ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਫਿਲਮ 'ਸੰਜੂ' ਦਾ ਦੂਜਾ ਗੀਤ 'ਕਰ ਹਰ ਮੈਦਾਨ ਫਤਿਹ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਨੇ ਆਪਣੇ ਅਧਿਕਾਰਕ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਗੀਤ 'ਚ ਸੰਜੇ ਦੱਤ ਦੇ ਮੁਸ਼ਕਿਲਾਂ ਦਿਨਾਂ ਨੂੰ ਦਿਖਾਇਆ ਗਿਆ ਹੈ ਜਦੋਂ ਉਹ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗੀਤ 'ਚ ਉਹ ਸੀਨ ਦਿਖਾਏ ਗਏ ਹਨ ਜਦੋਂ ਉਨ੍ਹਾਂ ਵਿਦੇਸ਼ਾ 'ਚ ਭੀਖ ਮੰਗੀ ਅਤੇ ਨਸ਼ਾ ਛਡਾਓ ਕੇਂਦਰ 'ਚ ਭਰਤੀ ਰਹੇ ਸਨ। ਇਸ ਗੀਤ ਨੂੰ ਆਵਾਜ਼ ਸੁਖਵਿੰਦਰ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ ਅਤੇ ਇਸ ਦੇ ਬੋਲ ਸ਼ੇਖਰ ਅਸਿਤਤਵ ਵਲੋਂ ਲਿਖੇ ਹਨ।
ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।