FacebookTwitterg+Mail

ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਪਾਵੇਗੀ 'ਕਿਰਦਾਰ-ਏ-ਸਰਦਾਰ'

kirdar e sardar interview
26 September, 2017 05:30:48 PM

29 ਸਤੰਬਰ ਨੂੰ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਕੇ. ਐੱਸ. ਮੱਖਣ, ਰਜ਼ਾ ਮੁਰਾਦ, ਡੌਲੀ ਬਿੰਦਰਾ, ਬਰਿੰਦਰ ਢਪਈ ਵੀਰੂ, ਹਰਪ੍ਰੀਤ ਸਿੰਘ ਖਹਿਰਾ, ਗੁਰਪ੍ਰੀਤ ਕੌਰ ਚੱਢਾ, ਰਾਣਾ ਜੰਗ ਬਹਾਦਰ ਤੇ ਟਹਿਲਪ੍ਰੀਤ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਜਤਿੰਦਰ ਸਿੰਘ ਜੀਤੂ ਨੇ ਡਾਇਰੈਕਟ ਕੀਤਾ ਹੈ, ਜਿਸ ਦਾ ਸਕ੍ਰੀਨਪੇਅ ਤੇ ਡਾਇਲਾਗ ਕੁਦਰਤ ਪਾਲ ਨੇ ਲਿਖੇ ਹਨ। ਹੈਪਸ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਜਸਵਿੰਦਰ ਕੌਰ ਨੇ ਪ੍ਰੋਡਿਊਸਰ ਕੀਤਾ ਹੈ, ਜਿਸ ਲਈ ਖਾਸ ਧੰਨਵਾਦ ਗੋਪੀ ਪਨੂੰ ਤੇ ਬਲਬੀਰ ਕੌਰ ਦਾ ਹੈ। ਫਿਲਮ ਦੀ ਟੀਮ ਹਾਲ ਹੀ 'ਚ 'ਜਗ ਬਾਣੀ' ਦੇ ਵਿਹੜੇ ਪੁੱਜੀ, ਜਿਥੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਵਲੋਂ ਫਿਲਮ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ, ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼—
Punjabi Bollywood Tadka

ਸਵਾਲ : ਸਰਦਾਰੀ ਵਾਲੇ ਕਿਰਦਾਰ ਤੁਸੀਂ ਪਹਿਲਾਂ ਵੀ ਨਿਭਾਅ ਚੁੱਕੇ ਹੋ, ਇਸ ਪਿੱਛੇ ਕੀ ਵਜ੍ਹਾ ਹੈ?
ਨਵ ਬਾਜਵਾ :
ਮੈਨੂੰ ਮੁਸ਼ਕਿਲ ਰੋਲ ਨਿਭਾਉਣੇ ਬਹੁਤ ਪਸੰਦ ਹਨ। ਮੇਰਾ ਮੰਨਣਾ ਹੈ ਕਿ ਅਭਿਨੇਤਾ ਉਹ ਇਨਸਾਨ ਹੈ, ਜਿਹੜਾ ਦੂਜੇ ਇਨਸਾਨ ਨੂੰ ਆਪਣੇ ਅੰਦਰ ਸਮਾ ਕੇ ਉਸ ਨੂੰ ਨਿਭਾਅ ਸਕੇ। ਜਿਸ ਤਰ੍ਹਾਂ ਦਾ ਮੈਂ ਇਸ ਫਿਲਮ 'ਚ ਕਿਰਦਾਰ ਨਿਭਾਇਆ ਹੈ, ਉਸ ਤਰ੍ਹਾਂ ਦਾ ਮੈਂ ਅਸਲ ਜ਼ਿੰਦਗੀ 'ਚ ਬਿਲਕੁਲ ਨਹੀਂ ਹਾਂ, ਸੋ ਅਜਿਹੇ ਕਿਰਦਾਰ ਨਿਭਾਉਣੇ ਵਧੀਆ ਲੱਗਦੇ ਹਨ।

ਸਵਾਲ : ਫਿਲਮ ਦੀ ਕਹਾਣੀ ਨਵ ਬਾਜਵਾ 'ਤੇ ਆਧਾਰਿਤ ਹੈ, ਕਦੇ ਇਹ ਖਿਆਲ ਨਹੀਂ ਆਇਆ ਮੈਂ ਗੁਆਚ ਜਾਵਾਂਗੀ ਫਿਲਮ 'ਚ?
ਨੇਹਾ ਪਵਾਰ :
ਨਹੀਂ ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਾ ਕਿਉਂਕਿ ਜਦੋਂ ਇਕ ਫਿਲਮ ਬਣਦੀ ਹੈ ਤਾਂ ਹਰੇਕ ਕਿਰਦਾਰ ਬਰਾਬਰ ਹੀ ਜ਼ਰੂਰੀ ਹੁੰਦਾ ਹੈ। ਇਕ ਕਿਰਦਾਰ ਦਾ ਦੂਜੇ ਕਿਰਦਾਰ ਨਾਲ ਲਿੰਕ ਹੁੰਦਾ ਹੈ। ਜੇਕਰ ਹੀਰੋ ਹੈ ਤਾਂ ਉਸ ਨਾਲ ਹੀਰੋਇਨ ਵੀ ਹੈ। 'ਕਿਰਦਾਰ-ਏ-ਸਰਦਾਰ' ਇਕ ਧਾਰਮਿਕ ਫਿਲਮ ਨਹੀਂ, ਸਗੋਂ ਫੈਮਿਲੀ ਡਰਾਮਾ ਹੈ। ਇਸ ਦੇ ਨਾਲ ਤੁਹਾਨੂੰ ਰੋਮਾਂਸ ਤੇ ਕਾਮੇਡੀ ਵੀ ਦੇਖਣ ਨੂੰ ਮਿਲੇਗੀ।

ਸਵਾਲ : ਇੰਨੀ ਵੱਡੀ ਸਟਾਰ ਕਾਸਟ ਨਾਲ ਕੰਮ ਕਰਕੇ ਕਿਹੋ-ਜਿਹਾ ਲੱਗ ਰਿਹਾ ਹੈ?
ਨਵ ਬਾਜਵਾ :
ਬਹੁਤ ਵਧੀਆ ਲੱਗ ਰਿਹਾ ਹੈ। ਇਨ੍ਹਾਂ ਨੂੰ ਮਿਲ ਕੇ ਇਕ ਜ਼ਬਰਦਸਤ ਅਹਿਸਾਸ ਜਾਗਦਾ ਹੈ। ਸਾਰੇ ਆਪਣੇ-ਆਪਣੇ ਕੰਮ 'ਚ ਮਾਹਿਰ ਹਨ। ਹਾਲਾਂਕਿ ਜਿਥੋਂ ਮੇਰਾ ਕਿਰਦਾਰ ਸ਼ੁਰੂ ਹੋਇਆ, ਉਦੋਂ ਤਕ ਕੇ. ਐੱਸ. ਮੱਖਣ ਜੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਸਨ, ਜਿਸ ਕਾਰਨ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਰਜ਼ਾ ਮੁਰਾਦ ਜੀ ਨਾਲ ਮੈਂ ਐਕਟਿੰਗ ਕੀਤੀ ਤੇ ਉਨ੍ਹਾਂ ਦਾ ਫੈਨ ਮੈਂ ਬਚਪਨ ਤੋਂ ਹਾਂ।

ਸਵਾਲ : ਪੰਜਾਬੀ ਫਿਲਮਾਂ 'ਚ ਤੁਹਾਡੀ ਸ਼ੁਰੂਆਤ ਹੋ ਚੁੱਕੀ ਹੈ, ਅੱਗੇ ਕੀ ਪਲਾਨ ਹੈ?
ਨੇਹਾ ਪਵਾਰ :
'ਕਿਰਦਾਰ-ਏ-ਸਰਦਾਰ' ਤੋਂ ਬਾਅਦ ਮੇਰੀ ਇਕ ਤਾਮਿਲ ਫਿਲਮ ਵੀ ਰਿਲੀਜ਼ ਹੋਣ ਵਾਲੀ ਹੈ। ਅਗਲੀ ਪੰਜਾਬੀ ਫਿਲਮ ਦੀ ਵੀ ਗੱਲਬਾਤ ਜਾਰੀ ਹੈ। ਅਜੇ ਮੈਂ ਚਾਹੁੰਦੀ ਹਾਂ ਕਿ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਨਾਲ ਪੰਜਾਬ ਦੇ ਲੋਕ ਮੈਨੂੰ ਅਪਣਾ ਲੈਣ, ਉਸ ਤੋਂ ਬਾਅਦ ਹੀ ਕੁਝ ਅੱਗੇ ਕਰਨ ਦਾ ਮਜ਼ਾ ਆਵੇਗਾ।

ਸਵਾਲ : ਲੋਕਾਂ ਨੂੰ ਫਿਲਮ 'ਚ ਕੀ ਕੁਝ ਵੱਖਰਾ ਦੇਖਣ ਨੂੰ ਮਿਲੇਗਾ?
ਰਾਣਾ ਜੰਗ ਬਹਾਦਰ :
ਫਿਲਮ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ 'ਚ ਸਰਦਾਰ ਦੇ ਕਿਰਦਾਰ ਬਾਰੇ ਗੱਲ ਕੀਤੀ ਗਈ ਹੈ। ਇਕ ਬਾਕਸਰ ਦੇ ਆਲੇ-ਦੁਆਲੇ ਫਿਲਮ ਦੀ ਕਹਾਣੀ ਘੁੰਮਦੀ ਹੈ। ਫਿਲਮ 'ਚ ਬਹੁਤ ਵਧੀਆ ਮੁੱਦਾ ਉਠਾਇਆ ਗਿਆ ਹੈ। ਪੂਰੀ ਤਰ੍ਹਾਂ ਨਾਲ ਸਪੋਰਟਸ 'ਤੇ ਫਿਲਮ ਆਧਾਰਿਤ ਹੈ ਤੇ ਦਰਸ਼ਕਾਂ ਦੇ ਪੈਸੇ ਦਾ ਪੂਰਾ ਮੁਲ ਮੋੜੇਗੀ ਤੇ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਦਿਖਾਵੇਗੀ।

ਸਵਾਲ : ਫਿਲਮ 'ਚ ਤੁਸੀਂ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਰਾਣਾ ਜੰਗ ਬਹਾਦਰ :
ਫਿਲਮ 'ਚ ਮੈਂ ਕੇ. ਐੱਸ. ਮੱਖਣ ਦੇ ਪਿਤਾ ਦੀ ਭੂਮਿਕਾ ਨਿਭਾਅ ਰਿਹਾ ਹਾਂ। ਸ਼ੁਰੂ ਤੋਂ ਲੈ ਕੇ ਅਖੀਰ ਤਕ ਮੇਰੇ ਸੀਨਜ਼ ਹਨ। ਨਵ ਬਾਜਵਾ, ਜਿਨ੍ਹਾਂ ਨੇ ਕੇ. ਐੱਸ. ਮੱਖਣ ਦੇ ਬੇਟੇ ਦਾ ਕਿਰਦਾਰ ਨਿਭਾਇਆ ਹੈ, ਉਸ ਨਾਲ ਵੀ ਮੇਰੇ ਕੁਝ ਸੀਨਜ਼ ਹਨ।

ਸਵਾਲ : ਗੁਰਪ੍ਰੀਤ ਜੀ ਫਿਲਮ 'ਚ ਤੁਸੀਂ ਨਵ ਬਾਜਵਾ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ, ਤਜਰਬਾ ਕਿਹੋ ਜਿਹਾ ਰਿਹਾ?
ਗੁਰਪ੍ਰੀਤ ਕੌਰ ਚੱਢਾ :
ਫਿਲਮ 'ਚ ਮੈਂ ਨਵ ਬਾਜਵਾ ਦੀ ਮਾਂ ਦਾ ਕਿਰਦਾਰ ਨਿਭਾਉਣ ਦੇ ਨਾਲ-ਨਾਲ ਕੇ. ਐੱਸ. ਮੱਖਣ ਦੀ ਪਤਨੀ ਦੀ ਭੂਮਿਕਾ ਵੀ ਨਿਭਾਈ ਹੈ। ਬਹੁਤ ਵੀ ਵੱਖਰਾ ਕਿਰਦਾਰ ਹੈ, ਜਿਸ ਨਾਲ ਨੂੰਹਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਫਿਲਮ 'ਚ ਮੇਰੀ ਉਮਰ ਦੇ ਵੀ ਵੱਖ-ਵੱਖ ਪੜਾਅ ਦੇਖਣ ਨੂੰ ਮਿਲਣਗੇ।

ਸਵਾਲ : ਜਦੋਂ ਫਿਲਮ ਮਿਲੀ ਤਾਂ ਦਿਮਾਗ 'ਚ ਪਹਿਲੀ ਗੱਲ ਕਿਹੜੀ ਆਈ?
ਬਰਿੰਦਰ ਢਪਈ ਵੀਰੂ :
ਮੈਂ ਪਹਿਲਾਂ ਪੰਜਾਬੀ ਗੀਤਾਂ 'ਚ ਮਾਡਲਿੰਗ ਕਰ ਚੁੱਕਾ ਹਾਂ। ਜਦੋਂ ਡਾਇਰੈਕਟਰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਨੈਗੇਟਿਵ ਕਿਰਦਾਰ ਹੈ। ਪਹਿਲਾਂ ਤਾਂ ਅਜੀਬ ਲੱਗਾ ਪਰ ਜਦੋਂ ਮੈਂ ਸਕ੍ਰਿਪਟ ਪੜ੍ਹੀ ਤੇ ਆਪਣੇ ਕਿਰਦਾਰ ਨੂੰ ਜਾਣਿਆ ਤਾਂ ਮੈਨੂੰ ਮਾਣ ਮਹਿਸੂਸ ਹੋਇਆ।

ਸਵਾਲ : ਨੈਗੇਟਿਵ ਰੋਲ ਨਿਭਾਅ ਰਹੇ ਹੋ, ਦਿਮਾਗ 'ਚ ਇਹ ਨਹੀਂ ਆਇਆ ਕਿ ਹੀਰੋ ਦਾ ਰੋਲ ਮਿਲ ਜਾਂਦਾ?
ਬਰਿੰਦਰ ਢਪਈ ਵੀਰੂ :
ਬਿਲਕੁਲ ਇਹ ਗੱਲ ਦਿਮਾਗ 'ਚ ਜ਼ਰੂਰ ਆਈ ਸੀ ਕਿ ਹੀਰੋ ਦਾ ਰੋਲ ਮਿਲ ਜਾਂਦਾ ਪਰ ਜਦੋਂ ਮੈਨੂੰ ਰੋਲ ਦਾ ਆਫਰ ਮਿਲਿਆ ਤਾਂ ਸਭ ਕੁਝ ਫਾਈਨਲ ਹੋ ਚੁੱਕਾ ਸੀ। ਸਿਰਫ ਵਿਲੇਨ ਦੀ ਐਂਟਰੀ ਹੋਣੀ ਬਾਕੀ ਸੀ, ਜਿਸ ਕਰਕੇ ਮੈਨੂੰ ਉਹੀ ਕਿਰਦਾਰ ਮਿਲਿਆ।

'ਇਹ ਫਿਲਮ ਆਪਣੇ ਪਰਿਵਾਰ ਨਾਲ ਜ਼ਰੂਰ ਦੇਖੋ। ਫਿਲਮ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ, ਰੋਣਾ ਵੀ ਆਵੇਗਾ, ਖੁਸ਼ ਵੀ ਹੋਵੋਗੇ ਤੇ ਇੰਜੁਆਏ ਵੀ ਬਹੁਤ ਕਰੋਗੇ ਤੇ ਐਕਸ਼ਨ ਦਾ ਤੜਕਾ ਬਹੁਤ ਪ੍ਰਭਾਵਿਤ ਕਰੇਗਾ।'
—ਨਵ ਬਾਜਵਾ

'ਫਿਲਮ ਬਹੁਤ ਵਧੀਆ ਬਣ ਕੇ ਸਾਹਮਣੇ ਆਈ ਹੈ। ਫਿਲਮ ਤੋਂ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪੂਰੀ ਤਰ੍ਹਾਂ ਨਾਲ ਫੈਮਿਲੀ ਫਿਲਮ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਰੱਜ ਕੇ ਪਿਆਰ ਮਿਲੇ।
—ਨੇਹਾ ਪਵਾਰ


Tags: Kirdar-E-Sardar Nav Bajwa Neha Pawar KS Makhan Barinder Dhapai Veeru Dolly Bindra