FacebookTwitterg+Mail

Video: ਹਿੰਦੀ ਸਿਨੇਮਾ ਦੀ 'ਸਟੰਟ ਵੂਮਨ' ਗੀਤਾ ਟੰਡਨ ਨੇ 'ਜਗ ਬਾਣੀ' ਨਾਲ ਕੀਤੀ ਖਾਸ ਮੁਲਾਕਾਤ

geeta tandon
01 December, 2017 03:58:06 PM

ਜਲੰਧਰ(ਬਿਊਰੋ)— ਜ਼ਿੰਦਗੀ ਦੀ ਦੌੜ ਵਿਚੋਂ ਫਾਡੀ ਰਹਿ ਜਾਣ ਕਾਰਨ ਜਾਂ ਫਿਰ ਆਪਣੀ ਮੰਜ਼ਿਲ ਤਕ ਨਾ ਪਹੁੰਚਣ ਕਾਰਨ ਹਾਰ ਮੰਨ ਚੁਕੀਆਂ ਉਨ੍ਹਾਂ ਔਰਤਾਂ ਲਈ ਗੀਤਾ ਟੰਡਨ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ। ਗੀਤਾ ਨੇ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ ਅਤੇ ਆਪਣੇ ਪਹਾੜ ਵਰਗੇ ਇਰਾਦਿਆਂ ਸਦਕਾ ਮੰਜ਼ਿਲਾਂ ਨੂੰ ਪਾਰ ਪਾਇਆ, ਜਿਸ ਕਾਰਨ ਉਸ ਨੂੰ ਪੂਰਾ ਬਾਲੀਵੁੱਡ ਗੀਤਾ ਸਟੰਟ ਵੂਮੈਨ ਵਜੋਂ ਜਾਣਦਾ ਹੈ। ਇਸ ਬਹਾਦੁਰ ਕੁੜੀ ਨੇ ਜਗ ਬਾਣੀ ਦੇ ਪੱਤਰਕਾਰ ਹਰਪ੍ਰੀਤ ਸਿੰਘ ਕਾਹਲੋਂ ਨਾਲ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ।
ਜ਼ਿੰਦਗੀ 'ਚ ਹਰ ਬੰਦੇ ਦਾ ਅਤੀਤ ਹੁੰਦਾ ਹੈ। ਵਾਰ ਵਾਰ ਅਤੀਤ ਨੂੰ ਹਰ ਇੰਟਰਵਿਊ 'ਚ ਕੁਰੇਦਣਾ ਔਖਾ ਤਾਂ ਹੁੰਦਾ ਹੀ ਹੋਵੇਗਾ?
ਜ਼ਿੰਦਗੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ। ਜੋ ਮੇਰੇ ਨਾਲ ਹੋਇਆ ਉਹ ਕਾਫੀ ਮੁਸ਼ਕਿਲਾਂ ਭਰਿਆ ਸੀ। ਹੁਣ ਜੋ ਹੈ ਸੋ ਹੈ। ਇਸ ਤੋਂ ਪਾਰ ਪਾਉਣਾ ਸਾਡਾ ਸੰਘਰਸ਼ ਹੈ ਅਤੇ ਮੈਂ ਉਸ ਲਈ ਤਿਆਰ ਹਾਂ। ਮੈਂ ਇੱਕ ਸਟੰਟ ਵੂਮੈਨ ਹਾਂ। ਮੁੰਬਈ ਅੰਦਰ ਹੁਣ ਮੇਰੀ ਇੱਕ ਜ਼ਿੰਦਗੀ ਤੇ ਵੱਖਰੀ ਪਛਾਣ ਹੈ।
ਤੁਹਾਡਾ ਕਾਫੀ ਛੋਟੀ ਉੱਮਰ 'ਚ ਵਿਆਹ ਹੋ ਗਿਆ ਸੀ?
ਮੇਰੀ ਮਾਂ ਦੀ ਮੌਤ ਕਾਫੀ ਸਮੇਂ ਪਹਿਲਾਂ ਹੋ ਗਈ ਸੀ। ਉਸ ਸਮੇਂ ਮੇਰੀ ਤੇ ਮੇਰੇ ਭੈਣ ਭਰਾ ਦੀ ਉਮਰ ਕਾਫੀ ਘੱਟ ਸੀ। ਰਿਸ਼ਤੇਦਾਰਾਂ ਦਾ ਦਬਾਅ ਆਇਆ ਕਿ ਇਹਨਾਂ ਦਾ ਵਿਆਹ ਕਰ ਦਿਓ। ਵਿਆਹ ਕਰਨਾ ਮੇਰੇ ਤੇ ਮੇਰੇ ਰਿਸ਼ਤੇਦਾਰਾਂ ਲਈ ਕੋਈ ਖੁਸ਼ੀ ਦੀ ਗੱਲ ਨਹੀਂ ਸੀ, ਬੱਸ ਇੱਕ ਜ਼ਿੰਮੇਵਾਰੀ ਸੀ ਜਿਸ ਤੋਂ ਹਰ ਕੋਈ ਪਿੱਛਾ ਛੁਡਾਉਣਾ ਚਾਹੁੰਦਾ ਸੀ। ਉਸ ਸਮੇਂ ਮੈਨੂੰ ਖੁਦ ਨੂੰ ਵੀ ਕੋਈ ਖਾਸ ਸਮਝ ਨਹੀਂ ਸੀ। ਇਹ ਮੇਰੇ ਲਈ ਨਵੀਂ ਜ਼ਿੰਦਗੀ ਸੀ। ਸੋਚਿਆ ਸੀ ਕਿ ਕੁਝ ਬੇਹਤਰ ਹੋਵੇਗਾ ਪਰ ਇਹ ਤਾਂ ਪਹਿਲਾਂ ਤੋਂ ਚੱਲੀ ਆ ਰਹੀ ਜ਼ਿੰਦਗੀ ਤੋਂ ਵੀ ਬਦਤਰ ਸੀ। ਮੈਨੂੰ ਬੋਨਸ 'ਚ ਹੋਰ ਸੰਘਰਸ਼ ਮਿਲਿਆ।
ਕਿਸ ਤਰ੍ਹਾਂ ਦਾ ਸੰਘਰਸ਼?
ਸੰਘਰਸ਼ ਇਹ ਕਿ ਸੁਹਰੇ ਘਰ 'ਚ ਕਈ ਤਰ੍ਹਾਂ ਦੇ ਰੋਜ਼ਾਨਾ ਇਮਤਿਹਾਨ। ਧੀ ਲਈ ਮਾਂ ਬਹੁਤ ਵੱਡਾ ਆਸਰਾ ਹੁੰਦੀ ਹੈ ਪਰ ਮੇਰੇ ਕੋਲ ਮਾਂ ਵੀ ਨਹੀਂ ਸੀ। ਦਾਜ ਨਾ ਲਿਆਉਣ ਦੀਆਂ ਸ਼ਿਕਾਇਤਾਂ ਅਤੇ ਹੋਰ ਬਹੁਤ ਕੁਝ ਸੁਨਣ ਨੂੰ ਮਿਲਦਾ ਸੀ। ਮੇਰਾ 15-16 ਸਾਲ ਦੀ ਉਮਰ 'ਚ ਵਿਆਹ ਹੋਇਆ। 19 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦ ਮੇਰੇ ਦੋ ਬੱਚੇ ਹੋ ਗਏ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੱਥੇ ਜਾ ਰਹੀ ਹੈ ਮੇਰੀ ਜ਼ਿੰਦਗੀ? ਘਰ ਵਾਲੇ ਦੀ ਵੱਖਰੀ ਕੁੱਟ-ਮਾਰ ਸ਼ੁਰੂ ਹੋ ਗਈ। ਅਜੀਬ ਤਰ੍ਹਾਂ ਦਾ ਸ਼ੱਕੀ ਸੁਭਾਅ ਅਤੇ ਉਸ ਨਾਲ ਜੂਝਦੀ ਮੈਂ।
ਫਿਰ ਅਜਿਹੀ ਜ਼ਿੰਦਗੀ ਤੋਂ ਛੁੱਟਕਾਰਾ ਕਿਵੇਂ ਪਾਇਆ?
ਮੈਨੂੰ ਇਸ ਤੋਂ ਛੁਟਕਾਰਾ ਲੈਣਾ ਹੀ ਪਿਆ। ਦੂਜਾ ਬੱਚਾ ਆਉਣ ਤੋਂ ਬਾਅਦ ਮੈਂ ਖੁਦ ਨੂੰ ਸਵਾਲ ਕੀਤਾ ਕਿ ਇਹ ਹੋ ਕੀ ਰਿਹਾ? ਮੈਨੂੰ ਸਟ੍ਰੋਂਗ ਹੋਣਾ ਹੀ ਪਿਆ। ਮੈਂ ਸੋਚਿਆ ਕਿ ਇਹੋ ਉਮਰ ਹੈ ਜੇ ਕੁਝ ਕਰ ਸਕੀ ਤਾਂ ਠੀਕ ਹੈ ਨਹੀਂ ਤਾਂ ਜ਼ਿੰਦਗੀ ਭਰ ਮੈਨੂੰ ਇੱਥੇ ਹੀ ਸੜਕੇ ਮਰਨਾ ਪਵੇਗਾ। ਮੈਂ ਘਰ ਤੋਂ ਬਾਹਰ ਨਿਕਲੀ। ਕਦੀ ਇੱਕ ਰਿਸ਼ਤੇਦਾਰ ਦੇ ਕਦੀ ਦੂਜੇ ਰਿਸ਼ਤੇਦਾਰ ਦੇ, ਕਦੇ ਆਪਣੀ ਭੈਣ ਦੇ ਘਰ ਪਰ ਮੈਨੂੰ ਅਖੀਰ ਮੁੜ ਉਸੇ ਘਰ ਜਾਣਾ ਹੀ ਪੈਂਦਾ ਸੀ ਪਰ ਖੁਦ ਨਾਲ ਸੰਘਰਸ਼ 'ਚ ਮੇਰਾ ਇਰਾਦਾ ਹੋਰ ਮਜ਼ਬੂਤ ਹੋ ਰਿਹਾ ਸੀ। ਮੈਂ ਇਸ ਦਲਦਲ 'ਚੋਂ ਨਿਕਲਣਾ ਚਾਹੁੰਦੀ ਸੀ। ਮੈਂ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਰੋਂ ਨਿਕਲੀ, ਗੁਰਦੁਆਰਿਆਂ 'ਚ ਆਸਰਾ ਲੈਂਦੀ ਲੈਂਦੀ ਆਪਣਾ ਸਹੀ ਟਿਕਾਣਾ ਲੱਭਦੀ ਰਹੀ। ਇਸ ਦੌਰਾਨ ਕਈ ਤਰ੍ਹਾਂ ਦੇ ਕੌੜੇ ਮਿੱਠੇ ਤਜਰਬੇ ਹੋਰ ਹੋਏ। ਕਈ ਤਰ੍ਹਾਂ ਦੇ ਚੰਗੇ ਮਾੜੇ ਬੰਦੇ ਹੋਰ ਮਿਲੇ ਪਰ ਮੈਂ ਇਹ ਸੋਚ ਲਿਆ ਸੀ ਕਿ ਜੇ ਹੁਣ ਨਾ ਮੈਂ ਇੱਥੋਂ ਨਿਕਲ ਸਕੀ ਤਾਂ ਕਦੀ ਨਹੀਂ ਨਿਕਲ ਸਕਾਂਗੀ।
ਸੁਣਿਆ ਤੁਸੀ ਦੇਹ ਵਪਾਰ ਦੇ ਕਾਰੋਬਾਰ 'ਚ ਫੱਸ ਚੱਲੇ ਸੀ?


ਜਦੋਂ ਤੁਸੀ ਮੁਸੀਬਤ 'ਚ ਹੁੰਦੇ ਹੋ ਤਾਂ ਥੌੜ੍ਹੀ ਜਹੀ ਹਮਦਰਦੀ ਰੱਖਣ ਵਾਲੇ ਹਰ ਬੰਦੇ ਤੋਂ ਉਮੀਦ ਕਰਦੇ ਹੋ। ਉਹਨਾਂ ਦਿਨਾਂ 'ਚ ਇੰਨੇ ਧੱਕੇ ਮਿਲ ਗਏ ਸਨ ਕਿ ਕਈ ਵਾਰ ਭੁੱਖੇ ਰਹਿ ਰਹਿ ਕੇ ਦਿਨ ਕੱਟਣੇ ਪੈਂਦੇ ਸਨ। ਆਪਣਾ ਤਾਂ ਛੱਡੋ ਬੱਚਿਆਂ ਨੂੰ ਭੁੱਖਾ ਰਹਿਣਾ ਪੈਂਦਾ ਸੀ। ਕਈ ਵਾਰ ਔਖੇ ਸੌਖੇ ਬਿਸਕੁਟ ਖਾ ਕੇ ਦਿਨ ਦਾ ਗੁਜ਼ਾਰਾ ਹੋ ਜਾਂਦਾ ਸੀ। ਦਾਲ ਰੋਟੀ ਦਾ ਸਵਾਲ ਹੀ ਬਹੁਤ ਦੂਰ ਸੀ। ਉਹਨਾਂ ਦਿਨਾਂ 'ਚ ਕੋਈ ਇੱਕ ਕੰਮ ਨਹੀਂ ਸਗੋਂ ਬਹੁਤ ਕੀਤੇ। ਮਸਾਜ ਸੈਂਟਰਾਂ 'ਤੇ ਲੋਕਾਂ ਦੀਆਂ ਮਾਲਸ਼ਾਂ ਕੀਤੀਆਂ। ਢਾਬਿਆਂ 'ਤੇ ਰੋਟੀਆਂ ਪਕਾਈਆਂ। ਫਿਰ ਇੱਕ ਵਾਰ ਇੱਕ ਜਨਾਨੀ ਆਈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਫਲਾਣੇ ਥਾਂ ਕੰਮ ਹੈ। ਮੈਂ ਉਸ 'ਤੇ ਭਰੌਸਾ ਕਰ ਤੁਰ ਪਈ। ਸਾਰਾ ਦਿਨ ਇੱਕ ਹੀ ਕਮਰੇ 'ਚ ਵਿਹਲੀ ਬੈਠੀ ਰਹੀ। ਮੈਨੂੰ ਥੌੜ੍ਹਾ ਅਜੀਬ ਲੱਗ ਰਿਹਾ ਸੀ। ਜਦੋਂ ਕਾਫੀ ਸਮਾਂ ਹੋ ਗਿਆ ਤਾਂ ਮੈਂ ਉੱਥੇ ਪੁੱਛਿਆ ਕਿ ਕੋਈ ਕੰਮ-ਕਾਰ ਹੀ ਨਹੀਂ? ਜਵਾਬ ਆਇਆ ਕਿ ਇੱਕ ਬੰਦਾ ਆ ਰਿਹਾ ਹੈ। ਮੈਂ ਗੁੱਸੇ 'ਚ ਭੜਕੀ ਤੇ ਹਿੰਮਤ ਕਰ ਕੇ ਉੱਥੋਂ ਭੱਜੀ। ਮੈਂ ਖੁਦ ਨਾਲ ਅਕਸਰ ਗੱਲਾਂ ਕਰਦੀ ਰਹਿੰਦੀ ਸੀ ਕਿ ਕੁਝ ਵੀ ਹੋ ਜਾਵੇ ਇਹੋ ਜਿਹਾ ਮਾੜਾ ਕੰਮ ਨਹੀਂ ਕਰਾਂਗੀ। 
ਜ਼ਿੰਦਗੀ ਇੰਨੇ ਸੰਘਰਸ਼ਾਂ ਤੋਂ ਬਾਅਦ ਕਿਵੇਂ ਸਹੀ ਲੀਹ 'ਤੇ ਆਈ?
ਮੇਰੇ ਪਿਤਾ ਜੀ ਦੇ ਦੋਸਤਾਂ ਦਾ ਆਰਕੇਸਟਰਾ ਗਰੁੱਪ ਸੀ। ਉਸ 'ਚ ਭੰਗੜਾ ਪਾਉਣਾ ਸ਼ੁਰੂ ਕੀਤਾ। ਫਿਰ ਹੌਲੀ-ਹੌਲੀ ਬੇਹਤਰ ਕੰਮ ਮਿਲਦੇ ਗਏ। ਬੱਸ ਇੱਕ ਕੌਸ਼ਿਸ਼ ਸੀ ਕਿ ਪੈਸਾ ਕਮਾਉਣਾ ਹੈ ਅਤੇ ਸਖਤ ਮਿਹਨਤ ਕਰਨੀ ਹੈ। ਖੁਦ ਲਈ ਵੀ ਬੱਚਿਆਂ ਲਈ ਵੀ ਸੋ ਇਸ ਗਰੁੱਪ ਤੋਂ ਹੋਲੀ ਹੋਲੀ ਪਛਾਣ ਬਣੀ ਅਤੇ ਇਹ ਪਛਾਣ ਸੀਰੀਅਲਾਂ ਅਤੇ ਫਿਲਮਾਂ ਤੱਕ ਲੈ ਆਈ।ਮੈਂ ਫਿਲਮ 'ਲਕਸ਼', 'ਕਾਰਪੋਰੇਟ', 'ਦਿੱਲੀ 6' ਵਰਗੀਆਂ ਵੱਡੀਆਂ ਫਿਲਮਾਂ 'ਚ ਸਟੰਟ ਵੂਮੈਨ ਵਜੋਂ ਕੰਮ ਕੀਤਾ ਹੈ।
ਤੁਹਾਡੀ ਕਹਾਣੀ ਜਦੋਂ ਹੁਣ ਲੋਕਾਂ ਤੱਕ ਪਹੁੰਚੀ ਹੈ ਤਾਂ ਲੋਕਾਂ ਦਾ ਹੁੰਗਾਰਾ ਕਿਹੋ ਜਿਹਾ ਹੈ?
ਜਦੋਂ ਮੈਂ ਖੁਦ ਬਾਰੇ ਦਸਤਾਵੇਜ਼ੀ ਫਿਲਮ ਰਾਹੀਂ ਦੱਸਿਆ ਤਾਂ ਮੇਰੇ ਕੋਲ ਕਈ ਤਰ੍ਹਾਂ ਦੀ ਕਹਾਣੀਆਂ, ਫੀਡਬੈਕ ਪਹੁੰਚੀਆਂ। ਕਈਆਂ ਨੇ ਮੈਨੂੰ ਫੇਸਬੁੱਕ 'ਤੇ ਮੈਸੇਜ਼ ਕੀਤੇ, ਜੋ ਮੇਰੀ ਜ਼ਿੰਦਗੀ ਤੋਂ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਮੈਨੂੰ ਹੋਰ ਅਹਿਸਾਸ ਹੋਇਆ। ਮੈਨੂੰ ਨਹੀਂ ਸੀ ਪਤਾ ਕਿ ਲੋਕ ਜ਼ਿੰਦਗੀ 'ਚ ਕਿੰਨੇ ਜ਼ਿਆਦਾ ਡਿਪ੍ਰੈਸ ਹਨ। ਉਹਨਾਂ ਨੂੰ ਮੇਰੇ ਤੋਂ ਹੌਂਸਲਾ ਮਿਲਦਾ ਹੈ। ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਕਿਸੇ ਲਈ ਹੌਂਸਲਾ ਬਣ ਰਹੀ ਹਾਂ। ਮੈਨੂੰ ਬਹੁਤ ਸਾਰੇ ਲੋਕ ਮੁੰਬਈ ਦੇ ਮਾਲਸ ਤੇ ਬਜ਼ਾਰਾਂ 'ਚ ਮਿਲਦੇ ਹਨ ਤਾਂ ਕਹਿੰਦੇ ਹਨ, ਮੈਡਮ ਇੱਕ ਸੈਲਫੀ ਪਲੀਜ਼!”ਇਹਨਾਂ ਲੋਕਾਂ ਨੂੰ ਮੈਂ ਨਿੱਜੀ ਤੌਰ 'ਤੇ ਨਹੀਂ ਜਾਣਦੀ ਪਰ ਫਿਰ ਵੀ ਮੇਰੀ ਕਹਾਣੀ ਕਰਕੇ ਇਹਨਾਂ ਲੋਕ ਨਾਲ ਮੇਰੀ ਕੁਝ ਨਾ ਕੁਝ ਅਟੈਸਮੈਂਟ ਹੈ।


Tags: BTown Stuntwoman Geeta TandonJagBaniInterviewਗੀਤਾ ਟੰਡਨਸਟੰਟ ਵੂਮੈਨ