FacebookTwitterg+Mail

video : ਮੈਂ ਹਮੇਸ਼ਾ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੈ : ਗੁਰਦਾਸ ਮਾਨ

18 February, 2017 03:33:42 PM
ਜਲੰਧਰ— ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਨੇ ਮਰ ਰਹੇ 'ਪੰਜਾਬ' ਦੀ ਪੀੜ ਨੂੰ ਆਪਣੇ ਸਾਢੇ ਕੁ ਚਾਰ ਮਿੰਟ ਇੱਕ ਗੀਤ ਦੇ ਬੋਲਾਂ ਤੇ ਫਿਲਮਾਂਕਣ 'ਚ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ, ਸਰੋਤਿਆਂ ਦੇ ਢਿੱਡ 'ਚ ਹਓਕੇ, ਅੱਖਾਂ 'ਚ ਪਾਣੀ ਅਤੇ ਸੋਚਾਂ 'ਚ ਫਿਕਰ ਆ ਖੜ੍ਹਾ ਹੋਇਆ ਹੈ। ਇਸ ਗੀਤ 'ਚ ਗੁਲਾਮੀ ਦੇ ਸਫਰ ਤੋਂ ਆਜ਼ਾਦੀ ਦੀ ਮੰਜ਼ਿਲ ਤੱਕ ਸੰਤਾਪ ਭੋਗਦੇ ਪੰਜਾਬ ਦੇ ਹਰ ਦੁੱਖਦਾਈ ਪਹਿਲੂ ਨੂੰ ਇਸ ਤਰ੍ਹਾਂ ਛੋਹਿਆ ਗਿਆ ਹੈ ਕਿ ਗੀਤ ਸੁਣਨ ਅਤੇ ਦੇਖਣ ਵਾਲਿਆਂ ਦਾ ਦਿਲ 'ਚੋਂ ਕਲਪਦੇ ਪੰਜਾਬ ਦੀ ਚੀਸ ਬਿਜਲੀ ਦੀ ਤਾਰ ਵਾਂਗ ਗੁਜਰ ਰਹੀ ਮਹਿਸੂਸ ਹੁੰਦੀ ਹੈ। ਸਾਗਾ ਮਿਊਜ਼ਿਕ ਵੱਲੋਂ ਜਾਰੀ ਕੀਤੇ ਇਸ ਗੀਤ ਦੀ ਸਫਲਤਾ ਤਾਂ ਪੱਕੀ ਹੈ। ਇਸ ਗੀਤ ਰਾਹੀਂ ਅੱਜ ਦੀ ਨਿੱਘਰਦੀ ਗਾਇਕੀ ਨੂੰ ਇੱਕ ਕਰਾਰੀ ਚਪੇੜ ਮਾਰ ਕੇ ਰੰਗਲੇ ਪੰਜਾਬ ਦੇ ਕਾਲਾ ਹੋਣ ਤੱਕ ਦੇ ਦਰਦ ਨੂੰ ਜ਼ੁਬਾਨ ਅਤੇ ਦਿਲ ਤੋਂ ਇਕ ਸੁਰ ਹੋ ਕੇ ਧੁਰ ਰੂਹ ਤੋਂ ਗਾਇਆ ਗਿਆ ਹੈ। 'ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਿਆ ਪਿਆ ਹੈ ਗੁਲਾਬ ਦਾ' ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੇ ਇਸ ਗੀਤ 'ਚ ਸਮਾਂ ਪਾਤਰ ਦੇ ਰੂਪ 'ਚ ਸ਼ਾਹਿਦ ਭਗਤ ਸਿੰਘ ਨੂੰ ਗੁਲਾਮੀ ਤੋਂ ਬਾਅਦ ਅੱਜ ਦੇ ਆਜ਼ਾਦੀ ਵਾਲੇ ਪੰਜਾਬ ਦੀ ਸੈਰ ਕਰਾਉਂਦਾ ਹੈ।
ਨਸ਼ੇ ਦੀ ਹਨ੍ਹੇਰੀ ਕਾਰਨ ਦਲੇਰੀ ਭੁੱਲਦੇ ਜਾ ਰਹੇ ਪੰਜਾਬੀਆਂ ਨੂੰ ਹਲੂਣਾ ਦਿੰਦੀ ਹੋਈ ਗੁਰਦਾਸ ਮਾਨ ਦੀ ਕਲਮ ਮਾਂ ਅਤੇ ਔਲਾਦ 'ਚ ਕਮਜ਼ੋਰ ਪੈ ਰਹੀਆਂ ਮੋਹ-ਮਮਤਾ ਦੀਆਂ ਤੰਦਾਂ ਅਤੇ ਦਵਾਈਆਂ ਦੇ ਵੱਸ ਪਿਆ ਬਚਪਨ, ਜ਼ਹਿਰੀਲੀਆਂ ਹੋ ਰਹੀਆਂ ਫਸਲਾਂ ਅਤੇ ਜ਼ਹਿਰੀਲੇ ਹੋ ਰਹੇ ਦੁੱਧ ਨੂੰ ਸਚਾਈ ਦੇ ਸ਼ਬਦਾਂ ਨਾਲ ਇਸ ਕਦਰ ਬਿਆਨਿਆ ਅਤੇ ਫਿਲਮਾਇਆ ਕਿ ਅੱਜ ਦਾ ਸੱਚ ਜ਼ਿਹਨ 'ਚ ਖੰਜਰ ਬਣ ਕੇ ਖੁੱਭਦਾ ਹੈ। 'ਕੋਈ ਨਾ ਫਰਕ ਰਿਹਾ ਦੁੱਧ ਤੇ ਸ਼ਰਾਬ ਦਾ, ਪਾਣੀ ਪੀਣ ਯੋਗਾ ਨਾ ਰਿਹਾ ਨੀ ਢਾਬ ਦਾ', 'ਚਿੱਟੇ ਦਾ ਤੂਫਾਨ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ' ਗੀਤ ਦੇ ਇਹ ਸ਼ਬਦ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਕਰਾਰੀ ਸੱਟ ਮਾਰਦੇ ਹਨ। ਇਸ ਗੀਤ 'ਚ ਖੇਡ ਮੈਦਾਨਾਂ 'ਚੋਂ ਨੌਜਵਾਨਾਂ ਦਾ ਦੂਰ ਹੋਣਾ ਅਤੇ ਖੁਦਗਰਜ ਹੋ ਕੇ ਸਲੀਕਾ ਭੁੱਲੇ ਲੋਕਾਂ ਦੀ ਗਾਥਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜ ਨੂੰ ਗਾਉਂਦਾ ਗੁਰਦਾਸ ਮਾਨ ਦੇ ਗੀਤ ਆਖਿਰ 'ਚ ਸੁਨੇਹਾ ਦਿੰਦਾ ਹੈ ਕਿ, 'ਭਗਤ ਸਿੰਘ ਨੇ ਤਾਂ ਆਪਣਾ ਫਰਜ 1931 'ਚ ਪੂਰਾ ਕਰ ਦਿੱਤਾ ਸੀ, ਤੁਸੀਂ ਉਸ ਦੇ ਫਰਜ ਦੇ ਕਰਜ ਨੂੰ ਕਦੋਂ ਉਤਾਰੋਗੇ'।

Tags: Gurdas MaanPUNJABJatinder ShahSaga Musicਗੁਰਦਾਸ ਮਾਨਪੰਜਾਬ