FacebookTwitterg+Mail

18 ਫਰਵਰੀ ਗੁਰਮੀਤ ਬਾਵਾ ਦੇ ਜਨਮ ਦਿਨ 'ਤੇ ਵਿਸ਼ੇਸ਼ ਉਹਨਾਂ ਦੀ 50 ਸਾਲਾਂ ਗਾਇਕੀ ਦਾ ਜਸ਼ਨ

gurmeet bawa birthday
18 February, 2018 07:18:44 PM

ਜਦੋਂ ਤੈਨੂੰ ਖੁਦ 'ਤੇ ਵਿਸ਼ਵਾਸ਼ ਨਹੀ ਰਹਿੰਦਾ ਤਾਂ ਯਾਦ ਕਰੀ ਮੈਂ ਹਾਂ ਜੋ ਤੇਰੇ 'ਤੇ ਭਰੌਸਾ ਕਰਦਾ ਹਾਂ।ਆਪਣੇ ਵਿਸ਼ਵਾਸ਼ ਲਈ ਨਾ ਸਹੀ ਮੇਰੇ ਵਿਸ਼ਵਾਸ਼ ਲਈ ਤੂੰ ਕਰ ਸਕਦੀ ਏ।ਤੇਰੇ 'ਤੇ ਮੇਰੇ ਵਿਚਲਾ ਰਿਸ਼ਤਾ ਏਸੇ ਗੱਲ ਦਾ ਗਵਾਹ ਏ।ਸਿਰਫ ਮੇਰਾ ਹੀ ਨਹੀਂ ਸੰਸਾਰ ਦਾ ਹਰ ਉਹ ਰਿਸ਼ਤਾ ਜੋ ਰੂਹਾਂ ਦੇ ਮੇਲੇ 'ਚ ਭਾਵਨਾ ਸੰਗ ਇੱਕ ਦੂਜੇ ਦੀ ਪ੍ਰੇਰਣਾ ਬਣਦਾ ਏ।ਉਸ ਜ਼ਿੰਦਗੀ ਦੀ ਬੁਣਕਾਰੀ ਦਾ ਰਿਸ਼ਤਾ ਏ ਜਿਹਨੂੰ ਕਿਸੇ ਸਮਾਜਵਾਦ ਜਾਂ ਕਿਸੇ ਨਾਰੀਵਾਦ ਦੀ ਮੋਹਰ ਦੀ ਲੋੜ ਨਹੀਂ।ਆਦਮ ਤੇ ਹਵਾ ਦਾ ਰਿਸ਼ਤਾ ਸ਼ੁਰੂ ਤੋਂ ਬਰਾਬਰ ਆਪਣੇ ਸਾਹਵਾਂ ਦੀ ਬਰਕਤ ਨੂੰ ਇੱਕਠੇ ਮਾਨਣ ਲਈ ਬਣਿਆ ਸੀ ਅਤੇ ਇੱਕਠੇ ਗੁਨਾਹਾਂ ਦੀ ਸਜ਼ਾ ਭੁਗਤਨ ਲਈ ਆਇਆ ਸੀ।ਪਤਾ ਨਹੀਂ ਕਦੋਂ ਤੋਂ ਮਰਦ ਮਾਲਕ ਬਣ ਗਿਆ ਅਤੇ ਜਨਾਨੀ ਦਾਸੀ ਬਣ ਗਈ। ਮੈਂ ਆਪਣੇ ਉਸ ਮਰਦਾਵੇਂਪਣ ਨੂੰ ਜਲਾਕੇ ਫ਼ਿਰ ਮਨੁੱਖ ਦੇ ਰੂਪ 'ਚ ਆਇਆ ਹਾਂ ਅਤੇ ਤੈਨੂੰ ਆਪਣੇ ਜ਼ਿੰਦਗੀ ਦੇ ਸਾਝੇ ਅਕਾਉਂਟ 'ਚ ਮਨੁੱਖ ਦੇ ਰੂਪ 'ਚ ਆਪਣਾ ਸਾਥੀ ਮੰਨਦਾ ਹਾਂ ।ਮੈਂ ਇੱਕ 'ਤੇ ਤੂੰ ਦੋ ਨਹੀਂ ।ਇਹ ਗਿਣਤੀਆਂ ਮਿਣਤੀਆਂ ਹੋਣਾ ਬੜੀ ਪੁਆੜੇ ਦੀ ਜੱੜ੍ਹ ਏ ਸੱਜਣਾ !

50 ਸਾਲਾਂ ਰਿਸ਼ਤੇ ਦੀ ਕਹਾਣੀ
50 ਸਾਲ ਦੀ ਰਿਸ਼ਤੇ ਦੀ ਕਹਾਣੀ ਅਤੇ ਜ਼ਿੰਦਗੀ ਦਾ ਕੁਲ ਜਮ੍ਹਾਂ ਬਾਕੀ ਸਿਰਫ ਤੇ ਸਿਰਫ ਜ਼ਿੰਦਗੀ ਦਾ ਸਾਥ,ਇੱਕ ਦੂਜੇ ਲਈ ਸਮਰਪਣ,ਇੱਜ਼ਤ ਅਤੇ ਸੰਗੀਤ ! ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਦੀ ਕਹਾਣੀ ਕੁਝ ਅਜਿਹੀ ਪ੍ਰੇਮ ਕਹਾਣੀ ਹੈ।ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਦੇ ਇਲਾਕਿਆਂ 'ਚ ਪੜ੍ਹਾਉਂਦੇ ਹੋਏ ਦੋ ਸਰਕਾਰੀ ਅਧਿਆਪਕਾਂ ਨੇ ਕਦੀ ਮਿਲਣਾ ਸੀ,ਇਹਨੂੰ ਸੰਜੋਗ ਕਹਿੰਦੇ ਹਨ।ਜੱਟਾਂ ਦੀ ਕੁੜੀ ਗੁਰਮੀਤ ਕੌਰ ਗਾਉਂਦੀ ਸੀ,ਬੁਲੰਦ ਅਵਾਜ਼ ਸੀ।
“ਕਿਰਪਾਲ ਬਾਵਾ ਹੱਸਦੇ ਹੋਏ ਦੱਸਦੇ ਹਨ ਕਿ ਮੈਂ ਕਿਹਾ ਸੀ ਕਿ ਭਾਂਡਾ ਚੰਗਾ ਏ ਪਰ ਮਾਂਜਨਾ ਪਵੇਗਾ।”

ਕਿਰਪਾਲ ਬਾਵਾ ਕਹਿੰਦੇ ਹਨ ਕਿ ਮੈਂ ਗੁਰਮੀਤ ਨੂੰ ਸਟੇਜ 'ਤੇ ਸੁਣਿਆ ਸੀ ਅਤੇ ਮੈਨੂੰ ਇਸ 'ਚ ਲੋਕ ਰੰਗ ਨਜ਼ਰ ਆਇਆ।
ਇੱਕ ਦੂਜੇ ਦੀਆਂ ਯਾਦਾਂ ਨੂੰ ਖੰਘਾਲਦੇ ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਬੜੇ ਉਤਸ਼ਾਹ ਨਾਲ ਇੱਕ ਦੂਜੇ ਬਾਰੇ ਬਿਆਨ ਕਰਦੇ ਜਾ ਰਹੇ ਹਨ।
ਗੁਰਮੀਤ ਬਾਵਾ ਦੱਸਦੇ ਹਨ ਕਿ ਉਹਨਾਂ ਨੇ ਮੇਰੇ ਘਰ ਵਿਆਹ ਦੀ ਗੱਲ ਕੀਤੀ।ਕਿਰਪਾਲ ਜੀ ਬੇਦੀ ਸਨ ਅਸੀਂ ਜੱਟ ਪਰ ਜਾਤ-ਪਾਤ ਦੀ ਕੋਈ ਗੱਲ ਨਹੀਂ ਸੀ।ਕਿਰਪਾਲ ਬਾਵਾ ਜਾਤ-ਪਾਤ ਨੂੰ ਨਾ ਮੰਨਦਿਆਂ ਆਪਣੀ ਬੇਦੀ ਵਿਰਾਸਤ ਅਤੇ ਗੁਰੁ ਨਾਨਕ ਦੇਵ ਜੀ ਦੇ ਫਲਸਫੇ ਦਾ ਹਵਾਲਾ ਦਿੰਦੇ ਹਨ।ਉਹਨਾਂ ਮੁਤਾਬਕ ਉਹਨਾਂ ਨੇ ਬੇਦੀ ਨਾਮ ਨਾਲ ਇਸ ਲਈ ਨਹੀਂ ਵਰਤਿਆ ਕਿ ਜ਼ਿੰਦਗੀ 'ਚ ਗੀਤਕਾਰੀ ਕਰਦਿਆਂ ਕੋਈ ਭੁੱਲ ਹੋਈ ਤਾਂ ਬੇਦੀ ਨਾਮ ਖਰਾਬ ਨਾ ਹੋਵੇ।ਉਹਨਾਂ ਆਪਣੇ ਨਾਮ ਨਾਲ ‘ਬਾਵਾ’ ਜੋੜਿਆ।
ਇਸੇ ਸਿਲਸਿਲੇ 'ਚ ਗੁਰਮੀਤ ਬਾਵਾ ਦੱਸਦੇ ਹਨ ਕਿ ਮੈਂ ਤਾਂ ਵਿਆਹ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਅਤੇ ਇਸ ਲਈ ਮੇਰੀ ਪ੍ਰੇਰਣਾ,ਮੇਰੀ ਸਿਖਲਾਈ ਕਿਰਪਾਲ ਬੇਦੀ ਜੀ ਨੇ ਹੀ ਕੀਤੀ ਪਰ ਜਵਾਨੀ 'ਚ ਕਿਰਪਾਲ ਹੁਣਾਂ ਦੀ ਹੀਰ ਬਹੁਤ ਮਸ਼ਹੂਰ ਸੀ।ਪਰ ਉਹਨਾਂ ਨੇ ਇੱਕ ਸਮੇਂ ਤੋਂ ਬਾਅਦ ਕਦੀ ਗਾਇਆ ਨਹੀਂ।
ਗੁਰਮੀਤ ਬਾਵਾ ਦੱਸਦੇ ਹਨ ਕਿ ਮੇਰੀ ਗਾਇਕੀ ਪੰਜਾਬ ਦੀ ਗਾਇਕੀ ਨਾ ਬਣਦੀ ਜੇ ਕਿਰਪਾਲ ਬਾਵਾ ਹੁਣੀ ਆਪਣੇ ਫੈਸਲੇ 'ਤੇ ਕਾਇਮ ਨਾ ਰਹਿੰਦੇ।ਗਾਇਨ ਨੂੰ ਲੈਕੇ ਪਰਿਵਾਰ 'ਚ ਕੁਝ ਝਿਜਕ ਸੀ।ਪੇਕਿਆਂ ਦਾ ਨਜ਼ਰੀਆ ਸੀ ਕਿ ਮੁੰਡਾ ਚੰਗਾ ਹੈ ਜੋ ਕਰੇਗਾ ਸਹੀ ਹੀ ਕਰੇਗਾ।ਸਹੁਰੇ ਪਰਿਵਾਰ 'ਚ ਜੋ ਗੁੰਝਲਾਂ ਸਨ ਉਹਨਾਂ ਨੂੰ ਬਹੁਤ ਸਹਿਜਤਾ ਨਾਲ ਕਿਰਪਾਲ ਬਾਵਾ ਨੇ ਕੱਢੀਆਂ।

ਦਾਦੀ ਕਹਿੰਦੀ ਸੀ
ਗੁਰਮੀਤ ਬਾਵਾ ਦੱਸਦੇ ਹਨ ਕਿ ਸਾਡੇ ਰਿਸ਼ਤੇ ਤੋਂ ਮੇਰੀ ਦਾਦੀ ਬਹੁਤ ਖੁਸ ਸੀ।ਉਹਨਾਂ ਦਾ ਕਹਿਣਾ ਸੀ ਬੇਦੀਆਂ ਦੇ ਕੁੜੀ ਜਾ ਰਹੀ ਹੈ।ਬਾਬੇ ਨਾਨਕ ਦਾ ਪਰਿਵਾਰ ! (ਗੁਰੁ ਨਾਨਕ ਦੇਵ ਜੀ ਬੇਦੀ ਕੁੱਲ ਨਾਲ ਸਬੰਧ ਰੱਖਦੇ ਸਨ,ਇਸ ਕਰਕੇ ਬੇਦੀ ਪਰਿਵਾਰ ਲਈ ਦਾਦੀ ਦੇ ਮੰਨ 'ਚ ਬਹੁਤ ਆਦਰ ਸੀ।) ਇਸ ਤੋਂ ਖੂਬਸੂਰਤ ਗੱਲ ਕੀ ਹੋ ਸਕਦੀ ਹੈ।ਵੱਡੇ ਲੋਕਾਂ ਦੇ ਖੁਸ਼ ਹੋਣ ਦੇ ਆਪਣੇ ਮਾਇਨੇ ਹੁੰਦੇ ਹਨ।

ਪਤਨੀ ਦੀ ਕਾਮਯਾਬੀ 
ਅਜਿਹੇ ਕਿੰਨੇ ਹਵਾਲੇ ਹਨ ਕਿ ਘਰਵਾਲੀ ਦੀ ਕਾਮਯਾਬੀ ਬੰਦੇ ਦੇ ਅੰਦਰ ਵੱਸਦੇ ਮਰਦਾਵੇਂ ਸੁਭਾਅ ਨੂੰ ਚੰਗੀ ਨਹੀਂ ਲੱਗਦੀ।ਇਸ ਦੌਰ ਅੰਦਰ ਲਿੰਗ ਸਮਾਨਤਾ ਦੀ ਗੱਲਾਂ ਤੋਂ ਪਹਿਲਾਂ ਦੇ ਸਮੇਂ ਦੀ ਦੋਵਾਂ ਦੀ ਕਹਾਣੀ ਹੈ।ਕਿਰਪਾਲ ਬਾਵਾ ਹੁਣਾਂ ਨੂੰ ਕੀ ਮਹਿਸੂਸ ਹੋਇਆ ਜਾਂ ਗੁਰਮੀਤ ਬਾਵਾ ਕੀ ਸੋਚਦੇ ਸਨ।
ਇਹਨਾਂ ਗੱਲਾਂ ਬਾਰੇ ਗੁਰਮੀਤ ਬਾਵਾ ਕਹਿੰਦੇ ਕਿ ਕਿਰਪਾਲ ਤੋਂ ਬਿਨਾਂ ਗੁਰਮੀਤ ਬਾਵਾ ਨਹੀਂ ਹੋ ਸਕਦੀ ਸੀ।ਸਟੇਜ 'ਤੇ ਸਨਮਾਣ ਮੇਰਾ ਸੀ,ਤਾੜੀਆਂ ਮੈਨੂੰ ਸਨ ਪਰ ਉਸ ਪਿੱਛੇ ਕਿਰਪਾਲ ਬਾਵਾ ਦਾ ਵਿਸ਼ਵਾਸ਼ ਸੀ ਜੋ ਉਹਨਾਂ ਆਪਣੀ ਪਤਨੀ ਲਈ ਵਿਖਾਇਆ।ਇਹੋ ਤਾਂ ਪਿਆਰ ਹੈ।ਗੁਰਮੀਤ ਬਾਵਾ ਕਹਿੰਦੇ ਹਨ ਕਿ ਇਸ ਤੇਰ ਮੇਰ ਤੋਂ ਪਾਰ ਰਿਸ਼ਤਿਆਂ 'ਚ ਸਿਹਰਾ ਲੈਣਾ,ਖੁਦ 'ਤੇ ਦਾਵੇ ਕਰਨੇ ਬੰਦ ਕਰ ਦਿਓ ਤਾਂ ਪਿਆਰ ਦੀਆਂ ਰਾਹਵਾਂ ਦੀ ਅਸਲ ਕਹਾਣੀ ਸਮਝ ਆਵੇਗੀ।ਬਿਨ ਬਾਵਾ ਤੋਂ ਗੁਰਮੀਤ ਬਾਵਾ ਕੀ ? 
ਮੇਰੇ ਪਿਤਾ ਜੀ ਕਹਿੰਦੇ ਸਨ ਕਿ ਉਹ ਮੁੰਡਾ ਬਹੁਤ ਸਿਆਣਾ ਹੈ ਅਤੇ ਉਹ ਜੋ ਕਰੇਗਾ ਠੀਕ ਕਰੇਗਾ।ਉਹਦੇ 'ਤੇ ਹਮੇਸ਼ਾ ਭਰੋਸਾ ਕਰੀਂ।ਪਰ ਜਵਾਬ 'ਚ ਕਿਰਪਾਲ ਬਾਵਾ ਕਹਿੰਦੇ ਹਨ ਕਿ ਮੈਨੂੰ ਗੁਰਮੀਤ ਬਾਵਾ 'ਤੇ ਭਰੋਸਾ ਸੀ।

ਤੇਰਾ ਨਾਂ ਮੇਰਾ ਨਾਂ,ਮੇਰਾ ਨਾਂ ਤੇਰਾ ਨਾਂ !
ਖੁਦ ਨੂੰ ਮਨਫੀ ਕਰ ਆਪਣੀ ਜ਼ਿੰਦਗੀ ਦੇ ਹਮਸਫਰ ਨੂੰ ਤਰਜੀਹ ਦੇਣ ਦਰਮਿਆਨ ਮਨੁੱਖੀ ਫਿਤਰਤ ਹੈ ਕਿ ਇੱਕ ਦੂਜੇ ਨੂੰ ਲੈਕੇ ਹਜ਼ਾਰਾਂ ਈਰਖਾਵਾਂ ਆ ਜਾਂਦੀਆਂ ਹਨ।ਮਨ-ਮੁਟਾਵ ਹੋ ਜਾਂਦਾ ਹੈ।ਸਈਂ ਪਰਾਂਜਪੇ ਦੀ ਫਿਲਮ ‘ਸਾਜ਼’ ਸੰਗੀਤ ਇੰਡਸਟਰੀ 'ਚ ਕੰਮ ਕਰਦੀਆਂ ਦੋ ਭੈਣਾਂ ਦੀ ਕਹਾਣੀ ਹੈ।ਅਮਿਤਾਬ ਬੱਚਨ ਜਯਾ ਬੱਚਨ ਦੀ ਫਿਲਮ ‘ਅਭਿਮਾਨ’ ਆਮਿਰ ਖ਼ਾਨ ਦੀ ਫਿਲਮ ਅਕੇਲੇ ਹਮ ਅਕੇਲੇ ਤੁਮ ਅਤੇ ਤਨੂਜਾ ਚੰਦਰਾ ਦੀ ਫਿਲਮ ਸੁਰ ਅਜਿਹੀਆਂ ਕਹਾਣੀਆਂ ਨੂੰ ਬਿਆਨ ਕਰਦੀ ਹੈ।ਸਿਨੇਮਾ ਅਤੇ ਜ਼ਿੰਦਗੀ ਦਰਮਿਆਨ ਅਜਿਹਾ ਜ਼ਿਕਰ ਬਾਵਾ ਪਰਿਵਾਰ 'ਚ ਜਦੋਂ ਤੁਰਿਆ ਤਾਂ ਗੁਰਮੀਤ ਬਾਵਾ ਨੇ ਮੱਧ ਪ੍ਰਦੇਸ਼ ਦਾ ਕਿੱਸਾ ਬਿਆਨ ਕੀਤਾ-
“ਇਹਨਾਂ ਹਵਾਲਿਆਂ ਦਾ ਜ਼ਿਕਰ ਸਾਡੀ ਜ਼ਿੰਦਗੀ ਨਾਲ ਸਦਾ ਤੁਰਦਾ ਆਇਆ ਹੈ।ਜਦੋਂ ਮੈਨੂੰ ਦੇਵੀ ਅਹੱਲਿਆ ਪੁਰਸਕਾਰ ਮਿਲਿਆ ਸੀ।ਭੁਪਾਲ 'ਚ ਮੈਨੂੰ ਕਿਸੇ ਨੇ ਕਿਹਾ ਕਿ ਅਜਿਹੀ ਗੱਲ ਹੈ ? ਮੈਂ ਬਾਵਾ ਜੀ ਨੂੰ ਕਿਹਾ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਮੰਚ 'ਤੇ ਪੁਰਸਕਾਰ ਲੈਂਦੀ ਹਾਂ ਅਤੇ ਤੁਸੀ ਇੰਝ ਪੰਡਾਲ 'ਚ ਬੈਠੇ ਹੁੰਦੇ ਹੋ।ਬਾਵਾ ਜੀ ਬੋਲੇ ਇੰਝ ਨਹੀਂ ਸੋਚੀਦਾ,ਤੇਰਾ ਨਾਂ ਮੇਰਾ ਨਾਂ,ਮੇਰਾ ਨਾਂ ਤੇਰਾ ਨਾਂ ! ਤੇਰੀ ਹਰ ਤਰੱਕੀ ਨਾਲ,ਤੇਰੇ ਹਰ ਸਾਹ ਨਾਲ ਮੇਰਾ ਜਿਊਣਾ ਵੀ ਤਾਂ ਯਕੀਨੀ ਹੁੰਦਾ ਹੈ।” 

ਗਾਇਕੀ ਦਾ ਸਫ਼ਰ
ਪਰਿਵਾਰ ਦੇ ਵਿਰੋਧ 'ਚ ਕਿਰਪਾਲ ਬਾਵਾ ਦੀ ਭੈਣ ਨੇ ਮਸਲਾ ਹੱਲ ਕੀਤਾ।ਕਿਰਪਾਲ ਬਾਵਾ ਮੁਤਾਬਕ  ਉਹਨਾਂ ਦੀ ਭੈਣ ਨੇ ਕਿਹਾ ਕਿ ਜੇ ਇੰਝ ਹੀ ਹੈ ਤਾਂ ਆਪਣਾ ਨਾਮ ਬਣਾਕੇ ਵਿਖਾਓ।ਉਹਨਾਂ ਸਮਿਆਂ 'ਚ ਅੰਮ੍ਰਿਤਸਰ ਰਿਲੇ ਸਟੇਸ਼ਨ ਹੁੰਦਾ ਸੀ।ਪਰ ਰਿਕਾਰਡਿੰਗ ਦਿੱਲੀ ਹੁੰਦੀ ਸੀ।ਅਸੀਂ ਦਿੱਲੀ ਰਿਕਾਰਡਿੰਗ ਕਰਵਾਉਣ ਜਾਇਆ ਕਰਨਾ ਅਤੇ ਫਿਰ ਉਹ ਰਿਕਾਰਿਡਿੰਗ ਅੰਮ੍ਰਿਤਸਰ ਆਇਆ ਕਰਨੀ।ਰੇਡੀਓ ਦੇ ਨਾਲ ਨਾਲ ਐੱਚ.ਐੱਮ.ਵੀ ਕੰਪਨੀ ਤੋਂ ਪੇਸ਼ਕਸ਼ ਹੋਈ।ਗੁਰਮੀਤ ਬਾਵਾ ਦੀ ਅਵਾਜ਼ 'ਚ ਤਵੇ ਆਉਣ ਲੱਗ ਪਏ।ਸਾਲ ਡੇੜ ਸਾਲ 'ਚ ਇੱਕ ਨਾਮ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਸਾਡੇ ਲਈ ਪਰਿਵਾਰ ਦਾ ਨਜ਼ਰੀਆ ਬਦਲ ਗਿਆ।
ਗੁਰਮੀਤ ਬਾਵਾ ਕਹਿੰਦੇ ਹਨ ਕਿ ਸਹੁਰੇ ਪਰਿਵਾਰ ਦਾ ਜੋ ਵੀ ਵਿਰੋਧ ਸੀ ਉਸ ਲਈ ਉਹਨਾਂ ਕਦੀ ਮੇਰੇ ਨਾਲ ਗੱਲ ਨਹੀਂ ਕੀਤੀ।ਜੋ ਵੀ ਬਹਿਸ ਜਾਂ ਗੱਲਬਾਤ ਹੁੰਦੀ ਸੀ ਉਹ ਕਿਰਪਾਲ ਬਾਵਾ ਹੁਣਾਂ ਨਾਲ ਹੀ ਹੁੰਦੀ ਸੀ।ਇਹ ਉਹ ਜ਼ਮਾਨਾ ਸੀ ਜਦੋਂ ਸਹੁਰੇ ਸਾਹਮਣੇ ਘੁੰਢ ਕੱਢਕੇ ਜਾਣਾ।ਗੁਰਮੀਤ ਬਾਵਾ ਮੁਤਾਬਕ ਉਹਨਾਂ ਦੇ ਸਹੁਰਾ ਸਾਹਬ ਨੇ ਬਾਅਦ 'ਚ ਕੁਝ ਨਿਯਮ ਇਹ ਬਣਾ ਲਏ ਸਨ ਕਿ ਜੇ ਤੁਸੀ ਜਾਣਾ ਹੈ ਤਾਂ ਮੇਰੇ ਤੋਂ ਪਹਿਲਾਂ ਜਾਂ ਮੇਰੇ ਜਾਣ ਤੋਂ ਬਾਅਦ ਜਾਇਆ ਕਰੋ।ਇੱਥੋਂ ਤੱਕ ਕਿ ਉਹਨਾਂ ਟੀਵੀ 'ਤੇ ਕਦੀ ਮੈਨੂੰ ਨਹੀਂ ਵੇਖਿਆ ਸੀ।ਉਹਨਾਂ ਦੂਰੋਂ ਹੀ ਪੁੱਛਣਾ ਕਿ ਮੈਨੂੰ ਦੱਸੋ ਗੁਰਮੀਤ ਅੱਗੋਂ ਕੀ ਕਹਿੰਦੀ ਹੈ ?

ਸਿਲਸਿਲਾ 50 ਸਾਲ ਦੀ ਗਾਇਕੀ ਦਾ
ਗੁਰਮੀਤ ਬਾਵਾ ਕਹਿੰਦੇ ਹਨ ਕਿ ਗਾਇਕੀ ਅਤੇ ਉਹਨਾਂ ਦੀ ਮੁਹੱਬਤ ਦੀ ਉੱਮਰ ਇਕੋ ਜਹੀ ਹੈ।50 ਸਾਲ ਹੀ ਉਹਨਾਂ ਦੀ ਗਾਇਕੀ ਨੂੰ ਹੋ ਗਏ ਹਨ ਅਤੇ 50 ਸਾਲ ਹੀ ਉਹਨਾਂ ਦੇ ਵਿਆਹ ਨੂੰ ਹੋ ਗਏ ਹਨ।ਬਿਨ ਸੰਗੀਤ ਜ਼ਿੰਦਗੀ ਕਾਹਦੀ ਅਤੇ ਜ਼ਿੰਦਗੀ 'ਚ ਸਾਥ ਬਿਨਾਂ ਮੁੱਹਬਤ ਕਾਹਦੀ ? ਸੰਗੀਤ-ਜ਼ਿੰਦਗੀ-ਮੁਹੱਬਤ ਇੱਕੋ ਰਾਹੇ ਮਾਣੀ ਹੈ ਅਤੇ ਇਹੋ ਜ਼ਿੰਦਗੀ ਦਾ ਸਰਮਾਇਆ ਹੈ।
ਬਾਵਾ ਹੁਣਾਂ ਦਾ ਕਹਿਣਾ ਹੈ ਕਿ ਨਰਿੰਦਰ ਬੀਬਾ,ਸੁਰਿੰਦਰ ਕੌਰ ਸਭ ਇੱਕ ਇੱਕ ਕਰਕੇ ਤੁਰ ਗਏ।ਉਹ ਦੌਰ ਹੋਰ ਸੀ।ਇਹ ਦੌਰ ਵੀ ਬੇ-ਉਮੀਦਾ ਨਹੀਂ।ਚੰਗੀ ਗਾਇਕੀ ਅਤੇ ਪੰਜਾਬ ਦੀ ਖੁਸ਼ਬੋ ਨੂੰ ਸਹੇਜਦੇ ਰਹੇ ਹਾਂ ਅਤੇ ਅੱਗੋਂ ਮੇਰੀਆਂ ਕੁੜੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਵੀ ਉਸੇ ਸਿਲਸਿਲੇ ਨੂੰ ਅੱਗੇ ਤੋਰ ਰਹੀਆਂ ਹਨ।ਜ਼ਿੰਦਗੀ 'ਚ ਕਰਨ ਕਰਾਵਣ ਵਾਲਾ ਰੱਬ ਹੈ ਬੱਸ ਅਸੀਂ ਕਰਦੇ ਗਏ ਅਤੇ ਉਹ ਕਰਾਉਂਦਾ ਗਿਆ।
ਕਮਲਿਆ !
ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ ?

ਸਵਾਲ
50 ਸਾਲ ਦੀ ਗਾਇਕੀ 'ਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਿਸ ਘੜੀ ਨੂੰ ਉਡੀਕ ਰਹੀ ਹੈ।ਲਾਚੀ ਬਾਵਾ ਅਤੇ ਗਲੋਰੀ ਬਾਵਾ ਕਹਿੰਦੇ ਹਨ ਕਿ ਸਾਫ ਸੁਥਰੀ ਗਾਇਕੀ ਅਤੇ ਆਪਣੀ ਉੱਮਰ ਦੇ ਇਕਲੌਤੇ ਲੰਮੀਆਂ ਹੇਕਾਂ 'ਚ ਗਾਉਣ ਵਾਲੀ ਗੁਰਮੀਤ ਬਾਵਾ ਨੂੰ,ਉਹਨਾਂ ਦੀ ਸਾਫ ਸੁਥਰੀ ਗਾਇਕੀ ਲਈ ‘ਪਦਮ ਸ਼੍ਰੀ’ ਪੁਰਸਕਾਰ ਲਈ ਏਨੀ ਦੇਰ ਕਿਉਂ ਹੋ ਰਹੀ ਹੈ।
—ਹਰਪ੍ਰੀਤ ਸਿੰਘ ਕਾਹਲੋਂ 


Tags: Gurmeet Bawa Birthday Punjabi Singer ਗੁਰਮੀਤ ਬਾਵਾ ਜਨਮ ਦਿਨ

Edited By

Rahul Singh

Rahul Singh is News Editor at Jagbani.