FacebookTwitterg+Mail

'ਲਹੌਰੀਏ' 'ਚ ਅਹਿਮ ਕਿਰਦਾਰ ਨਿਭਾਅ ਰਹੇ ਗੁੱਗੂ ਗਿੱਲ ਦੀ ਪੜ੍ਹੋ ਖਾਸ ਇੰਟਰਵਿਊ

    1/3
13 May, 2017 09:05:58 AM
ਜਲੰਧਰ (ਅਨੁਰਾਧਾ ਸ਼ਰਮਾ, ਰਾਹੁਲ ਸਿੰਘ)— ਪੰਜਾਬੀ ਫਿਲਮ 'ਲਹੌਰੀਏ' ਦੁਨੀਆ ਭਰ 'ਚ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਵੀ ਖੁਦ ਅੰਬਰਦੀਪ ਸਿੰਘ ਨੇ ਹੀ ਕੀਤਾ ਹੈ। ਫਿਲਮ ਨੂੰ ਲੈ ਕੇ ਤੇ ਨਿੱਜੀ ਜ਼ਿੰਦਗੀ ਬਾਰੇ ਅੱਜ ਗੁੱਗੂ ਗਿੱਲ ਨਾਲ ਕਈ ਸਵਾਲ-ਜਵਾਬ ਕੀਤੇ ਗਏ, ਜੋ ਹੇਠ ਲਿਖੇ ਅਨੁਸਾਰ ਹਨ—
ਸਵਾਲ : ਫਿਲਮ 'ਚ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਜਵਾਬ : ਫਿਲਮ 'ਚ ਮੈਂ ਜ਼ੋਰਾਵਰ ਸਿੰਘ ਲਹੌਰੀਏ ਦਾ ਕਿਰਦਾਰ ਨਿਭਾਅ ਰਿਹਾ ਹਾਂ। ਜੋ ਫਿਲਮ 'ਚ ਅਮਰਿੰਦਰ ਗਿੱਲ ਦਾ ਚਾਚਾ ਹੈ। ਇਹ ਬਹੁਤ ਹੀ ਅਹਿਮ ਕਿਰਦਾਰ ਹੈ, ਜੋ ਭਾਰਤ-ਪਾਕਿ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਪੰਜਾਬ ਆ ਜਾਂਦਾ ਹੈ।
ਸਵਾਲ : ਹੁਣ ਤਕ ਤੁਸੀਂ ਅਣਗਿਣਤ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ, ਇਹ ਸਫਰ ਕਿਹੋ ਜਿਹਾ ਰਿਹਾ?
ਜਵਾਬ : ਸਫਰ ਬਹੁਤ ਵਧੀਆ ਰਿਹਾ। ਮੈਂ ਹਮੇਸ਼ਾ ਇਕੋ ਗੱਲ ਕਹਿੰਦਾ ਹਾਂ ਕਿ ਮੈਂ ਜਿਮੀਂਦਾਰ ਪਰਿਵਾਰ ਤੋਂ ਹਾਂ, ਮੇਰਾ ਸਬੰਧ ਫਿਲਮਾਂ ਜਾਂ ਅਦਾਕਾਰੀ ਨਾਲ ਕਦੇ ਵੀ ਨਹੀਂ ਸੀ ਪਰ ਕਿਸੇ ਬਹਾਨੇ ਮੈਂ ਇਸ ਇੰਡਸਟਰੀ ਨਾਲ ਜੁੜਿਆ। ਇਹ ਲੋਕਾਂ ਦਾ ਪਿਆਰ ਹੀ ਹੈ ਜੋ ਅੱਜ ਤਕ ਮੇਰਾ ਕੰਮ ਪਸੰਦ ਕਰ ਰਹੇ ਹਨ, ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।
ਸਵਾਲ : ਪੁਰਾਣੀ ਤੇ ਅੱਜ ਦੀ ਪੰਜਾਬੀ ਫਿਲਮ ਇੰਡਸਟਰੀ 'ਚ ਕਿੰਨਾ ਫਰਕ ਮਹਿਸੂਸ ਕਰਦੇ ਹੋ?
ਜਵਾਬ : ਸਭ ਤੋਂ ਵੱਡਾ ਫਰਕ ਕਹਾਣੀਆਂ ਤੇ ਤਕਨੀਕੀ ਪੱਖੋਂ ਦੇਖਣ ਨੂੰ ਮਿਲਿਆ ਹੈ। ਅਸੀਂ ਜਦੋਂ ਇੰਡਸਟਰੀ 'ਚ ਆਏ ਸੀ ਤਾਂ ਬਹੁਤ ਹੀ ਸੀਮਤ ਮਾਧਿਅਮ ਸਾਡੇ ਕੋਲ ਹੁੰਦੇ ਹਨ। ਅੱਜਕਲ ਪੰਜਾਬੀ ਫਿਲਮ ਦਾ ਹਿੰਦੀ ਫਿਲਮ ਨਾਲ ਮੁਕਾਬਲਾ ਹੁੰਦਾ ਹੈ, ਪਹਿਲਾਂ ਇਹ ਮੁਕਾਬਲਾ ਪੰਜਾਬੀ ਫਿਲਮ ਦਾ ਪੰਜਾਬੀ ਫਿਲਮ ਨਾਲ ਹੀ ਹੁੰਦਾ ਸੀ।
ਸਵਾਲ : ਹੋਬੀ ਧਾਲੀਵਾਲ ਨਾਲ ਤੁਹਾਡੀ ਆਫਸਕ੍ਰੀਨ ਦੋਸਤੀ ਕਿਹੋ-ਜਿਹੀ ਹੈ?
ਸਵਾਲ : ਸਾਡੀ ਬਹੁਤ ਚੰਗੀ ਦੋਸਤੀ ਹੈ। ਹੋਬੀ ਇਕ ਵਧੀਆ ਅਭਿਨੇਤਾ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਹਨ। ਜਦੋਂ ਸੈੱਟ 'ਤੇ ਸਾਨੂੰ ਸਮਾਂ ਮਿਲਦਾ ਹੈ ਤਾਂ ਉਦੋਂ ਅਸੀਂ ਫਿਲਮ ਅਭਿਨੇਤਾਵਾਂ ਵਾਂਗ ਨਹੀਂ, ਦੋਸਤਾਂ ਵਾਂਗ ਗੱਲਬਾਤ ਕਰਦੇ ਹਾਂ।
ਸਵਾਲ : ਆਪਣੇ ਬੇਟਿਆਂ ਨੂੰ ਇੰਡਸਟਰੀ 'ਚ ਲਾਂਚ ਕਰਨ ਦਾ ਤੁਹਾਡਾ ਕੋਈ ਪਲਾਨ ਹੈ?
ਜਵਾਬ : ਮੇਰਾ ਬਹੁਤ ਦਿਲ ਕਰਦਾ ਹੈ ਆਪਣੇ ਬੇਟਿਆਂ ਨੂੰ ਇੰਡਸਟਰੀ 'ਚ ਲੈ ਕੇ ਆਉਣ ਦਾ ਪਰ ਵੱਡੇ ਬੇਟੇ ਦੀ ਫਿਲਮਾਂ 'ਚ ਕੋਈ ਰੁਚੀ ਨਹੀਂ ਹੈ। ਛੋਟੇ ਬੇਟੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਉਨ੍ਹਾਂ ਨੂੰ ਸਿਰਫ ਫਿਲਮਾਂ ਦੇਖਣ ਦਾ ਹੀ ਸ਼ੌਕ ਹੈ, ਅਦਾਕਾਰੀ ਦਾ ਨਹੀਂ।
'ਅੱਜ ਦੇ ਕਲਾਕਾਰ ਬਹੁਤ ਕੁਝ ਸਿੱਖ ਕੇ ਇੰਡਸਟਰੀ 'ਚ ਆ ਰਹੇ ਹਨ। ਅਸੀਂ ਜਦੋਂ ਆਏ ਸੀ ਤਾਂ ਬਹੁਤ ਅਣਜਾਣ ਸੀ। ਅੱਜ ਦੇ ਕੁੜੀਆਂ-ਮੁੰਡੇ ਬਹੁਤ ਹੀ ਸਮਝਦਾਰ ਹਨ। ਮੈਂ ਸਿਰਫ ਇਕੋ ਗੱਲ ਕਹਾਂਗਾ ਕਿ ਕਦੇ ਵੀ ਆਪਣੇ-ਆਪ ਨੂੰ ਸਿੱਖਿਆ ਨਾ ਸਮਝੋ। ਹਮੇਸ਼ਾ ਇਕ ਸਟੂਡੈਂਟ ਬਣ ਕੇ ਰਹੋ ਤੇ ਮਿਹਨਤ ਕਰੋ।'
—ਗੁੱਗੂ ਗਿੱਲ

Tags: Guggu Gill Lahoriye Amrinder Gill Sargun Mehta ਗੁੱਗੂ ਗਿੱਲ ਲਹੌਰੀਏ ਅਮਰਿੰਦਰ ਗਿੱਲ ਸਰਗੁਣ ਮਹਿਤਾ