FacebookTwitterg+Mail

ਦਰਸ਼ਕਾਂ ਨੂੰ ਚੰਗਾ ਲੱਗਾ 'ਅਰਦਾਸ' ਦਾ ਟਰੇਲਰ, ਗਿੱਪੀ ਗਰੇਵਾਲ ਸਣੇ ਸਮੂਹ ਕਲਾਕਾਰਾਂ ਦੀ ਸਿਫਤ (ਵੀਡੀਓ)

11 February, 2016 07:33:49 PM
ਜਲੰਧਰ— ਬਹੁਤ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਫਿਲਮ 'ਅਰਦਾਸ' ਦਾ ਟ੍ਰੇਲਰ ਅੱਜ ਯੂਟਿਊਬ 'ਤੇ ਰਿਲੀਜ਼ ਹੋਇਆ ਤੇ ਦਰਸ਼ਕਾਂ ਦਾ ਉਤਸ਼ਾਹ ਦੇਖਣਯੋਗ ਸੀ। ਟ੍ਰੇਲਰ ਦੇ ਪਬਲਿਸ਼ ਹੁੰਦਿਆਂ ਹੀ ਲੋਕਾਂ ਨੇ ਇਸ ਦੀ ਬੜੀ ਤਾਰੀਫ ਕੀਤੀ। ਬਹੁਤ ਲੋਕਾਂ ਦੇ ਕੁਮੈਂਟ ਆਏ ਕਿ ਇਹ ਫਿਲਮ ਹੋਰ ਆਮ ਪੰਜਾਬੀ ਕਾਮੇਡੀ ਫ਼ਿਲਮਾਂ ਦੇ ਹੜ੍ਹ ਤੋਂ ਬਹੁਤ ਅਲੱਗ ਤੇ ਵਿਸ਼ੇਸ਼ ਹੈ। ਉਨ੍ਹਾਂ ਨੇ ਇਸ ਫਿਲਮ ਦੇ ਟ੍ਰੇਲਰ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੀਆਂ ਫਿਲਮਾਂ ਦਾ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਪਰ ਅੱਜਕਲ ਬਣਨ ਵਾਲੀ ਹਰ ਫਿਲਮ ਇਕੋ ਤਰ੍ਹਾਂ ਦੀ ਲੱਗਦੀ ਹੈ। 'ਅਰਦਾਸ' ਰਾਹੀਂ ਗਿੱਪੀ ਗਰੇਵਾਲ ਨਿਰਦੇਸ਼ਨ 'ਚ ਆਪਣਾ ਪਹਿਲਾ ਕਦਮ ਰੱਖ ਰਹੇ ਹਨ। ਪੰਜਾਬ 'ਚ ਅੱਜ ਜਿਥੇ ਪਿੰਡਾਂ ਦੀ ਮਾੜੀ ਹਾਲਤ ਵੱਲ ਗੌਰ ਕਰਨਾ ਬਹੁਤ ਜ਼ਰੂਰੀ ਹੈ, ਉਥੇ ਅੱਜ ਦੇ ਗਾਣੇ ਤੇ ਫ਼ਿਲਮਾਂ ਪਿੰਡਾਂ ਦੀ ਸਿਰਫ਼ ਚਕਾਚੌਂਦ ਦਿਖਾਉਣ 'ਚ ਹੀ ਲੱਗੇ ਹੋਏ ਹਨ।
ਅੱਜ ਜਿਥੇ ਕਿਸਾਨ ਕੋਲ ਖਾਣ ਨੂੰ ਰੋਟੀ ਨਹੀਂ ਹੈ ਤੇ ਕੁਖ਼ 'ਚ ਧੀਆਂ ਦਾ ਕਤਲ ਕੀਤਾ ਜਾ ਰਿਹਾ ਹੈ, ਉਥੇ ਅਰਦਾਸ ਜਿਹੀਆਂ ਫਿਲਮਾਂ ਦਾ ਕਾਫੀ ਚੰਗਾ ਪ੍ਰਭਾਵ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਜ਼ਰੂਰ ਦੇਖਣ ਨੂੰ ਮਿਲੇਗਾ। ਬਹੁਤ ਸਾਰੀਆਂ ਸੱਚਾਈਆਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਉਂਦੀ ਨਜ਼ਰ ਆਏਗੀ ਇਹ 'ਅਰਦਾਸ'। ਅਰਦਾਸ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਆਪ ਰਚੇ ਹਨ। ਡਾਇਲਾਗ ਰਾਣਾ ਰਣਬੀਰ ਵਲੋਂ ਲਿਖੇ ਗਏ ਤੇ ਕੈਮਰੇ ਦੀ ਜ਼ਿਮੇਵਾਰੀ ਬਲਜੀਤ ਸਿੰਘ ਦਿਓ ਨੇ ਸਾਂਭੀ। ਇਸ ਫ਼ਿਲਮ ਦਾ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ। ਹੰਬਲ ਮੋਸ਼ਨ ਪਿਕਚਰਜ਼ ਦੀ ਇਹ ਪਹਿਲੀ ਫਿਲਮ ਹੈ। ਦਰਸ਼ਕਾਂ ਨੂੰ ਇਹ ਫਿਲਮ 11 ਮਾਰਚ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। ਇਸ ਫਿਲਮ ਦੀ ਟੀਮ ਦੀ ਮੰਨੀਏ ਤਾਂ ਇਹ ਇਕ ਅਜਿਹੀ ਫਿਲਮ ਸਾਬਿਤ ਹੋਵੇਗੀ, ਜਿਸ ਦੀ ਕਾਫੀ ਲੰਮੇ ਸਮੇਂ ਤੱਕ ਮਿਸਾਲ ਦਿੱਤੀ ਜਾਵੇਗੀ। ਸਿੰਗਰ ਤੋਂ ਅਭਿਨੇਤਾ ਬਣੇ ਗਿੱਪੀ ਦੇ ਨਿਰਦੇਸ਼ਨ ਬਾਰੇ ਵੀ ਸਾਰੇ ਕਾਫੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

Tags: ਗਿੱਪੀ ਗਰੇਵਾਲ ਅਰਦਾਸ Gippy Grewal Ardaas