FacebookTwitterg+Mail

ਭਾਰਤ 'ਚ ਪਹਿਲੀ ਵਾਰ ਹੋਵੇਗਾ 'ਪੰਜਾਬੀ ਵਿਰਸਾ 2015'

first time punjabi virsa will be held in india
27 November, 2015 04:22:48 PM
ਜਲੰਧਰ- ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੀ ਯਾਦ ਵਿਚ 24ਵਾਂ ਹਾਸ਼ਮ ਸ਼ਾਹ ਯਾਦਗਾਰੀ ਸੱਭਿਆਚਾਰਕ ਮੇਲਾ ਉਨ੍ਹਾਂ ਦੇ ਜੱਦੀ ਅਤੇ ਮਾਝੇ ਦੇ ਸਭ ਤੋਂ ਵੱਡੇ ਪਿੰਡ ਜਗਦੇਵ ਕਲਾਂ ਵਿਖੇ 27-28 ਨਵੰਬਰ ਨੂੰ ਹੋ ਰਿਹਾ ਹੈ। ਇਸ ਵਾਰ ਮੇਲੇ ਦੀ ਸਭ ਤੋਂ ਵਿਲੱਖਣ ਵੰਨਗੀ ਦੁਨੀਆ ਭਰ ਵਿਚ ਮਸ਼ਹੂਰ 'ਪੰਜਾਬੀ ਵਿਰਸਾ 2015' ਪਹਿਲੀ ਵਾਰ ਭਾਰਤ ਦੇ ਕਿਸੇ ਪਿੰਡ ਵਿਚ 28 ਨਵੰਬਰ ਨੂੰ ਹੋਣ ਜਾ ਰਿਹਾ ਹੈ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਤਿੰਨੇ ਭਰਾ ਪਹਿਲੀ ਵਾਰ ਇਕੋ ਸਟੇਜ 'ਤੇ ਗਾ ਰਹੇ ਹਨ। ਇਸ ਸਬੰਧੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ।
ਪੰਜਾਬੀ ਵਿਰਸੇ ਬਾਰੇ ਮੇਲਾ ਕਮੇਟੀ ਦੇ ਪ੍ਰਧਾਨ ਕੁਲਦੀਪ ਧਾਲੀਵਾਲ, ਬਲਦੇਵ ਸਿੰਘ ਸ਼ੇਰਗਿੱਲ, ਰਮੇਸ਼ ਯਾਦਵ, ਕੁਲਦੀਪ ਧਾਲੀਵਾਲ ਵਲੋਂ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਨਾਲ ਵਿਸਥਾਰ ਵਿਚ ਸਾਰੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਮਨਮੋਹਨ ਵਾਰਿਸ ਨੇ ਦੱਸਿਆ ਕਿ ਪਹਿਲੀ ਵਾਰ ਪੰਜਾਬ ਵਿਚ ਅਸੀਂ ਤਿੰਨੇ ਭਰਾ ਇਕੱਠੇ ਗਾ ਰਹੇ ਹਾਂ। ਇਸ ਲਈ ਇਹ ਸਾਡੇ ਲਈ ਇਕ ਨਵਾਂ ਤਜਰਬਾ ਹੋ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਮੇਲੇ ਵਿਚ ਗਾਇਕ ਸਰਦੂਲ ਸਿਕੰਦਰ ਅਤੇ ਬਲਰਾਜ ਵੀ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 27 ਨਵੰਬਰ ਨੂੰ ਨਸ਼ਿਆਂ ਦੀ ਸਮੱਸਿਆ 'ਤੇ ਇਕ ਸੈਮੀਨਾਰ ਹੋਵੇਗਾ। ਇਸ ਸੈਮੀਨਾਰ ਦੀ ਮੁੱਖ ਮਹਿਮਾਨ ਪ੍ਰਸਿੱਧ ਫਿਲਮ ਅਦਾਕਾਰਾ ਅਤੇ ਡਾਇਰੈਕਟਰ ਨੰਦਿਤਾ ਦਾਸ ਹੋਣਗੇ, ਜਦੋਂਕਿ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਪ੍ਰਧਾਨਗੀ ਕਰਨਗੇ। ਇਸ ਮੌਕੇ ਮਨਮੋਹਨ ਵਾਰਿਸ ਵਲੋਂ ਮੇਲੇ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਦਾ ਰੇਡੀਓ ਪਾਰਟਨਰ ਬਿਗ ਐੱਫ ਐੱਮ ਹੈ ਤੇ ਇਹ ਪ੍ਰੋਗਰਾਮ ਮਾਲਵਾ ਟੀ. ਵੀ. 'ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

Tags: ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ Punjabi Virsa Manmohan Varis Kamal Heer