FacebookTwitterg+Mail

'ਲਾਵਾਂ ਫੇਰੇ' ਦਾ ਟਰੇਲਰ ਰਿਲੀਜ਼, ਹੱਸ-ਹੱਸ ਹੋ ਜਾਓਗੇ ਲੋਟ-ਪੋਟ (ਵੀਡੀਓ)

laavaan phere trailer out now
05 January, 2018 02:06:55 PM

ਜਲੰਧਰ (ਬਿਊਰੋ)— ਸੁਰੀਲੇ ਗਾਇਕ ਤੇ ਕਈ ਚਰਚਿਤ ਫਿਲਮਾਂ ਦੇ ਨਾਇਕ ਰੌਸ਼ਨ ਪ੍ਰਿੰਸ ਦੀ ਨਵੀਂ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਟਰੇਲਰ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਫਿਲਮ ਦੇ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
'ਲਾਵਾਂ ਫੇਰੇ' ਫਿਲਮ ਦਾ ਟਰੇਲਰ ਮਸ਼ਹੂਰ ਸੰਗੀਤ ਕੰਪਨੀ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਬਤੌਰ ਹੀਰੋ ਨਜ਼ਰ ਆਉਣਗੇ ਤੇ ਉਨ੍ਹਾਂ ਨਾਲ ਬਤੌਰ ਹੀਰੋਇਨ ਰੁਬੀਨਾ ਬਾਜਵਾ ਕਮਾਲ ਕਰੇਗੀ। ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਨਿਸ਼ਾ ਬਾਨੋ ਤੇ ਸਮੀਪ ਕੰਗ ਦੀ ਅਦਾਕਾਰੀ ਦੇਖਣਯੋਗ ਹੋਵੇਗੀ।

'ਲਾਵਾਂ ਫੇਰੇ' ਫਿਲਮ ਜ਼ਰੀਏ ਪਹਿਲੀ ਵਾਰ ਕਰਮਜੀਤ ਅਨਮੋਲ ਵਲੋਂ ਨਿਰਮਾਣ ਖੇਤਰ 'ਚ ਪੈਰ ਧਰਿਆ ਜਾ ਰਿਹਾ ਹੈ। ਉਨ੍ਹਾਂ ਨਾਲ ਰੰਜੀਵ ਸਿੰਗਲਾ ਵੀ ਪ੍ਰੋਡਿਊਸਰ ਵਜੋਂ ਸਾਹਮਣੇ ਆ ਰਹੇ ਹਨ। ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਹਨ, ਜਿਨ੍ਹਾਂ ਨੂੰ ਹੁਣ ਤਕ ਬਹੁਤ ਸਾਰੀਆਂ ਕਾਮੇਡੀ ਪੰਜਾਬੀ ਫਿਲਮਾਂ ਬਣਾਉਣ ਦਾ ਤਜਰਬਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ ਤੇ ਗਾਇਕ ਵਜੋਂ ਗਿੱਪੀ ਗਰੇਵਾਲ, ਜੱਸੀ ਗਿੱਲ, ਰੌਸ਼ਨ ਪ੍ਰਿੰਸ, ਰਣਜੀਤ ਬਾਵਾ ਤੇ ਹੈਪੀ ਰਾਏਕੋਟੀ ਨੇ ਭੂਮਿਕਾ ਨਿਭਾਈ ਹੈ। ਸੰਗੀਤ ਗੁਰਮੀਤ ਸਿੰਘ, ਜੱਗੀ ਸਿੰਘ, ਲਾਡੀ ਗਿੱਲ ਤੇ ਗੈਗਜ਼ ਸਟੂਡੀਓ ਦਾ ਹੈ।
ਰੌਸ਼ਨ ਪ੍ਰਿੰਸ ਨੇ ਕਿਹਾ, 'ਫਿਲਮ 'ਲਾਵਾਂ ਫੇਰੇ' ਵਿਆਹਾਂ 'ਚ ਜੀਜਿਆਂ ਵਲੋਂ ਮਚਾਏ ਜਾਂਦੇ ਖਰੂਦ ਨਾਲ ਸਬੰਧਤ ਹੈ। ਪੰਜਾਬੀ ਸਮਾਜ 'ਚ ਸਾਲਿਆਂ ਦੇ ਵਿਆਹਾਂ 'ਚ ਜੀਜਿਆਂ ਦੀ ਵੱਖਰੀ ਚੜ੍ਹਤ ਹੁੰਦੀ ਹੈ, ਜਿਹੜੀ ਕਈ ਵਾਰ ਪ੍ਰੇਸ਼ਾਨੀ ਦਾ ਸਬੱਬ ਵੀ ਬਣਦੀ ਹੈ। ਫਿਲਮ 'ਚ ਜੀਜਿਆਂ ਦਾ ਰੋਲ ਨਿਭਾਉਣ ਦੀ ਗੱਲ ਹੀ ਕੀਤੀ ਗਈ ਹੈ। ਇਹ ਅਜਿਹੀ ਫਿਲਮ ਹੋ ਨਿੱਬੜੇਗੀ, ਜਿਸ ਦੇ ਇਕੱਲੇ-ਇਕੱਲੇ ਦ੍ਰਿਸ਼ 'ਤੇ ਦਰਸ਼ਕ ਹੱਸ-ਹੱਸ ਲੋਟ-ਪੋਟ ਹੋਣਗੇ। 'ਲਾਵਾਂ ਫੇਰੇ' ਜ਼ਰੀਏ ਪੰਜਾਬੀ ਸਿਨੇਮੇ ਨੂੰ ਇਕ ਵੱਖਰੀ ਤਰ੍ਹਾਂ ਦੀ ਫਿਲਮ ਅਸੀਂ ਦੇਣ ਜਾ ਰਹੇ ਹਾਂ ਤੇ ਸਾਨੂੰ ਪੂਰੀ ਆਸ ਹੈ ਕਿ ਦੁਨੀਆ ਭਰ 'ਚ ਵੱਸਦੇ ਪੰਜਾਬੀ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਵੇਗੀ।'


Tags: Laavaan Phere Roshan Prince Rubina Bajwa Gurpreet Ghuggi BN Sharma Karamjit Anmol Harby