FacebookTwitterg+Mail

'ਪੰਜਾਬ ਕੇਸਰੀ' ਨਾਲ ਹਿਮੇਸ਼ ਰੇਸ਼ਮੀਆ ਦੀ ਖਾਸ ਗੱਲਬਾਤ, ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਕੀਤੀ ਚਰਚਾ

himesh reshammiya special interview
24 January, 2017 04:02:15 PM
16 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਿਮੇਸ਼ ਰੇਸ਼ਮੀਆ ਅੱਜ ਫਿਲਮ ਇੰਡਸਟਰੀ ਦੀਆਂ ਨਾਮਵਰ ਸ਼ਖਸੀਅਤਾਂ 'ਚੋਂ ਇਕ ਹਨ। ਜ਼ੀ ਟੀ. ਵੀ. ਨਾਲ ਹਿਮੇਸ਼ ਦਾ ਕਾਫੀ ਪੁਰਾਣਾ ਨਾਤਾ ਹੈ। ਹਿਮੇਸ਼ ਨੇ ਜ਼ੀ ਟੀ. ਵੀ. ਦੇ ਸ਼ੋਅ 'ਅੰਦਾਜ਼' ਨੂੰ ਪ੍ਰੋਡਿਊਸ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਕ ਸਾਲ 'ਚ 650 ਦੇ ਕਰੀਬ ਹਿੱਟ ਗੀਤ ਦੇ ਕੇ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ। ਪਿਛਲੇ ਦਿਨੀਂ 'ਸਾ ਰੇ ਗਾ ਮਾ ਪਾ : ਲਿਟਲ ਚੈਂਪਸ' ਦੇ ਦਿੱਲੀ ਆਡੀਸ਼ਨਜ਼ ਦੌਰਾਨ ਪੰਜਾਬ ਕੇਸਰੀ ਦੀ ਪੱਤਰਕਾਰ ਹਰਲੀਨ ਕੌਰ ਨੇ ਹਿਮੇਸ਼ ਰੇਸ਼ਮੀਆ ਨਾਲ ਖਾਸ ਮੁਲਾਕਾਤ 'ਚ ਹਿਮੇਸ਼ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ 'ਤੇ ਗੱਲਬਾਤ ਕੀਤੀ।
ਸਵਾਲ : 'ਸਾ ਰੇ ਗਾ ਮਾ ਪਾ : ਲਿਟਲ ਚੈਂਪਸ' ਨੂੰ ਇਕ ਵਾਰ ਫਿਰ ਜੱਜ ਕਰਨਾ ਕਿਹੋ-ਜਿਹਾ ਰਹੇਗਾ?
ਜਵਾਬ : 'ਸਾ ਰੇ ਗਾ ਮਾ ਪਾ : ਲਿਟਲ ਚੈਂਪਸ' ਨੂੰ ਜੱਜ ਕਰਨਾ ਮੇਰੇ ਲਈ ਘਰ ਵਾਪਸੀ ਕਰਨ ਵਰਗਾ ਹੈ ਕਿਉਂਕਿ ਜ਼ੀ ਟੀ. ਵੀ. ਹੀ ਸੀ, ਜਿਸ ਨੇ ਮੈਨੂੰ 16 ਸਾਲ ਦੀ ਉਮਰ 'ਚ ਪਹਿਲਾ ਬਰੇਕ ਦਿੱਤਾ ਸੀ ਤੇ ਮੈਂ ਜ਼ੀ ਟੀ. ਵੀ. ਲਈ ਲਗਭਗ 7 ਸ਼ੋਅਜ਼ ਨੂੰ ਪ੍ਰੋਡਿਊਸ ਕੀਤਾ ਹੈ। ਜਦੋਂ ਮੈਂ ਗਾਇਕੀ ਵੱਲ ਆਇਆ ਤਾਂ ਉਸ ਤੋਂ ਬਾਅਦ ਮੈਂ 'ਸਾ ਰੇ ਗਾ ਮਾ ਪਾ' ਦੇ ਤਿੰਨ ਸੀਜ਼ਨਜ਼ ਨੂੰ ਜੱਜ ਕੀਤਾ ਹੈ ਤੇ ਮੈਨੂੰ ਇਸ ਨਾਲ ਵਾਰ-ਵਾਰ ਜੁੜ ਕੇ ਬਹੁਤ ਚੰਗਾ ਲੱਗਦਾ ਹੈ। ਦੇਖਣਾ ਇਹ ਹੈ ਕਿ ਇਸ ਸਾਲ ਲਿਟਲ ਚੈਂਪਸ ਕੀ ਨਵਾਂ ਕਮਾਲ ਕਰਨਗੇ।
ਸਵਾਲ : ਹਿਮੇਸ਼ ਦੇ ਸਿੰਗਿੰਗ ਸਟਾਈਲ 'ਚ ਭਾਰਤੀ ਸੰਗੀਤ ਤੇ ਪੱਛਮੀ ਸੰਗੀਤ ਦਾ ਮੇਲ-ਜੋਲ ਕਿਉਂ ਹੈ?
ਜਵਾਬ : ਮੇਰਾ ਇਕ ਕੰਪੋਜ਼ਰ ਦੇ ਤੌਰ 'ਤੇ ਮੰਨਣਾ ਸੀ ਕਿ ਹਰ ਇਕ ਸਿੰਗਰ ਦੀ ਆਪਣੀ ਪਛਾਣ ਹੁੰਦੀ ਹੈ। ਤਾਂ ਜਦੋਂ ਕੰਪੋਜ਼ਰ ਹਿਮੇਸ਼ ਨੇ ਸਿੰਗਰ ਹਿਮੇਸ਼ ਨੂੰ ਲਾਂਚ ਕੀਤਾ ਤਾਂ ਮੇਰਾ ਮੰਨਣਾ ਸੀ ਕਿ ਮੇਰਾ ਸਟਾਈਲ ਕਿਸੇ ਨਾਲ ਮਿਲਣਾ ਨਹੀਂ ਚਾਹੀਦਾ। ਜੇਕਰ ਤੁਸੀਂ ਅਲੱਗ ਨਹੀਂ ਹੋ ਤਾਂ ਤੁਹਾਡੀ ਪਛਾਣ ਨਹੀਂ ਬਣ ਸਕਦੀ। ਕੰਪੋਜ਼ਰ ਦੇ ਨੋਟਸ ਨੂੰ ਜਦੋਂ ਸਿੰਗਰ ਪਿਕ ਕਰ ਲੈਂਦਾ ਹੈ ਤਾਂ ਸਿੰਗਰ ਹਿੱਟ ਹੋ ਜਾਂਦਾ ਹੈ। ਸਿੰਗਰ ਹਿਮੇਸ਼ਾ ਨੂੰ ਤਰੱਕੀ ਦਿਵਾਉਣ ਵਾਲੇ ਕੋਈ ਹੋਰ ਨਹੀਂ, ਸਗੋਂ ਕੰਪੋਜ਼ਰ ਹਿਮੇਸ਼ ਦੇ ਹੀ ਨੋਟਸ ਹਨ।
ਸਵਾਲ : ਤੁਹਾਡੇ ਲਈ ਬੱਚਿਆਂ ਨੂੰ ਜੱਜ ਕਰਨਾ ਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਕਿੰਨਾ ਆਸਾਨ ਰਹਿੰਦਾ ਹੈ?
ਜਵਾਬ : ਇਹ ਕੋਈ ਆਮ ਜਾਂ ਆਸਾਨ ਕੰਮ ਨਹੀਂ ਹੈ। ਪਹਿਲਾਂ ਤਾਂ ਬੱਚਿਆਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਸੰਭਾਲਣਾ ਬੇਹੱਦ ਮੁਸ਼ਕਿਲ ਹੈ ਕਿਉਂਕਿ ਬੱਚੇ ਬਹੁਤ ਭੋਲੇ ਤੇ ਮਾਸੂਮ ਹੁੰਦੇ ਹਨ ਤੇ ਉਨ੍ਹਾਂ ਦੀ ਸੈਂਸੀਟੀਵਿਟੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਸਾਡੇ ਲਈ ਹਰ ਬੱਚੇ ਦੇ ਟੈਲੇਂਟ ਨੂੰ ਬਾਹਰ ਕੱਢਣਾ ਕਾਫੀ ਮੁਸ਼ਕਿਲ ਰਹਿੰਦਾ ਹੈ। ਕਦੇ-ਕਦੇ ਸਾਨੂੰ ਉਨ੍ਹਾਂ ਨਾਲ ਨਰਮ ਤਾਂ ਕਦੇ ਸਖਤ ਹੋਣਾ ਪੈਂਦਾ ਹੈ। ਮੇਰਾ ਮੰਨਣਾ ਹੈ ਕਿ ਮੈਂ ਹੁਣ ਤਕ ਆਪਣੇ ਕਰੀਅਰ 'ਚ ਜੋ ਵੀ ਸਿੱਖਿਆ ਹੈ, ਉਹ ਮੈਂ ਇਨ੍ਹਾਂ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਾਂ। ਇਹ ਮੇਰਾ ਕਰਤੱਵ ਹੈ ਕਿ ਮੈਂ ਸਹੀ ਤੇ ਪੂਰੀ ਸਿੱਖਿਆ ਇਨ੍ਹਾਂ ਬੱਚਿਆਂ ਨੂੰ ਦੇਵਾਂ ਤਾਂ ਕਿ ਉਹ ਆਪਣੀ ਜ਼ਿੰਦਗੀ 'ਚ ਰੋਟੀ, ਮਕਾਨ ਤੇ ਬਰਕਤ ਪਾ ਸਕਣ।
ਸਵਾਲ : ਸਲਮਾਨ ਖਾਨ ਨਾਲ ਹਿਮੇਸ਼ ਦਾ ਰਿਸ਼ਤਾ ਕਿਹੋ-ਜਿਹਾ ਹੈ?
ਜਵਾਬ : 13 ਸਾਲ ਦੀ ਉਮਰ 'ਚ ਮੈਂ ਕੰਪੋਜ਼ਿੰਗ ਸ਼ੁਰੂ ਕਰ ਦਿੱਤੀ ਸੀ। ਮੇਰੇ ਪਿਤਾ ਨੇ ਸਲਮਾਨ ਨੂੰ ਅਭਿਨੇਤਾ ਦੇ ਤੌਰ 'ਤੇ ਸਾਈਨ ਕੀਤਾ ਸੀ, ਜਦੋਂ ਉਹ 'ਮੈਨੇ ਪਿਆਰ ਕੀਆ' ਫਿਲਮ ਕਰ ਰਹੇ ਸਨ। ਹਾਲਾਂਕਿ ਉਹ ਫਿਲਮ ਬਣ ਨਹੀਂ ਸਕੀ ਤੇ ਸਲਮਾਨ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਬ੍ਰੇਕ ਦੇਣਗੇ। ਮੈਂ ਉਸ ਬ੍ਰੇਕ ਦਾ ਇੰਤਜ਼ਾਰ ਕਰ ਰਿਹਾ ਸੀ। ਬਸ 'ਪਿਆਰ ਕੀਆ ਤੋ ਡਰਨਾ ਕਯਾ' ਨਾਲ ਬਤੌਰ ਕੰਪੋਜ਼ਰ ਮੈਨੂੰ ਪਛਾਣ ਮਿਲ ਗਈ ਤੇ ਫਿਲਮ ਹਿੱਟ ਰਹੀ ਤੇ ਸਿਲਸਿਲਾ ਸ਼ੁਰੂ ਹੋ ਗਿਆ ਮੇਰੀ ਗਾਇਕੀ ਦਾ।
ਸਵਾਲ : ਦੀਪਿਕਾ ਪਾਦੁਕੋਣ ਤੇ ਮੀਕਾ ਸਿੰਘ ਵਰਗੇ ਸਿਤਾਰਿਆਂ ਨੂੰ ਤੁਸੀਂ ਬ੍ਰੇਕ ਦਿੱਤੀ, ਇਸ 'ਤੇ ਕੀ ਕਹੋਗੇ?
ਜਵਾਬ : ਜਿਨ੍ਹਾਂ ਲੋਕਾਂ ਨੂੰ ਮੈਂ ਲਾਂਚ ਕੀਤਾ, ਉਹ ਆਪਣੀ ਬਦੌਲਤ ਕਾਮਯਾਬ ਹੋਏ। ਮੈਂ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਉਹ ਸਾਰੇ ਆਪਣੀ ਕਾਬਲੀਅਤ ਦੀ ਵਜ੍ਹਾ ਕਰਕੇ ਅੱਗੇ ਵਧੇ। ਦੀਪਿਕਾ ਵੀ ਉਨ੍ਹਾਂ 'ਚੋਂ ਇਕ ਹੈ। ਠੀਕ ਅਜਿਹਾ ਹੀ ਜੋ ਵੀ ਸਿੰਗਰ ਆਉਂਦਾ ਹੈ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਸ ਨੂੰ ਚੰਗੀ ਕੰਪੋਜ਼ੀਸ਼ਨ ਦੇਵਾਂ ਤਾਂ ਕਿ ਉਹ ਇਕ ਜਾਂ ਦੋ ਗੀਤਾਂ 'ਚ ਹੀ ਹਿੱਟ ਹੋ ਜਾਵੇ।
ਸਵਾਲ : ਤੁਹਾਡੀ ਫੇਵਰੇਟ ਫਿਲਮ 'ਡੀ. ਡੀ. ਐੱਲ. ਜੇ.' ਹੀ ਕਿਉਂ ਹੈ?
ਜਵਾਬ : 'ਡੀ. ਡੀ. ਐੱਲ. ਜੇ.' ਇਕ ਅਜਿਹੀ ਫਿਲਮ ਹੈ, ਜੋ ਹਰ ਕਿਸੇ ਨੂੰ ਪਸੰਦ ਹੋਵੇਗੀ। ਉਂਝ ਇਕ ਹੋਰ 'ਡੀ.' ਫਿਲਮ ਹੈ, ਜੋ ਮੈਨੂੰ ਬਹੁਤ ਪਸੰਦ ਆਈ ਹੈ ਤੇ ਉਹ ਹੈ 'ਦੰਗਲ'। ਅਜਿਹੀ ਫਿਲਮ ਮੈਂ ਆਪਣੀ ਜ਼ਿੰਦਗੀ 'ਚ ਹੁਣ ਤਕ ਨਹੀਂ ਦੇਖੀ ਸੀ।
ਸਵਾਲ : ਹਿਮੇਸ਼ ਦੇ ਅੱਗੇ ਆਉਣ ਵਾਲੇ ਨਵੇਂ ਪ੍ਰਾਜੈਕਟ ਕਿਹੜੇ ਹਨ?
ਜਵਾਬ : ਮੈਂ 'ਐਕਸਪੋਜ਼' ਦਾ ਸੀਕੁਅਲ ਪਲਾਨ ਕਰ ਰਿਹਾ ਹਾਂ, ਬਾਕੀ ਜਿਹੜਾ ਯੂਲੀਆ ਵੰਤੂਰ ਨਾਲ ਗੀਤ ਕੀਤਾ ਹੈ, ਉਸ ਨੂੰ ਛੇਤੀ ਤੋਂ ਛੇਤੀ ਫਿਲਮਾਵਾਂਗੇ। 'ਆਪਸੇ ਮੌਸਕੀ' ਐਲਬਮ ਦੀਆਂ ਚਾਰ ਵੀਡੀਓਜ਼ ਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ।

Tags: ਹਿਮੇਸ਼ ਰੇਸ਼ਮੀਆ Himesh Reshammiya ਸਾ ਰੇ ਗਾ ਮਾ ਪਾ Sa Re Ga Ma Pa