ਚੀਮਾਂ ਮੰਡੀ(ਬੇਦੀ)— ਪੰਜਾਬ ਦੇ ਸੱਭਿਆਚਾਰ ਤੇ ਬਣੀ ਪੰਜਾਬੀ ਫ਼ਿਲਮ 'ਲਾਵਾਂ ਫੇਰੇ' ਦੇ ਸਟਾਰ ਰੌਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਰੂਬੀਨਾ ਬਾਜਵਾ, ਨੀਸ਼ਾ ਬਾਨੋ ਅਤੇ ਕਰਮਜੀਤ ਅਨਮੋਲ ਬੀਤੇ ਦਿਨ ਪ੍ਰਮੋਸ਼ਨ ਦੌਰਾਨ ਮਾਡਰਨ ਕਾਲਜ ਬੀਰ ਕਲਾਂ ਵਿਖੇ ਪੁੱਜੇ, ਜਿੱਥੇ ਉਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਫ਼ਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਨੇ ਦੱਸਿਆ ਕਿ ਫ਼ਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ, ਰਾਜੀਵ ਸਿੰਗਲਾ ਅਤੇ ਪ੍ਰੇਮ ਪ੍ਰਕਾਸ਼ ਗੁਪਤਾ ਹਨ ਅਤੇ ਫ਼ਿਲਮ ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਦੇ ਬੈਨਰ ਹੇਠ ਬਣੀ ਹੈ, ਜਦਕਿ ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਹਨ। ਫ਼ਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਅਸਲੀ ਘਰੇਲੂ ਰਿਸ਼ਤਿਆਂ ਤੇ ਅਧਾਰਿਤ ਅਤੇ ਪੂਰੇ ਹਾਸਰਸ ਨਾਲ ਭਰਪੁਰ ਹੈ, ਫ਼ਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ 3 ਜੀਜੇ ਆਪਣੇ ਸਾਲੇ ਦੇ ਵਿਆਹ ਵਿੱਚ ਕਿਸੇ ਨਾਂ ਕਿਸੇ ਢੰਗ ਨਾਲ ਲੱਤ ਫ਼ਸਾਈ ਰੱਖਦੇ ਹਨ। ਇਸ ਫਿਲਮ ਦੇ ਗੀਤ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ ਅਤੇ ਰਣਜੀਤ ਬਾਵਾ ਵੱਲੋਂ ਗਾਏ ਗਏ ਹਨ। ਇਸ ਮੌਕੇ ਮਾਡਰਨ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸ਼ਲ ਵੱਲੋਂ ਫ਼ਿਲਮ ਦੀ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਥਾਣਾ ਮੁੱਖੀ ਚੀਮਾ, ਅਰੁਨ ਕੁਮਾਰ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸੰਗਰੂਰ, ਪ੍ਰੋਫੈਸਰ ਸੁਰਿੰਦਰ ਸਿੰਘ ਭਰੂਰ, ਅਸ਼ੋਕ ਕੁਮਾਰ ਮੋਦੀ, ਜਸਵੰਤ ਸਿੰਘ ਗਰੇਵਾਲ, ਮਹਿੰਦਰਪਾਲ ਬਾਤਿਸ਼, ਨਵਨੀਤ ਸਿੰਘ ਭੁੱਲਰ, ਸਤਿੰਦਰਜੀਤ ਸਿੰਘ ਮਾਨਸਾਹੀਆ, ਰਾਜ ਸਿੰਘ ਝਾੜੋਂ, ਪ੍ਰੋਫੈਸਰ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।