲੱਗਿਆ, ਜਿਸ ਨੇ ਤੁਹਾਨੂੰ ਹਾਂ ਕਹਿਣ ਲਈ ਮਜਬੂਰ ਕਰ ਦਿੱਤਾ?
ਅਮਿਤਾਭ ਬੱਚਨ: ਦਰਅਸਲ ਮੇਰੇ ਕੋਲ ਫਿਲਮ ਦੀ ਸਕ੍ਰਿਪਟ ਨਹੀਂ ਆਈ ਸੀ, ਮੇਰੇ ਕੋਲ ਸ਼ੂਜੀਤ ਇਕ ਆਈਡੀਆ ਨਾਲ ਆਏ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰੇ ਦਿਮਾਗ ਵਿਚ ਇਸ ਤਰ੍ਹਾਂ ਦੀ ਕਹਾਣੀ ਚੱਲ ਰਹੀ ਹੈ, ਮੈਂ ਉਨ੍ਹਾਂ ਦੀ ਇਹ ਕਹਾਣੀ ਸੁਣੀ ਅਤੇ ਇਹ ਮੇਰੇ ਦਿਲ ਨੂੰ ਇਸ ਤਰ੍ਹਾਂ ਛੂਹ ਗਈ ਕਿ ਮੈਂ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਹਾਂ। ਉਸ ਸਮੇਂ ਤਾਂ ਮੈਂ ਵੀ ਇਹ ਨਹੀਂ ਜਾਣਦਾ ਸੀ ਕਿ ਫਿਲਮ ਨੂੰ ਨਿਰਦੇਸ਼ਿਤ ਕੌਣ ਕਰੇਗਾ ਜਾਂ ਇਸ ਵਿਚ ਮੇਰੇ ਨਾਲ ਕਿਹੜੇ ਕਲਾਕਾਰ ਕੰਮ ਕਰਨਗੇ। ਮੈਨੂੰ ਫਿਲਮ ਦਾ ਵਿਸ਼ਾ ਬਹੁਤ ਪਸੰਦ ਆਇਆ ਸੀ, ਇਸ ਲਈ ਮੈਂ ਸੋਚ ਲਿਆ ਸੀ ਕਿ ਮੈਂ ਇਸ ਵਿਚ ਕੰਮ ਕਰਨਾ ਹੈ।
► ਫਿਲਮ ਵਿਚ ਤੁਹਾਡੇ ਲਈ ਸਭ ਤੋਂ ਵੱਧ ਮੁਸ਼ਕਲ ਕੀ ਰਿਹਾ?
ਹਰ ਫਿਲਮ ਆਪਣੇ ਨਾਲ ਇਕ ਚੈਲੰਜ ਲੈ ਕੇ ਆਉਂਦੀ ਹੈ। ਜ਼ਿੰਦਗੀ ਦਾ ਨਿਯਮ ਹੈ ਕਿ ਤੁਹਾਨੂੰ ਹਰ ਦਿਨ ਆਪਣੇ-ਆਪ ਵਿਚ ਕੁਝ ਬਦਲਾਅ ਕਰਨਾ ਅਤੇ ਕੁਝ ਨਵਾਂ ਸਿੱਖਣਾ ਚਾਹੀਦਾ ਹੈ। ਮੈਂ ਵੀ ਆਪਣੀ ਹਰ ਫਿਲਮ ਨਾਲ ਕੁਝ ਨਾ ਕੁਝ ਸਿੱਖਦਾ ਹਾਂ। ਫਿਲਮ ਵਿਚ ਮੈਂ ਇਕ ਵਕੀਲ ਦੇ ਕਿਰਦਾਰ ਵਿਚ ਹਾਂ। ਇਕ ਵਕੀਲ ਦੇ ਲਹਿਜੇ ਨੂੰ ਆਪਣੇ ਅੰਦਰ ਲਿਆਉਣਾ ਇਕ ਚੈਲੰਜ ਸੀ।
► ਫਿਲਮਾਂ ਵਿਚ ਹੁਣ ਰੂਰਲ ਏਰੀਆ ਪੱਛੜਦਾ ਜਾ ਰਿਹਾ ਹੈ, ਇਸ 'ਤੇ ਕੀ ਕਹੋਗੇ?
ਫਿਲਮ ਇੰਡਸਟਰੀ ਦੀ ਸਭ ਤੋਂ ਖਾਸ ਗੱਲ ਇਹੀ ਹੈ ਕਿ ਉਹ ਹਰ ਦੌਰ ਨੂੰ ਖੁਦ ਵਿਚ ਬੜੇ ਹੀ ਆਰਾਮ ਨਾਲ ਸਮੇਟ ਲੈਂਦਾ ਹੈ। ਜਦੋਂ ਪਹਿਲੀ ਵਾਰ ਬਾਲੀਵੁੱਡ ਵਿਚ ਫਿਲਮ ਬਣੀ ਸੀ ਉਸ ਸਮੇਂ ਦੇਸ਼ ਵਿਚ ਅੰਗਰੇਜ਼ਾਂ ਦਾ ਸ਼ਾਸਨ ਸੀ ਪਰ ਇੰਡਸਟਰੀ ਨੇ ਫਿਲਮਾਂ ਰਾਹੀਂ ਹਮੇਸ਼ਾ ਬਦਲਾਅ ਨੂੰ ਦਿਖਾਇਆ। ਇਸ ਤੋਂ ਬਾਅਦ ਕਿਸਾਨਾਂ ਦਾ ਇਕ ਦੌਰ ਆਇਆ, ਫਿਰ ਦੌਰ ਆਇਆ ਡਾਕੂਆਂ ਦਾ। ਹੁਣ ਭਲਾ ਅੱਜ ਦੀ ਤਰੀਕ ਵਿਚ ਅਸੀਂ ਡਾਕੂਆਂ ਨੂੰ ਫਿਲਮਾਂ ਦਾ ਵਿਲੇਨ ਬਣਾ ਦੇਵਾਂਗੇ ਤਾਂ ਦਰਸ਼ਕਾਂ ਲਈ ਇਹ ਹਜ਼ਮ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ। ਫਿਲਮਾਂ ਸਮਾਜ ਦਾ ਆਈਨਾ ਹੁੰਦੀਆਂ ਹਨ, ਇਸ ਲਈ ਫਿਲਮਾਂ ਲਈ ਵਿਸ਼ਾ ਵੀ ਓਹੀ ਚੁਣਿਆ ਜਾਂਦਾ ਹੈ, ਜੋ ਇਸ ਦੌਰ ਵਿਚ ਰਵਾਇਤ ਵਿਚ ਹੈ। ਹੁਣ ਸਾਡੇ ਦੇਸ਼ ਦਾ ਪਿੰਡ, ਪਿੰਡ ਨਹੀਂ ਰਿਹਾ ਸਗੋਂ ਸਮਾਰਟ ਵਿਲੇਜ ਬਣਦਾ ਜਾ ਰਿਹਾ ਹੈ।
► ਫਿਲਮ ਵਿਚ ਮਹਿਲਾ ਸਸ਼ਕਤੀਕਰਨ ਦੇ ਮੁੱਦੇ ਨੂੰ ਕਿਸ ਤਰ੍ਹਾਂ ਉਠਾਇਆ ਗਿਆ ਹੈ?
ਸ਼ੂਜੀਤ ਸਰਕਾਰ : ਇਸ ਫਿਲਮ ਵਿਚ ਮਹਿਲਾ ਸਸ਼ਕਤੀਕਰਨ ਦੇ ਮੁੱਦੇ ਨੂੰ ਇਕ ਵੱਖਰੇ ਤਰੀਕੇ ਨਾਲ ਉਠਾਇਆ ਗਿਆ ਹੈ, ਜਿਸ ਵਿਚ ਸਿਰਫ ਔਰਤਾਂ ਹੀ ਨਹੀਂ ਸਗੋਂ ਪੂਰੇ ਸਮਾਜ ਵਿਚ ਫੈਲੀ ਗੰਦਗੀ ਨੂੰ ਦਿਖਾਇਆ ਗਿਆ ਹੈ। ਇਸ ਵਿਚ ਸਿਰਫ ਰੇਪ ਦੇ ਮਾਮਲੇ 'ਤੇ ਹੀ ਫੋਕਸ ਨਹੀਂ ਕੀਤਾ ਗਿਆ। ਜਦੋਂ ਦਰਸ਼ਕ ਇਸ ਫਿਲਮ ਨੂੰ ਦੇਖਣਗੇ ਤਾਂ ਇਹ ਸਮਝ ਵਿਚ ਆਵੇਗਾ ਕਿ ਅਖੀਰ ਕਿਵੇਂ ਬੇਹੱਦ ਵੱਖਰੇ ਐਂਗਲ ਨਾਲ ਇਸ ਨੂੰ ਦਰਸਾਇਆ ਗਿਆ ਹੈ।
► ਫਿਲਮ ਦੇ ਕੁਝ ਦ੍ਰਿਸ਼ਾਂ ਦੀ 'ਦਾਮਿਨੀ' ਨਾਲ ਤੁਲਨਾ ਕੀਤੀ ਜਾ ਰਹੀ ਹੈ, ਇਹ ਉਸ ਤੋਂ ਕਿਵੇਂ ਵੱਖ ਹੈ?
ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਹਾਲੇ ਤੱਕ ਦਾਮਿਨੀ ਦੇਖੀ ਨਹੀਂ ਹੈ, ਇਸ ਲਈ ਮੈਂ ਉਸ ਫਿਲਮ ਬਾਰੇ ਕੁਝ ਨਹੀਂ ਕਹਿ ਸਕਾਂਗਾ ਪਰ ਹਾਂ ਮੈਨੂੰ ਸੁਣਨ ਵਿਚ ਜ਼ਰੂਰ ਆਇਆ ਹੈ ਕਿ ਉਸ ਫਿਲਮ ਵਿਚ ਵੀ ਕੁਝ ਕੋਰਟ ਦੇ ਦ੍ਰਿਸ਼ ਹਨ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਫਿਲਮ ਬਿਲਕੁਲ ਵੱਖ ਹੈ। ਦੇਖੋ ਹਰ ਇਕ ਕੋਰਟ ਕੇਸ ਦਾ ਇਕ ਵੱਖਰਾ ਟ੍ਰੀਟਮੈਂਟ ਹੁੰਦਾ ਹੈ। ਠੀਕ ਉਸੇ ਤਰ੍ਹਾਂ ਇਸ ਫਿਲਮ ਵਿਚ ਹੈ। ਜਦੋਂ ਤੁਸੀਂ ਫਿਲਮ ਨੂੰ ਦੇਖੋਗੇ ਤਾਂ ਤੁਹਾਨੂੰ ਇਕ ਪਲ ਲਈ ਵੀ ਅਜਿਹਾ ਨਹੀਂ ਲੱਗੇਗਾ ਕਿ ਇਹ ਕਿਸੇ ਫਿਲਮ ਦਾ ਸੀਨ ਹੈ ਸਗੋਂ ਤੁਹਾਨੂੰ ਲੱਗੇਗਾ ਮੰਨੋ ਸੱਚਮੁੱਚ ਸੈਸ਼ਨ ਕੋਰਟ ਵਿਚ ਬੈਠੇ ਕਿਸੇ ਕੇਸ ਦੀ ਸੁਣਵਾਈ ਚੱਲ ਰਹੀ ਹੈ।
► ਤੁਹਾਡੀ ਇਹ ਪਹਿਲੀ ਹਿੰਦੀ ਫਿਲਮ ਹੈ, ਇਸ ਵਿਚ ਬਿੱਗ ਬੀ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਅਨੀਰੁੱਧ ਰਾਏ ਚੌਧਰੀ : ਮੈਂ ਆਪਣੇ-ਆਪ ਨੂੰ ਬਹੁਤ ਲੱਕੀ ਮੰਨਦਾ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ। ਉਂਝ ਇਹ ਸਭ ਮੇਰੇ ਕਾਰਨ ਨਹੀਂ ਸਗੋਂ ਸ਼ੂਜੀਤ ਕਾਰਨ ਹੋ ਸਕਿਆ ਹੈ। ਬਾਲੀਵੁੱਡ ਵਿਚ ਡੈਬਿਊ ਉਹ ਵੀ ਸਦੀ ਦੇ ਮਹਾਨਾਇਕ ਨਾਲ ਤਾਂ ਇਸ ਤੋਂ ਵੱਡੀ ਗੱਲ ਤਾਂ ਕੋਈ ਹੋ ਹੀ ਨਹੀਂ ਸਕਦੀ। ਉਹ ਇੰਨੇ ਵਧੀਆ ਕਲਾਕਾਰ ਹਨ ਕਿ ਉਨ੍ਹਾਂ ਨਾਲ ਕੰਮ ਕਰਨਾ ਆਪਣੇ-ਆਪ ਵਿਚ ਸਿੱਖਿਆ ਹੈ।
► ਨਵੇਂ ਅਦਾਕਾਰ ਦੇ ਤੌਰ 'ਤੇ ਕਿੰਨਾ ਮੁਸ਼ਕਲ ਰਿਹਾ ਇੰਡਸਟਰੀ ਵਿਚ ਥਾਂ ਬਣਾਉਣਾ?
ਅੰਗਦ ਬੇਦੀ (ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਬੇਟਾ) : ਮੈਂ ਬਾਲੀਵੁੱਡ ਤੋਂ ਨਹੀਂ ਹਾਂ ਅਤੇ ਜਦੋਂ ਇੰਡਸਟਰੀ ਵਿਚ ਆਇਆ ਸੀ ਤਾਂ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਸੀ ਪਰ ਬਾਲੀਵੁੱਡ ਵਿਚ ਸਾਰਿਆਂ ਲਈ ਥਾਂ ਹੈ। ਜੇ ਤੁਹਾਡੇ ਵਿਚ ਟੈਲੇਂਟ ਹੈ ਅਤੇ ਮੌਕਾ ਮਿਲਣ 'ਤੇ ਤੁਸੀਂ ਖੁਦ ਨੂੰ ਸਾਬਤ ਕਰ ਦਿਓ ਤਾਂ ਕੋਈ ਵੀ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ। ਅਜਿਹਾ ਹੋ ਸਕਦਾ ਹੈ ਕਿ ਥੋੜ੍ਹਾ ਸਮਾਂ ਲੱਗ ਸਕਦਾ ਹੈ ਤੁਹਾਨੂੰ ਸਫਲਤਾ ਮਿਲਣ ਵਿਚ ਪਰ ਮਿਲੇਗੀ ਜ਼ਰੂਰ।

Tags: ਅਮਿਤਾਭਸਮਾਜਪਿੰਕpinkamitabhsocial