FacebookTwitterg+Mail

'ਮਰਜਾਣੇ ਮਾਨਾ ਦੇਖ ਖੁਦ ਨੂੰ ਟਟੋਲ ਕੇ, ਕੀ ਲੈਣਾ ਦੁਨੀਆ ਦੇ ਪੋਤੜੇ ਫਰੋਲ ਕੇ'

gurdas maan
05 January, 2018 10:32:04 PM

ਜਲੰਧਰ (ਨੀਲਮ ਕੁਈਨ)— 4 ਜਨਵਰੀ 1957 ਨੂੰ ਜਨਮੇ ਗੁਰਦਾਸ ਮਾਤਾ 'ਤੇਜ ਕੌਰ' ਤੇ ਗੁਰਦੇਵ ਸਿੰਘ ਮਾਨ ਦਾ ਮਾਣ ਹੈ, ਜੋ ਗਿੱਦੜਬਾਹਾ ਮੁਕਤਸਰ ਤੋਂ ਮੁੰਬਈ ਤੇ ਪੂਰੀ ਦੁਨੀਆ ਤੱਕ ਆਪਣੀ ਆਵਾਜ਼ ਨਾਲ ਪਹੁੰਚਿਆ। ਮਾਨ ਸਾਬ੍ਹ ਨੇ ਗ੍ਰੈਜੂਏਸ਼ਨ ਤੇ ਪੀ. ਐੱਚ. ਡੀ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ (ਬਿਜਲੀ ਮਹਿਕਮੇ) 'ਚ ਕੰਮ ਕੀਤਾ ਪਰ ਮਾਨ ਸਾਬ੍ਹ ਦੀ ਗਾਉਣ ਵੱਲ ਰੁਚੀ ਹੋਣ ਕਰਕੇ ਉਨ੍ਹਾਂ ਆਪਣੀ ਗਾਇਕੀ ਵੀ ਜਾਰੀ ਰੱਖੀ।
1980 'ਚ ਗਾਣਾ ਆਇਆ 'ਦਿਲ ਦਾ ਮਾਮਲਾ ਹੈ'। ਉਦੋਂ ਤੱਕ ਮਾਨ ਸਾਬ੍ਹ ਯੂਨੀਵਰਸਿਟੀ 'ਚ ਯੂਥ ਫੈਸਟੀਵਲਸ 'ਚ ਆਪਣੀ ਗਾਇਕੀ ਨਾਲ ਮਸ਼ਹੂਰ ਹੋ ਗਏ ਸਨ। ਜਦੋਂ ਇਹ ਗਾਣਾ ਰਿਕਾਰਡ ਹੋਣਾ ਸੀ ਤਾਂ ਮਾਨ ਸਾਬ੍ਹ ਨੇ ਉਸ ਵੇਲੇ ਕੀ ਮਹਿਸੂਸ ਕੀਤਾ ਉਹ ਇਸ ਤਰ੍ਹਾਂ ਬਿਆਨ ਕੀਤਾ—

'ਮੈਨੂੰ ਅੱਜ ਵੀ ਯਾਦ ਹੈ ਉਹ ਦਿਨ, ਗਾਉਣ ਤੋਂ ਪਹਿਲਾਂ ਬਹੁਤ ਘਬਰਾਇਆ ਹੋਇਆ ਸੀ। ਹੁਣ ਤੱਕ ਇੰਟਰ-ਕਾਲਜ ਪ੍ਰੋਗਰਾਮ 'ਚ ਗਾਉਂਦਾ ਸੀ ਪਰ ਇੱਥੇ ਤਾਂ ਦੂਰਦਰਸ਼ਨ ਲਈ ਰਿਕਾਰਡ ਕਰਨਾ ਸੀ। ਬਹੁਤ ਫ਼ਰਕ ਸੀ। ਮੇਰੇ ਆਲੇ-ਦੁਆਲੇ ਬਹੁਤ ਸਾਰੇ ਕੈਮਰੇ ਲੱਗੇ ਹੋਏ ਸਨ। ਕਹਿਣ ਲੱਗੇ ਕਿ ਕਲਾਕਾਰ ਦੇ ਹਰ ਐਕਸਪ੍ਰੈਸ਼ਨ ਨੂੰ ਸ਼ੂਟ ਕਰਨਾ ਹੈ। ਮੈਨੂੰ ਨਹੀਂ ਪਤਾ ਮੈਂ ਕਿਵੇਂ ਕੀਤਾ ਪਰ ਗੁਰੂਆਂ, ਪੀਰਾਂ, ਫਕੀਰਾਂ ਦੀ ਰਹਿਮਤ ਜੋ ਤੁਹਾਡਾ ਸਭ ਦਾ ਇੰਨਾ ਪਿਆਰ ਮਿਲਿਆ।'

ਹੁਣ ਇੰਨਾ ਮਕਬੂਲ ਆਦਮੀ
ਪੰਜਾਬੀ ਮਿਊਜ਼ਿਕ 'ਚ ਲੈਜੰਡ
ਜਦੋਂ ਵੀ ਕਿਸੇ ਨੂੰ ਮਿਲਦੇ ਹਨ ਤਾਂ ਨਿਮਰਤਾ ਨਾਲ ਮਿਲਦੇ ਹਨ। ਜਦੋਂ ਵੀ ਕਿਸੇ ਸਟੇਜ 'ਤੇ ਜਾਂਦੇ ਹਨ ਤਾਂ ਮੱਥਾ ਟੇਕ ਕੇ ਆਈ ਹੋਈ ਸੰਗਤ ਨੂੰ ਪ੍ਰਣਾਮ ਕਰਦੇ ਹਨ।
ਪੀਰਾਂ ਦੀ ਮਜ਼ਾਰ 'ਤੇ ਗਾਉਂਦੇ ਤਾਂ ਪੂਰੇ ਮਲੰਗ ਹੋ ਕੇ।

ਮਾਨ ਸਾਹਬ ਦੀ ਪਛਾਣ 'ਦਿਲ ਦਾ ਮਾਮਲਾ' ਗਾਣੇ ਤੋਂ ਬਣੀ ਸੀ। ਉਸ ਤੋਂ ਬਾਅਦ ਉਨ੍ਹਾਂ ਹੋਰ ਹਿੱਟ ਗੀਤ ਦਿੱਤੇ। ਜਿਵੇਂ 'ਮਾਮਲਾ ਗੜਬੜ ਹੈ', 'ਛੱਲਾ' ਤੇ ਕਈ ਹੋਰ। 'ਛੱਲਾ' ਗਾਣਾ 1986 'ਚ ਆਈ ਪੰਜਾਬੀ ਫਿਲਮ 'ਲੌਂਗ ਦਾ ਲਿਸ਼ਕਾਰਾ' ਵਿਚਲਾ ਸੀ। ਜਿਸ ਦੇ ਅਦਾਕਾਰ 'ਰਾਜ ਬੱਬਰ' ਸਨ। ਇਸ ਗਾਣੇ ਦਾ ਸੰਗੀਤ 'ਜਗਜੀਤ ਸਿੰਘ' ਨੇ ਕੀਤਾ ਸੀ।

ਕਹਿੰਦੇ ਹਨ 'ਮਾਵਾਂ ਠੰਡੀਆਂ ਛਾਵਾਂ' ਹੁੰਦੀਆਂ ਹਨ। ਇਸੇ ਲਈ ਮਾਨ ਸਾਬ੍ਹ ਅਕਸਰ ਆਪਣੀ ਮਾਂ 'ਤੇਜ ਕੌਰ' ਦਾ ਜ਼ਿਕਰ ਕਰਿਆ ਕਰਦੇ ਸਨ। ਉਨ੍ਹਾਂ ਦਾ ਆਪਣੀ ਮਾਂ ਨਾਲ ਬੜਾ ਨੇੜ ਸੀ।

ਦਿਲ ਵਾਲਾ ਲਗਾਅ ਨਿਰੀਆਂ ਪੂਰੀਆਂ ਮੋਹ ਦੀਆਂ ਤੰਦਾਂ
ਇਥੋਂ ਤੱਕ ਕਿ ਉਨ੍ਹਾਂ ਆਪਣੀ ਮਾਂ ਦੀਆਂ ਦੁੱਧ ਘਿਓ ਜਿਹੀਆਂ ਗਾਲ੍ਹਾਂ 'ਮਰਜਾਣਾ' ਵੀ ਆਪਣੇ ਨਾਮ ਨਾਲ ਜੋੜ ਲਿਆ। ਗੁਰਦਾਸ ਮਾਨ ਸਾਬ੍ਹ ਦਾ ਵਿਆਹ 'ਮਨਜੀਤ' ਨਾਲ ਹੋਇਆ, ਜੋ ਪ੍ਰੋਡਕਸ਼ਨ ਦਾ ਕੰਮ ਕਰਦੇ ਸਨ ਤੇ ਉਨ੍ਹਾਂ ਦਾ ਇਕ ਪੁੱਤਰ 'ਗੁਰਿੱਕ ਮਾਨ' ਹੈ, ਜਿਸ ਬਾਰੇ ਸੁਣਿਆ ਹੈ ਕਿ ਉਹ ਭਾਰਤੀ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਸਹਾਇਕ ਵਜੋਂ ਵੀ ਕੰਮ ਕਰ ਚੁੱਕੇ ਹਨ। ਗੁਰਿੱਕ ਮਾਨ ਹੁਣ ਪੰਜਾਬੀ ਸੰਗੀਤ ਜਗਤ 'ਚ ਬਤੌਰ ਨਿਰਦੇਸ਼ਕ ਜਾਣਿਆ- ਪਛਾਣਿਆ ਨਾਮ ਹੈ। ਉਨ੍ਹਾਂ ਵਲੋਂ ਨਿਰਦੇਸ਼ਿਤ ਗੁਰਦਾਸ ਮਾਨ ਜੀ ਦਾ ਗੀਤ 'ਪੰਜਾਬ' ਤੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਸ਼ਬਦ ਜੋ ਗੁਰਦਾਸ ਮਾਨ ਨੇ ਗਾਇਆ 'ਮਿੱਤਰ ਪਿਆਰੇ ਨੂੰ' ਵੀ ਕਾਫੀ ਚਰਚਾ 'ਚ ਰਿਹਾ।
ਗੁਰਦਾਸ ਮਾਨ ਜੀ ਨੇ ਸਮਾਜ 'ਚ ਵਾਪਰ ਰਹੀਆਂ ਘਟਨਾਵਾਂ ਜਾਂ ਵਿਸ਼ਿਆਂ ਨੂੰ ਮੁੱਖ ਰੱਖਦਿਆਂ ਗੀਤ ਗਾਏ ਹਨ। ਭਾਵੇਂ ਉਹ 'ਛੱਲਾ' ਹੋਵੇ ਜਾਂ ਫਿਰ 'ਮੌਜ ਮਸਤੀਆਂ', 'ਗੁੱਡੀਆਂ-ਗੁੱਡੀਆਂ', 'ਪੰਜਾਬ', 'ਕੀ ਬਣੂ ਦੁਨੀਆ ਦਾ', 'ਦਿਲ ਦਾ ਮਾਮਲਾ', 'ਰੋਟੀ', 'ਮਿੱਤਰ ਪਿਆਰੇ ਨੂੰ', 'ਤੈਨੂੰ ਮੰਗਣਾ ਨਾ ਆਵੇ' ਜਾਂ ਕਈ ਹੋਰ ਵੀ ਹਨ, ਜੋ ਸਾਡੇ ਲਈ ਮਿਸਾਲ ਵਾਂਗ ਹਨ।
ਗੁਰਦਾਸ ਮਾਨ ਪੰਜਾਬੀ ਗਾਇਕ ਤੋਂ ਇਲਾਵਾ ਗੀਤਕਾਰ, ਕੋਰੀਓਗ੍ਰਾਫ਼ਰ ਤੇ ਅਦਾਕਾਰ ਹਨ। ਉਨ੍ਹਾਂ ਦੇ ਕਈ ਗੀਤ ਅਜਿਹੇ ਹਨ, ਜਿਨ੍ਹਾਂ ਤੋਂ ਸਾਨੂੰ ਇਕ ਤਾਂ ਸਮਾਜ ਦੀ ਸੱਚਾਈ ਬਾਰੇ ਪਤਾ ਲੱਗਦਾ ਹੈ, ਦੂਜਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਅਜਿਹਾ ਹੀ ਇਕ ਗੀਤ ਹੈ 'ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ'। ਇਸ ਗੀਤ ਰਾਹੀਂ ਆਪਣੇ ਹੱਕ ਦੀ ਕਮਾਈ ਖਾਣ ਬਾਰੇ ਸੁਨੇਹਾ ਮਿਲਿਆ ਤੇ ਕੋਈ ਕੰਮ ਛੋਟਾ-ਵੱਡਾ ਨਹੀਂ, ਇਸ ਦੀ ਪਛਾਣ ਕਰਵਾਈ ਗਈ ਹੈ।
ਗੁਰਦਾਸ ਮਾਨ ਇਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਬਾਰੇ ਹਰ ਕੋਈ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦਾ। ਜਦੋਂ ਵੀ ਕੋਈ ਉਨ੍ਹਾਂ ਦੀ ਗੱਲ ਕਰਦਾ ਹੈ ਤਾਂ ਨਿਮਰਤਾ ਨਾਲ ਖ਼ੁਦ-ਬ-ਖ਼ੁਦ ਸਿਰ ਝੁਕ ਜਾਂਦਾ ਹੈ। ਬਹੁਤ ਕਲਾਕਾਰ ਮਾਨ ਸਾਬ੍ਹ ਨੂੰ ਆਪਣਾ ਆਦਰਸ਼ ਮੰਨਦੇ ਹਨ।
ਸਾਲ 2001 ਦੀ ਗੱਲ ਹੈ। ਮਾਨ ਸਾਬ੍ਹ ਆਪਣੇ ਡਰਾਈਵਰ ਨਾਲ ਜਾ ਰਹੇ ਸਨ ਤਾਂ ਰੋਪੜ ਦੇ ਕੋਲ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਜ਼ਬਰਦਸਤ ਹਾਦਸੇ 'ਚ ਮਾਨ ਸਾਬ੍ਹ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਬਾਅਦ 'ਚ ਦੱਸਿਆ—

'ਦੁਰਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਮੇਰੇ ਵੀਰ (ਡਰਾਈਵਰ) ਨੇ ਕਿਹਾ ਸੀ ਕਿ ਭਾਜੀ ਸੀਟ ਬੈਲਟ ਲਾ ਲਵੋ। ਉਸ ਦੀ ਇਸ ਸਲਾਹ ਨੇ ਮੈਨੂੰ ਬਚਾ ਲਿਆ ਪਰ ਮੈਂ ਉਸ ਨੂੰ ਨਹੀਂ ਬਚਾ ਸਕਿਆ। ਰੱਬ ਨੇ ਬੁਲਾ ਲਿਆ।'

ਮਾਨ ਸਾਬ੍ਹ ਨੇ ਫਿਰ ਗਾਣਾ ਵੀ ਲਿਖਿਆ ਸੀ 'ਬੈਠੀ ਸਾਡੇ ਨਾਲ ਸਵਾਰੀ ਉਤਰ ਗਈ'। ਇਹ ਗਾਣਾ ਉਨ੍ਹਾਂ ਨੇ ਆਪਣੇ ਡਰਾਈਵਰ ਲਈ ਹੀ ਲਿਖਿਆ ਸੀ।
ਪੰਜਾਬੀ 'ਚ ਗਾਉਣ ਤੋਂ ਇਲਾਵਾ ਮਾਨ ਸਾਬ੍ਹ ਹਿੰਦੀ, ਬੰਗਾਲੀ, ਤਾਮਿਲ, ਹਰਿਆਣਵੀ ਤੇ ਰਾਜਸਥਾਨੀ ਭਾਸ਼ਾਵਾਂ 'ਚ ਮੁਹਾਰਤ ਰੱਖਦੇ ਹਨ। ਇਕ ਅਭਿਨੇਤਾ ਦੇ ਰੂਪ 'ਚ ਉਨ੍ਹਾਂ ਨੇ ਪੰਜਾਬੀ, ਹਿੰਦੀ ਤੇ ਤਾਮਿਲ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਫਿਲਮ 'ਵਾਰਿਸ ਸ਼ਾਹ' ਵਿਚਲੀ ਪ੍ਰਮੁੱਖ ਭੂਮਿਕਾ ਨੇ ਸਭ ਨੂੰ ਆਪਣੇ ਹੋਰ ਨੇੜੇ ਲਿਆਂਦਾ। ਜੋ ਪੰਜਾਬ ਦੇ ਮਹਾ-ਕਾਵਿ ਕਿੱਸਾ 'ਹੀਰ ਰਾਂਝਾ' ਨੂੰ ਲਿਖਣ ਵਾਲੇ ਵਾਰਿਸ ਸ਼ਾਹ 'ਤੇ ਆਧਾਰਿਤ ਸੀ। ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਪ੍ਰਿਟੀ ਜ਼ਿੰਟਾ ਦੇ ਨਾਲ ਵੀਰ-ਜ਼ਾਰਾ ਫਿਲਮ 'ਚ ਇਕ ਵਿਸ਼ੇਸ਼ ਦਿੱਖ ਦਿੱਤੀ।

2011 'ਚ ਚੰਡੀਗੜ੍ਹ 'ਚ ਮਾਨ ਸਾਬ੍ਹ ਦੀ ਪ੍ਰੈੱਸ ਕਾਨਫਰੰਸ ਸੀ। ਉਨ੍ਹਾਂ ਦੀ ਸ਼ਾਇਦ ਕੋਈ ਨਵੀਂ ਫ਼ਿਲਮ ਜਾਂ ਐਲਬਮ ਆ ਰਹੀ ਸੀ। ਹੋਟਲ ਦੇ ਬਾਹਰ ਇਕ ਬੰਦਾ ਖੜ੍ਹਾ ਸੀ। ਨੌਜਵਾਨ ਦੀ ਉਮਰ ਦਾ ਸੀ ਪਰ ਉਸ ਬੰਦੇ ਦੇ ਵਾਲ ਰੁੱਖੇ ਜਿਹੇ ਤੇ ਕੱਪੜੇ ਗੰਦੇ ਜਿਹੇ ਪਾਏ ਹੋਏ ਸਨ। ਉਹ ਸਾਰਿਆਂ ਨੂੰ ਇਕੋ ਗੱਲ ਕਹਿ ਰਿਹਾ ਸੀ ਕਿ 'ਮੈਂ ਗੁਰਦਾਸ ਮਾਨ ਸਾਬ੍ਹ ਨੂੰ ਮਿਲਣਾ ਹੈ, ਮੈਨੂੰ ਉਨ੍ਹਾਂ ਨਾਲ ਮਿਲਵਾ ਦਿਓ'। ਅਖੀਰ ਕਾਨਫਰੰਸ ਸ਼ੁਰੂ ਹੋ ਗਈ। ਕਿਸੇ ਨੇ ਮਾਨ ਸਾਬ੍ਹ ਨੂੰ ਉਸ ਆਦਮੀ ਬਾਰੇ ਦੱਸਿਆ। ਉਨ੍ਹਾਂ ਆਪਣੀ ਟੀਮ ਵੱਲ ਦੇਖਿਆ ਤਾਂ ਉਹ ਉਸ ਬੰਦੇ ਨੂੰ ਅੰਦਰ ਲੈ ਆਏ। ਉਹ ਬੰਦਾ ਸਟੇਜ ਵੱਲ ਪਾਗਲਾਂ ਵਾਂਗ ਭੱਜਿਆ।
ਮਾਨ ਸਾਬ੍ਹ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਉਸ ਆਦਮੀ ਨੇ ਦੱਸਿਆ ਕਿ ਉਸ ਕੋਲ ਆਉਣ ਲਈ ਪੈਸੇ ਨਹੀਂ ਸਨ। ਉਸ ਨੇ ਕਦੇ ਕਿਸੇ ਕੋਲੋਂ ਲਿਫਟ ਮੰਗੀ ਤੇ ਕਦੇ ਪੈਦਲ ਤੁਰਿਆ, ਦੋ ਦਿਨਾਂ 'ਚ ਇੱਥੇ ਪਹੁੰਚਿਆ ਹੈ। ਇਹ ਸਭ ਸੁਣ ਕੇ ਮਾਨ ਸਾਬ੍ਹ ਦੀਆਂ ਅੱਖਾਂ ਭਰ ਗਈਆਂ ਤੇ ਉਹ ਆਪਣੇ ਚਾਹੁਣ ਵਾਲੇ ਦੇ ਪੈਰਾਂ ਨੂੰ ਹੱਥ ਲਾਉਣ ਲੱਗੇ ਤੇ ਬੋਲੇ ਕਿ ਇਨ੍ਹਾਂ ਸਭ ਦੀ ਬਦੌਲਤ ਹੀ ਉਹ ਇੱਥੋਂ ਤੱਕ ਪਹੁੰਚੇ ਹਨ।
ਇਹ ਸਭ ਮੇਰਾ ਰੱਬ ਹਨ। ਇਹ ਹੈ ਮਾਨ ਸਾਬ੍ਹ ਦੀ ਨਿਮਰਤਾ, ਪਿਆਰ ਜੋ ਅੱਜ ਤੱਕ ਬਰਕਰਾਰ ਹੈ।


ਗੁਰਦਾਸ ਮਾਨ ਸਾਬ੍ਹ 54ਵੇਂ ਕੌਮੀ ਫਿਲਮ ਐਵਾਰਡਜ਼ 'ਚ ਸਰਵੋਤਮ ਪਿੱਠਵਰਤੀ ਗਾਇਕ ਲਈ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਇਕੋ-ਇਕ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਫ਼ਿਲਮ 'ਵਾਰਿਸ ਸ਼ਾਹ' 'ਚ ਹੀਰ ਦੇ ਬੈਂਤ ਗਾਏ ਸਨ।
ਉਨ੍ਹਾਂ ਦੇ ਪ੍ਰਸਿੱਧ ਗੀਤ 'ਕੀ ਬਣੂ ਦੁਨੀਆ ਦਾ' ਦੀ ਹਰ ਪਾਸੇ ਚਰਚਾ ਹੋਈ। ਇਹ ਗੀਤ 15 ਅਗਸਤ 2015 ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਇਸ ਨੇ 1 ਹਫਤੇ 'ਚ ਯੂਟਿਊਬ 'ਤੇ 3 ਮਿਲੀਅਨ ਤੋਂ ਵੱਧ ਵਿਊਜ਼ ਦਰਜ ਕੀਤੇ ਸਨ।
ਵੈਸੇ ਤਾਂ ਇਹ ਸਭ ਗੱਲਾਂ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਉਹ ਕਿਸੇ ਤਾਰੀਫ਼ ਦੇ ਮੁਥਾਜ ਨਹੀਂ ਹਨ ਪਰ ਉਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ।


Tags: Gurdas Maan Birthday Living Legend Punjabi Singer