FacebookTwitterg+Mail

ਕਾਮੇਡੀ ਤੇ ਮਨੋਰੰਜਨ ਦੇ ਨਾਲ ਅੰਧਵਿਸ਼ਵਾਸ 'ਤੇ ਸੱਟ ਮਾਰਦੀ ਹੈ ਫਿਲਮ 'ਵੇਖ ਬਰਾਤਾਂ ਚੱਲੀਆਂ'

interview vekh baraatan challiyan
24 July, 2017 08:40:04 PM

28 ਜੁਲਾਈ ਨੂੰ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਮਾਣ ਸ਼ਿਤਿਜ ਚੌਧਰੀ ਨੇ ਕੀਤਾ ਹੈ, ਜਿਸ 'ਚ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਅਮਰਿੰਦਰ ਗਿੱਲ ਤੇ ਗੋਵਿੰਦ ਨਾਮਦੇਵ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨਰੇਸ਼ ਕਥੂਰੀਆ ਨੇ ਲਿਖੀ ਹੈ। ਫਿਲਮ ਸਬੰਧੀ 'ਜਗ ਬਾਣੀ' ਦੇ ਪੱਤਰਕਾਰ ਰਾਹੁਲ ਸਿੰਘ ਨੇ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ ਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਫਿਲਮ 'ਚ ਪੰਜਾਬ ਤੇ ਹਰਿਆਣੇ ਦੀ ਸਾਂਝ ਦਿਖਾਈ ਗਈ ਹੈ, ਤਜਰਬਾ ਕਿਹੋ-ਜਿਹਾ ਰਿਹਾ?
ਬੀਨੂੰ ਢਿੱਲੋਂ :
ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਕੰਸੈਪਟ ਅਜਿਹਾ ਹੈ, ਜਿਸ 'ਤੇ ਨਾ ਤਾਂ ਪੰਜਾਬ 'ਚ ਤੇ ਨਾ ਹੀ ਬਾਲੀਵੁੱਡ 'ਚ ਕੋਈ ਫਿਲਮ ਬਣੀ ਹੈ। ਪਿਛਲੇ ਸਾਲ 29 ਜੁਲਾਈ ਨੂੰ ਮੇਰੀ ਫਿਲਮ 'ਬੰਬੂਕਾਟ' ਰਿਲੀਜ਼ ਹੋਈ ਸੀ। ਉਸ 'ਚ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਸੀ। 'ਵੇਖ ਬਰਾਤਾਂ ਚੱਲੀਆਂ' ਵੀ ਬਾਕੀ ਫਿਲਮਾਂ ਨਾਲੋਂ ਅਲੱਗ ਹੈ ਤੇ ਮੇਰੇ ਦਿਲ ਦੇ ਨੇੜੇ ਹੈ, ਜਿਸ ਦਾ ਤਜਰਬਾ ਬਹੁਤ ਵਧੀਆ ਰਿਹਾ।
ਕਵਿਤਾ ਕੌਸ਼ਿਕ : ਫਿਲਮ ਦਾ ਤਜਰਬਾ ਬਹੁਤ ਵਧੀਆ ਰਿਹਾ। ਫਿਲਮ 'ਚ ਕਾਮੇਡੀ ਤੇ ਮਨੋਰੰਜਨ ਹੀ ਨਹੀਂ, ਸਗੋਂ ਅੱਜ ਦੇ ਜ਼ਮਾਨੇ ਨੂੰ ਇਕ ਸੁਨੇਹਾ ਵੀ ਦਿੱਤਾ ਗਿਆ ਹੈ। ਜਦੋਂ ਦਰਸ਼ਕ ਫਿਲਮ ਦੇਖ ਕੇ ਸਿਨੇਮਾਘਰਾਂ 'ਚੋਂ ਬਾਹਰ ਨਿਕਲਣਗੇ ਤਾਂ ਨਵੀਂ ਸੋਚ ਲੈ ਕੇ ਘਰ ਵਾਪਸ ਜਾਣਗੇ।

ਸਵਾਲ : ਟਰੇਲਰ 'ਚ ਰਣਜੀਤ ਬਾਵਾ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ ਪਰ ਤੁਸੀਂ ਚੁੱਪ ਕਿਉਂ ਹੋ?
ਬੀਨੂੰ ਢਿੱਲੋਂ :
ਦਰਅਸਲ ਫਿਲਮ ਦਾ ਕੰਸੈਪਟ ਹੀ ਅਜਿਹਾ ਹੈ। ਇਹ ਇਕ ਸਿਚੂਏਸ਼ਨਲ ਕਾਮੇਡੀ ਫਿਲਮ ਹੈ। ਮੇਰਾ ਕਿਰਦਾਰ ਹੀ ਅਜਿਹਾ ਸੀ ਕਿ ਮੈਂ ਬੋਲਿਆ ਘੱਟ ਹਾਂ ਪਰ ਸੀਨਜ਼ ਦੇਖ ਕੇ ਤੁਹਾਨੂੰ ਹਾਸਾ ਜ਼ਰੂਰ ਆਵੇਗਾ। ਵੱਡੀ ਗੱਲ ਇਹ ਹੈ ਕਿ ਸਾਰੇ ਪਰਿਵਾਰ ਨਾਲ ਬੈਠ ਕੇ ਇਹ ਫਿਲਮ ਦੇਖੀ ਜਾ ਸਕਦੀ ਹੈ।

ਸਵਾਲ : ਡੌਗੀ ਨਾਲ ਸੀਨਜ਼ ਦੇਣੇ ਕਿੰਨੇ ਮੁਸ਼ਕਿਲ ਰਹੇ?
ਬੀਨੂੰ ਢਿੱਲੋਂ :
ਜ਼ਿਆਦਾ ਮੁਸ਼ਕਿਲ ਨਹੀਂ ਸਨ। ਡੌਗੀ ਦਾ ਟਰੇਨਰ ਉਸ ਨੂੰ ਜੋ ਵੀ ਕਰਨ ਲਈ ਕਹਿੰਦਾ ਸੀ, ਡੌਗੀ ਉਸ ਨੂੰ ਤੁਰੰਤ ਮੰਨ ਲੈਂਦਾ ਸੀ। ਕੁਝ ਸੀਨਜ਼ 'ਚ ਜ਼ਰੂਰ ਰੀਟੇਕ ਹੋਏ ਪਰ ਜ਼ਿਆਦਾਤਰ ਦ੍ਰਿਸ਼ਾਂ 'ਚ ਬਹੁਤ ਮਜ਼ਾ ਆਇਆ। ਖਾਸ ਗੱਲ ਇਹ ਰਹੀ ਕਿ ਡੌਗੀ ਨੂੰ ਵੀ ਬਰੇਕ ਦਿੱਤੀ ਜਾਂਦੀ ਸੀ ਤੇ ਉਸ ਦੇ ਖਾਣੇ ਤੇ ਆਰਾਮ ਦਾ ਵੀ ਖਾਸ ਧਿਆਨ ਰੱਖਿਆ ਗਿਆ।

ਸਵਾਲ : ਫਿਲਮ ਅੰਧਵਿਸ਼ਵਾਸ 'ਤੇ ਕੇਂਦਰਿਤ ਹੈ, ਅਸਲ ਜ਼ਿੰਦਗੀ 'ਚ ਇਸ 'ਤੇ ਕਿੰਨਾ ਵਿਸ਼ਵਾਸ ਕਰਦੇ ਹੋ?
ਬੀਨੂੰ ਢਿੱਲੋਂ :
ਮੈਂ ਅਸਲ ਜ਼ਿੰਦਗੀ 'ਚ ਅੰਧਵਿਸ਼ਵਾਸ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦਾ। ਤੁਸੀਂ ਅੰਦਰੋਂ ਇੰਨੇ ਮਜ਼ਬੂਤ ਹੋਣੇ ਚਾਹੀਦੇ ਹੋ ਕਿ ਇਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਨਾ ਕਰ ਸਕੋ। ਮੈਂ ਉਂਝ ਘੱਟੋ-ਘੱਟ 500-700 ਟੂਣਾ ਖਾਧਾ ਹੈ। ਕੁਝ ਮਾੜਾ ਹੋਣ ਦੀ ਜਗ੍ਹਾ ਮੇਰੇ ਨਾਲ ਵਧੀਆ ਹੀ ਹੋਇਆ। ਇੰਝ ਲੱਗਦਾ ਹੈ ਜਿਵੇਂ ਇਹ ਟੂਣੇ ਮੈਨੂੰ ਲੱਗ ਹੀ ਗਏ ਹਨ।

ਸਵਾਲ : ਅਜਿਹੀ ਕਿਹੜੀ ਚੀਜ਼ ਸੀ, ਜਿਸ ਕਾਰਨ ਤੁਸੀਂ ਪੰਜਾਬੀ ਫਿਲਮ ਕਰਨ ਦਾ ਮਨ ਬਣਾਇਆ?
ਕਵਿਤਾ ਕੌਸ਼ਿਕ :
ਜਦੋਂ ਮੈਨੂੰ ਇਸ ਫਿਲਮ ਦਾ ਆਫਰ ਹੋਇਆ ਤਾਂ ਮੈਂ ਇਕ ਮਰਾਠੀ ਫਿਲਮ ਕਰਨ ਜਾ ਰਹੀ ਸੀ। ਉਰਦੂ ਦਾ ਇਕ ਨਾਟਕ ਵੀ ਆਫਰ ਹੋਇਆ ਸੀ ਪਰ ਮੇਰਾ ਮਨ ਕੁਝ ਵੱਖਰਾ ਕਰਨ ਦਾ ਸੀ। ਜਦੋਂ ਮੈਂ ਇਸ ਫਿਲਮ ਦੀ ਕਹਾਣੀ ਸੁਣੀ ਤਾਂ ਤੁਰੰਤ ਹਾਂ ਕਰ ਦਿੱਤੀ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਹੀ ਫੈਸਲਾ ਕੀਤਾ।

ਸਵਾਲ : ਫਿਲਮਾਂ 'ਚ ਮੁੱਖ ਅਭਿਨੇਤਾ ਆਉਣ ਦੇ ਨਾਲ ਕੀ ਜ਼ਿੰਮੇਵਾਰੀ ਵੀ ਵਧੀ ਹੈ?
ਬੀਨੂੰ ਢਿੱਲੋਂ :
ਬਿਲਕੁਲ ਹਰੇਕ ਕੰਮ ਨਾਲ ਤੁਹਾਡੀ ਜ਼ਿੰਮੇਵਾਰੀ ਵਧਦੀ ਹੈ ਤੇ ਜਿਹੜਾ ਇਨਸਾਨ ਜ਼ਿੰਮੇਵਾਰ ਨਹੀਂ ਹੁੰਦਾ, ਉਹ ਕਦੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਇਸ ਲਈ ਤੁਹਾਡੀ ਲਗਨ ਤੇ ਈਮਾਨਦਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਪਹਿਲਾਂ 5 ਮਿੰਟ ਦਾ ਕਿਰਦਾਰ ਨਿਭਾਉਂਦਾ ਸੀ, ਫਿਰ 15 ਮਿੰਟ ਤੇ ਹੁਣ ਮੁੱਖ ਅਭਿਨੇਤਾ ਵਜੋਂ ਪੂਰੀ ਫਿਲਮ 'ਚ ਨਜ਼ਰ ਆਉਂਦਾ ਹਾਂ ਤੇ ਇਹ ਸਭ ਮੇਰੇ ਚਾਹੁਣ ਵਾਲਿਆਂ ਕਰਕੇ ਵੀ ਸੰਭਵ ਹੋਇਆ ਹੈ।

ਸਵਾਲ : ਪੰਜਾਬੀ ਦੇ ਨਾਲ ਹਿੰਦੀ ਦੀ ਸਟਾਰ ਕਾਸਟ ਵੀ ਫਿਲਮ 'ਚ ਦੇਖਣ ਨੂੰ ਮਿਲ ਰਹੀ ਹੈ, ਕਿੰਨੀ ਕੁ ਮੁਸ਼ਕਿਲ ਆਈ?
ਸ਼ਿਤਿਜ ਚੌਧਰੀ :
ਬਿਲਕੁਲ ਵੀ ਮੁਸ਼ਕਿਲ ਨਹੀਂ ਆਈ। ਬੀਨੂੰ ਨਾਲ ਮੈਂ ਪਹਿਲਾਂ ਵੀ ਕੰਮ ਕਰ ਚੁੱਕਾ ਹਾਂ ਤੇ ਕਵਿਤਾ ਐੱਫ. ਆਈ. ਆਰ. ਟੀ. ਵੀ. ਸੀਰੀਅਲ 'ਚ ਹਰਿਆਣਵੀ ਲੜਕੀ ਦਾ ਕਿਰਦਾਰ ਨਿਭਾਅ ਚੁੱਕੀ ਹੈ ਤੇ ਸਾਨੂੰ ਫਿਲਮ 'ਚ ਅਜਿਹੀ ਹੀ ਅਭਿਨੇਤਰੀ ਦੀ ਜ਼ਰੂਰਤ ਸੀ। ਅਮਰਿੰਦਰ ਗਿੱਲ ਦਾ ਵੀ ਧੰਨਵਾਦ ਹਾਂ ਕਿ ਉਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ। ਪਹਿਲਾਂ ਉਨ੍ਹਾਂ ਨੇ ਕੋਈ ਹੋਰ ਪ੍ਰਾਜੈਕਟ ਕਰਨਾ ਸੀ ਪਰ ਕਹਾਣੀ ਸੁਣਨ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ ਫਿਲਮ ਪ੍ਰੋਡਿਊਸ ਕੀਤੀ, ਸਗੋਂ ਫਿਲਮ 'ਚ ਅਭਿਨੈ ਵੀ ਕੀਤਾ।

ਸਵਾਲ : ਕਹਾਣੀ ਚੁਣਨ ਸਮੇਂ ਦਿਮਾਗ 'ਚ ਕਿਹੜੀ ਚੀਜ਼ ਰਹਿੰਦੀ ਹੈ?
ਸ਼ਿਤਿਜ ਚੌਧਰੀ :
ਆਇਡੀਆ ਦਰਅਸਲ ਹਵਾ 'ਚੋਂ ਹੀ ਫੜਨਾ ਪੈਂਦਾ ਹੈ। ਮੈਂ ਤੇ ਮੇਰਾ ਦੋਸਤ ਨਰੇਸ਼ ਕਥੂਰੀਆ ਅਸੀਂ 'ਚੱਕ ਦੇ ਫੱਟੇ' ਤੋਂ ਹੀ ਇਕੱਠੇ ਹਾਂ। ਅਸੀਂ ਕਦੇ ਸੈਰ ਕਰਦੇ ਹੋਏ ਜਾਂ ਉਂਝ ਹੀ ਗੱਲਬਾਤ ਕਰਦੇ ਹੋਏ ਕਹਾਣੀ ਕੱਢ ਲੈਂਦੇ ਹਾਂ। ਉਸੇ ਤਰ੍ਹਾਂ ਸਾਨੂੰ 'ਵੇਖ ਬਰਾਤਾਂ ਚੱਲੀਆਂ' ਫਿਲਮ ਬਣਾਉਣ ਦਾ ਖਿਆਲ ਆਇਆ, ਲਗਭਗ ਡੇਢ ਸਾਲ ਇਸ ਦੀ ਕਹਾਣੀ ਤਿਆਰ ਕਰਨ 'ਚ ਲੱਗਾ ਤੇ 40 ਦਿਨਾਂ 'ਚ ਫਿਲਮ ਦੀ ਸ਼ੂਟਿੰਗ ਪੂਰੀ ਹੋਈ।


Tags: Vekh Baraatan Challiyan Binnu Dhillon Kavita Kaushik Ranjit Bawa Amrinder Gill Karamjit Anmol Jaswinder Bhalla