FacebookTwitterg+Mail

ਜੈਲੀ ਬਲਾਤਕਾਰ ਮਾਮਲਾ : ਪੀੜਤ ਮਾਡਲ ਨੇ ਕੱਢੀ ਦਿਲ ਦੀ ਭੜਾਸ

jelly
20 April, 2017 05:20:48 PM
ਮੋਹਾਲੀ- ਜੈਲੀ ਦੇ ਸਰੰਡਰ ਹੋਣ ਤੋਂ ਬਾਅਦ ਪੀੜਤਾ ਤੇ ਉਸਦੇ ਪਰਿਵਾਰ ਨੇ ਕਿਹਾ ਹੈ ਕਿ ਉਸ ਨੂੰ ਮੁਲਜ਼ਮਾਂ ਤੋਂ ਜਾਨ ਦਾ ਖਤਰਾ ਹੈ ਕਿਉਂਕਿ 3 ਮੁਲਜ਼ਮ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਨੂੰ ਕੀਤੀ ਜਾ ਚੁੱਕੀ ਹੈ ਤੇ ਸਾਈਬਰ ਸੈੱਲ ਵੀ ਮਾਮਲੇ ਦੀ ਜਾਂਚ ਕਰ ਚੁੱਕਾ ਹੈ। ਪੀੜਤਾ ਨੇ ਕਿਹਾ ਕਿ ਪੁਲਸ ਦੀ ਮਿਲੀਭੁਗਤ ਨਾਲ ਜੈਲੀ ਤਿੰਨ ਸਾਲ ਅੰਡਰਗ੍ਰਾਊਂਡ ਰਿਹਾ ਅਤੇ ਹੁਣ ਜੈਲੀ ਦਾ ਇਕ ਜਾਣਕਾਰ ਪੁਲਸ ਅਫ਼ਸਰ ਮੋਹਾਲੀ ਆਇਆ ਹੈ, ਤਾਂ ਜਾ ਕੇ ਜੈਲੀ ਨੇ ਸਰੰਡਰ ਕੀਤਾ ਹੈ। ਪੀੜਤਾ ਨੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਪੁਲਸ ਪ੍ਰੋਟੈਕਸ਼ਨ ਮੰਗੀ ਹੈ।
ਪੀੜਤਾ ਨੇ ਪੰਜਾਬ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੈਲੀ ਜਦੋਂ ਪੂਰੇ ਪੰਜਾਬ 'ਚ ਸ਼ੋਅ ਕਰ ਰਿਹਾ ਸੀ ਤਾਂ ਪੰਜਾਬ ਪੁਲਸ ਉਸ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਸੀ। ਉਸ ਸਮੇਂ ਵੀ ਉਹ ਭਗੌੜਾ ਚੱਲ ਰਿਹਾ ਸੀ ਪਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੀੜਤਾ ਵਾਰ-ਵਾਰ ਜੈਲੀ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰਦੀ ਰਹੀ ਪਰ ਮੋਹਾਲੀ ਐੱਸ. ਐੱਸ. ਪੀ. ਦਫ਼ਤਰ ਦੇ ਇਕ ਅਧਿਕਾਰੀ ਦੀ ਮਦਦ ਨਾਲ ਨਾ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਉਸਦਾ ਪਾਸਪੋਰਟ ਜ਼ਬਤ ਕੀਤਾ ਗਿਆ ਸੀ। ਪੀੜਤਾ ਚਾਹੁੰਦੀ ਹੈ ਕਿ ਜੈਲੀ ਅਤੇ ਉਸ ਦੇ ਹੋਰ ਸਾਥੀ ਪੂਰੀ ਉਮਰ ਜੇਲ 'ਚ ਰਹਿਣ ਕਿਉਂਕਿ ਉਹ ਸਮਾਜ 'ਚ ਰਹਿਣ ਦੇ ਹੱਕਦਾਰ ਨਹੀਂ ਹਨ।

ਪੀੜਤਾ ਨੇ ਡੀ. ਜੀ. ਪੀ. ਨੂੰ ਭੇਜੀ ਈਮੇਲ
ਸ਼ਿਕਾਇਤਕਰਤਾ ਨੇ ਜੈਲੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਮੋਹਾਲੀ ਦੇ ਐੱਸ. ਐੱਸ. ਪੀ. ਤੋਂ ਈਮੇਲ ਜ਼ਰੀਏ ਮੰਗ ਕੀਤੀ ਹੈ ਕਿ ਜੈਲੀ ਦੀ ਪੁਲਸ ਦੇ ਨਾਲ ਮਿਲੀਭੁਗਤ ਕਿਸੇ ਤੋਂ ਵੀ ਲੁਕੀ ਨਹੀਂ ਹੈ ਅਤੇ ਮੋਹਾਲੀ ਦੇ ਐੱਸ. ਐੱਸ. ਪੀ. ਦਫਤਰ ਦਾ ਵੱਡਾ ਇਕ ਅਧਿਕਾਰੀ ਜੈਲੀ ਦਾ ਰਿਸ਼ਤੇਦਾਰ ਹੈ। ਅਜਿਹੇ ਵਿਚ ਪੁਲਸ ਜੈਲੀ ਦੀ ਮਦਦ ਕਰੇਗੀ। ਪੀੜਤਾ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਮਾਮਲੇ ਦੇ ਸਬੂਤਾਂ ਨੂੰ ਮਿਟਾਇਆ ਜਾ ਸਕਦਾ ਹੈ, ਇਸ ਲਈ ਮਾਮਲੇ ਦੀ ਅਗਲੀ ਇਨਵੈਸਟੀਗੇਸ਼ਨ ਪੰਜਾਬ ਪੁਲਸ ਹੈੱਡਕੁਆਰਟਰ ਵਿਚ ਕਿਸੇ ਵੱਡੇ ਅਧਿਕਾਰੀ ਤੋਂ ਕਰਾਈ ਜਾਵੇ।

Tags: Jelly rape case Mohaliਜੈਲੀ ਮੋਹਾਲੀpunjabi singer

About The Author

Anuradha Sharma

Anuradha Sharma is News Editor at Jagbani.