FacebookTwitterg+Mail

ਜੋ ਮੈਂ ਸੁਣਦਾ ਹਾਂ, ਉਸੇ ਤਰ੍ਹਾਂ ਦਾ ਗਾਉਣਾ ਪਸੰਦ ਹੈ : ਜੱਸੀ ਗਿੱਲ

jassie gill interview
24 June, 2017 09:12:59 PM

ਜਲੰਧਰ (ਰਾਹੁਲ ਸਿੰਘ)— ਜੱਸੀ ਗਿੱਲ ਪੰਜਾਬੀ ਸੰਗੀਤ ਜਗਤ ਦਾ ਅੱਜ ਇਕ ਮੰਨਿਆ-ਪ੍ਰਮੰਨਿਆ ਨਾਂ ਬਣ ਚੁੱਕਾ ਹੈ। ਫੈਨ ਫਾਲੋਇੰਗ ਦੇ ਮਾਮਲੇ 'ਚ ਜੱਸੀ ਗਿੱਲ ਟੌਪ 'ਤੇ ਹਨ, ਖਾਸ ਕਰ ਮਹਿਲਾ ਫੈਨਜ਼ ਦੇ ਮਾਮਲੇ 'ਚ। ਜੱਸੀ ਨੇ ਇਹ ਪ੍ਰਸਿੱਧੀ ਆਪਣੀ ਬਾ-ਕਮਾਲ ਗਾਇਕੀ ਨਾਲ ਹਾਸਲ ਕੀਤੀ ਹੈ। ਹਾਲ ਹੀ 'ਚ ਜੱਸੀ ਗਿੱਲ ਦਾ ਗੀਤ 'ਦਿਲ ਟੁੱਟਦਾ' ਰਿਲੀਜ਼ ਹੋਇਆ ਹੈ। ਚਿਰਾਂ ਤੋਂ ਜੱਸੀ ਗਿੱਲ ਦੇ ਫੈਨਜ਼ ਇਸ ਗੀਤ ਦੀ ਉਡੀਕ ਕਰ ਰਹੇ ਸਨ, ਜੋ ਪੂਰੀ ਹੋ ਗਈ ਹੈ। ਫੈਨਜ਼ ਦੀ ਇਸ ਬੇਸਬਰੀ ਦਾ ਇੰਤਜ਼ਾਰ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਰਿਲੀਜ਼ ਹੁੰਦਿਆਂ ਹੀ ਇਹ ਗੀਤ ਯੂਟਿਊਬ 'ਤੇ ਟਰੈਂਡ ਕਰਨ ਲੱਗ ਪਿਆ। ਗੀਤ ਨੂੰ ਰਿਲੀਜ਼ ਦੇ ਕੁਝ ਘੰਟਿਆਂ ਬਾਅਦ ਹੀ 20 ਲੱਖ ਤੋਂ ਵੱਧ ਵਾਰ ਦੇਖਿਆ ਗਿਆ। 'ਦਿਲ ਟੁੱਟਦਾ' ਬਾਰੇ ਜੱਸੀ ਗਿੱਲ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—

ਸਵਾਲ : 'ਦਿਲ ਟੁੱਟਦਾ' ਦਾ ਤਜਰਬਾ ਕਿਹੋ-ਜਿਹਾ ਰਿਹਾ?
ਜਵਾਬ :
ਗੀਤ ਦਾ ਤਜਰਬਾ ਬਹੁਤ ਹੀ ਵਧੀਆ ਰਿਹਾ। ਕਾਫੀ ਸਮੇਂ ਤੋਂ ਮੇਰਾ ਇਸ ਤਰ੍ਹਾਂ ਦਾ ਕੋਈ ਗੀਤ ਰਿਲੀਜ਼ ਨਹੀਂ ਹੋਇਆ ਸੀ।। ਸੋ 'ਦਿਲ ਟੁੱਟਦਾ' ਦੇ ਰਿਲੀਜ਼ ਹੋਣ ਦੀ ਮੈਨੂੰ ਬਹੁਤ ਖੁਸ਼ੀ ਹੈ। ਫੈਨਜ਼ ਵਲੋਂ ਇਸ ਨੂੰ ਜਿਹੜਾ ਪਿਆਰ ਮਿਲ ਰਿਹਾ ਹੈ, ਉਸ ਨੇ ਮੇਰਾ ਮਾਣ ਹੋਰ ਵਧਾ ਦਿੱਤਾ ਹੈ।

ਸਵਾਲ : ਗੋਲਡ ਬੁਆਏ ਤੇ ਨਿਰਮਾਨ ਨਾਲ ਮੇਲ ਕਿਵੇਂ ਹੋਇਆ?
ਜਵਾਬ :
ਅਸੀਂ ਇਕੋ ਬਿਲਡਿੰਗ 'ਚ ਰਹਿੰਦੇ ਹਾਂ ਪਰ ਇਸ ਤੋਂ ਪਹਿਲਾਂ ਕਦੇ ਮਿਲੇ ਨਹੀਂ। ਨਿਰਮਾਨ ਨਾਲ ਮੇਰੀ ਗੱਲਬਾਤ ਹੋਈ, ਉਸ ਨੇ ਇਸ ਗੀਤ ਦਾ ਜ਼ਿਕਰ ਕੀਤਾ ਤੇ ਗੋਲਡ ਬੁਆਏ ਨੇ ਇਸ ਦੀ ਕੰਪੋਜ਼ੀਸ਼ਨ ਬਣਾਈ ਹੋਈ ਸੀ। ਜਦੋਂ ਗੀਤ ਸੁਣਿਆ ਤਾਂ ਦਿਲ ਨੂੰ ਛੂਹ ਗਿਆ ਤੇ ਇਸ ਤੋਂ ਬਾਅਦ ਅਸੀਂ ਮਿਲ ਕੇ ਇਸ 'ਤੇ ਕੰਮ ਕੀਤਾ।

ਸਵਾਲ : ਅਰਵਿੰਦ ਖਹਿਰਾ ਨਾਲ ਕੰਮ ਕਰਨਾ ਕਿਹੋ-ਜਿਹਾ ਰਹਿੰਦਾ ਹੈ?
ਜਵਾਬ :
ਅਰਵਿੰਦ ਖਹਿਰਾ ਪੰਜਾਬ ਦਾ ਨੰਬਰ ਇਕ ਵੀਡੀਓ ਡਾਇਰੈਕਟਰ ਹੈ। ਮੇਰੇ ਹਰ ਗੀਤ ਦੀ ਵੀਡੀਓ ਉਹੀ ਡਾਇਰੈਕਟ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਾਇਦ ਮੈਂ ਵੀਡੀਓ ਦੇ ਮਾਮਲੇ 'ਚ ਉਸ ਤੋਂ ਵੱਧ ਕਿਸੇ ਹੋਰ 'ਤੇ ਭਰੋਸਾ ਨਹੀਂ ਕਰ ਸਕਦਾ ਹਾਂ।

ਸਵਾਲ : 'ਦਿਲ ਟੁੱਟਦਾ' ਦੀ ਸ਼ੂਟਿੰਗ ਕਿਥੇ-ਕਿਥੇ ਹੋਈ?
ਜਵਾਬ :
ਗੀਤ ਨੂੰ ਆਸਟ੍ਰੇਲੀਆ 'ਚ ਸ਼ੂਟ ਕੀਤਾ ਗਿਆ ਹੈ। ਗੀਤ ਦਾ ਕੁਝ ਹਿੱਸਾ ਹਾਲਾਂਕਿ ਅਸੀਂ ਲੁਧਿਆਣਾ 'ਚ ਵੀ ਸ਼ੂਟ ਕੀਤਾ ਹੈ, ਜਿਹੜਾ ਵੀਡੀਓ 'ਚ ਪਤਾ ਨਹੀਂ ਲੱਗ ਰਿਹਾ ਹੈ। ਗੀਤ ਦੇ ਕੰਸੈਪਟ ਦੇ ਹਿਸਾਬ ਨਾਲ ਆਸਟ੍ਰੇਲੀਆ ਸਭ ਤੋਂ ਵਧੀਆ ਲੋਕੇਸ਼ਨ ਸੀ, ਇਸ ਲਈ ਉਥੇ ਹੀ ਗੀਤ ਦੀ ਸ਼ੂਟਿੰਗ ਹੋਈ।

ਸਵਾਲ : 'ਦਿਲ ਟੁੱਟਦਾ' ਗੀਤ ਲਈ ਟੀ-ਸ਼ਰਟਸ ਰਾਹੀਂ ਵੀ ਕਾਫੀ ਪ੍ਰਮੋਸ਼ਨ ਕੀਤੀ ਗਈ, ਉਸ ਬਾਰੇ ਦੱਸੋ?
ਜਵਾਬ :
ਗੀਤ ਲਈ ਮੇਰਾ ਕੰਸੈਪਟ ਸੀ ਕਿ ਇਸ ਦੀਆਂ ਟੀ-ਸ਼ਰਟਸ ਬਣਾਈਆਂ ਜਾਣ। ਇਸ ਬਾਰੇ ਮੈਂ ਅਰਬਨ ਠੇਕਾ ਨੂੰ ਦੱਸਿਆ। ਉਨ੍ਹਾਂ ਨੇ ਟੀ-ਸ਼ਰਟਸ ਡਿਜ਼ਾਈਨ ਕੀਤੀਆਂ, ਜਿਹੜੀਆਂ ਫੈਨਜ਼ ਨੂੰ ਬਹੁਤ ਪਸੰਦ ਆਈਆਂ। ਲਗਭਗ 11 ਹਜ਼ਾਰ ਤੋਂ ਵੱਧ ਟੀ-ਸ਼ਰਟਸ 'ਦਿਲ ਟੁੱਟਦਾ' ਵਾਲੀਆਂ ਵਿਕ ਚੁੱਕੀਆਂ ਹਨ।

ਸਵਾਲ : ਕਿਸ ਤਰ੍ਹਾਂ ਦੇ ਗੀਤ ਸੁਣਨਾ ਤੁਹਾਨੂੰ ਪਸੰਦ ਹੈ?
ਜਵਾਬ :
ਮੈਨੂੰ ਸੈਡ ਤੇ ਰੋਮਾਂਟਿਕ ਗੀਤ ਸੁਣਨਾ ਬਹੁਤ ਪਸੰਦ ਹੈ ਤੇ ਇਸ ਤਰ੍ਹਾਂ ਦੇ ਗੀਤ ਗਾਉਣਾ ਹੀ ਮੈਨੂੰ ਵਧੀਆ ਲੱਗਦਾ ਹੈ। ਮੈਂ ਅਮਰਿੰਦਰ ਗਿੱਲ, ਕਮਲ ਖਾਨ ਤੇ ਕਮਲ ਹੀਰ ਦੇ ਗੀਤ ਬਹੁਤ ਸੁਣਦਾ ਹਾਂ। ਮੇਰੀ ਆਵਾਜ਼ ਨੂੰ ਸੈਡ ਤੇ ਰੋਮਾਂਟਿਕ ਗੀਤ ਜਚਦੇ ਹਨ, ਇਸੇ ਲਈ ਇਸ ਤਰ੍ਹਾਂ ਦੇ ਗੀਤ ਜ਼ਿਆਦਾ ਕਰਦਾ ਹਾਂ।

ਸਵਾਲ : ਯੂਟਿਊਬ 'ਤੇ ਗੀਤ ਟਰੈਂਡਿੰਗ 'ਚ ਹੈ, ਕਿਹੋ-ਜਿਹਾ ਲੱਗ ਰਿਹਾ ਹੈ?
ਜਵਾਬ :
ਮੈਨੂੰ ਬਹੁਤ ਖੁਸ਼ੀ ਹੈ, ਜਿਸ ਕੰਮ ਲਈ ਅਸੀਂ ਮਿਹਨਤ ਕਰਦੇ ਹਾਂ ਉਹ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਇੰਨੇ ਵੱਡੇ ਪੱਧਰ 'ਤੇ ਗੀਤ ਦਾ ਹਿੱਟ ਹੋਣਾ ਮੇਰੇ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੈ। ਹਾਲਾਂਕਿ ਜ਼ਿਆਦਾ ਖੁਸ਼ੀ ਮੈਨੂੰ ਉਦੋਂ ਹੁੰਦੀ ਹੈ, ਜਦੋਂ ਫੈਨਜ਼ ਦੇ ਸੁਨੇਹੇ ਮਿਲਦੇ ਹਨ ਕਿ ਉਨ੍ਹਾਂ ਨੇ ਇਹ ਗੀਤ ਇੰਨੀ ਵਾਰ ਦੇਖ ਲਿਆ ਜਾਂ ਇੰਨੀ ਵਾਰ ਸੁਣ ਲਿਆ, ਉਹ ਅਹਿਸਾਸ ਬੇਹੱਦ ਸ਼ਾਨਦਾਰ ਹੁੰਦਾ ਹੈ।

ਸਵਾਲ : 'ਨਾਨਕ' ਤੁਹਾਡੀ ਆਉਣ ਵਾਲੀ ਫਿਲਮ ਹੈ, ਉਸ ਬਾਰੇ ਕੁਝ ਦੱਸੋ?
ਜਵਾਬ :
'ਨਾਨਕ' 'ਚ ਮੈਂ ਇਕ ਪਿਤਾ ਦੇ ਕਿਰਦਾਰ 'ਚ ਹਾਂ, ਸੋ ਇਹ ਅਹਿਸਾਸ ਬਹੁਤ ਹੀ ਵਧੀਆ ਹੈ। ਅਸਲ ਜ਼ਿੰਦਗੀ 'ਚ ਤਾਂ ਅਜੇ ਵਿਆਹ ਨਹੀਂ ਹੋਇਆ ਪਰ ਫਿਲਮ 'ਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਫਿਲਮ ਨੂੰ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵਲੋਂ ਬਣਾਇਆ ਜਾ ਰਿਹਾ ਹੈ। ਇਸ ਦੀ ਸ਼ੂਟਿੰਗ ਸਤੰਬਰ 'ਚ ਸ਼ੁਰੂ ਹੋਵੇਗੀ, ਜਿਹੜੀ 23 ਮਾਰਚ 2018 ਨੂੰ ਰਿਲੀਜ਼ ਹੋਵੇਗੀ।

ਸਵਾਲ : ਤੁਸੀਂ ਲਿਖਦੇ ਵੀ ਹੋ, ਆਪਣਾ ਲਿਖਿਆ ਗੀਤ ਕਿਸ ਗਾਇਕ ਨੂੰ ਦੇਣਾ ਚਾਹੁੰਦੇ ਹੋ?
ਜਵਾਬ :
ਮੈਂ ਇਕ ਗੀਤ ਲਿਖਿਆ ਹੈ, ਜਿਹੜਾ ਮੈਂ ਕਮਲ ਖਾਨ ਨੂੰ ਦਿੱਤਾ ਹੈ। ਇਸ ਗੀਤ ਦੀ ਸਾਰੀ ਪ੍ਰੋਡਕਸ਼ਨ ਵੀ ਮੈਂ ਖੁਦ ਕਰ ਰਿਹਾ ਹਾਂ। ਬਹੁਤ ਜਲਦ ਇਸ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ।

ਸਵਾਲ : ਆਉਣ ਵਾਲੇ ਪ੍ਰਾਜੈਕਟ ਬਾਰੇ ਦੱਸੋ?
ਜਵਾਬ :
ਮੈਂ ਅਗਲਾ ਗੀਤ ਜਾਨੀ ਤੇ ਬੀ ਪਰਾਕ ਨਾਲ ਕਰ ਰਿਹਾ ਹੈ। ਥੋੜ੍ਹੇ ਦਿਨਾਂ ਤਕ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਨੂੰ ਪੰਜਾਬ ਹੀ ਨਹੀਂ, ਸਗੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਰਾਹੀਂ ਇਕ ਸਰਪ੍ਰਾਈਜ਼ ਵੀ ਫੈਨਜ਼ ਨੂੰ ਮਿਲੇਗਾ। ਜਿਹੜਾ ਜੱਸੀ ਗਿੱਲ ਉਨ੍ਹਾਂ ਨੇ ਹੁਣ ਤਕ ਦੇਖਿਆ ਹੈ, ਉਸ ਤੋਂ ਕੁਝ ਹੱਟ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਵਾਲ : ਕਿਹੜੇ ਗੀਤ ਨੂੰ ਆਪਣੀ ਜ਼ਿੰਦਗੀ ਨਾਲ ਜੁੜਿਆ ਮਹਿਸੂਸ ਕਰਦੇ ਹੋ?
ਜਵਾਬ :
ਮੈਨੂੰ ਲੱਗਦਾ ਹੈ ਕਿ 'ਲੈਂਸਰ' ਗੀਤ ਮੇਰੀ ਜ਼ਿੰਦਗੀ ਦੇ ਬੇਹੱਦ ਨਜ਼ਦੀਕ ਹੈ। ਮੇਰੀ ਪਹਿਲੀ ਕਾਰ ਲੈਂਸਰ ਸੀ, ਜਿਹੜੀ ਸੈਕਿੰਡ ਹੈਂਡ ਲਈ ਸੀ। ਮੈਂ ਕਾਲਜ ਪਹਿਲੇ ਸਾਲ ਬੱਸ 'ਚ ਬੈਠ ਕੇ ਜਾਂਦਾ ਹੁੰਦਾ ਸੀ। ਇਹ ਚੀਜ਼ਾਂ ਮੈਂ ਗੀਤ 'ਚ ਦਿਖਾਈਆਂ ਤੇ ਲੋਕਾਂ ਨੇ ਪਸੰਦ ਵੀ ਕੀਤੀਆਂ।


Tags: Jassie Gill Dill Tutda Interview Speed Records Arvind Khaira Gold Boy Nirman