FacebookTwitterg+Mail

ਹੱਸਣ ਲਈ ਹੋ ਜਾਓ ਤਿਆਰ, ਕੱਲ ਨੂੰ ਰਿਲੀਜ਼ ਹੋਵੇਗਾ 'ਲਾਵਾਂ ਫੇਰੇ' ਦਾ ਟਰੇਲਰ

laavaan phere trailer will out tomorrow
04 January, 2018 09:04:06 PM

ਜਲੰਧਰ (ਬਿਊਰੋ)— 9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਟਰੇਲਰ ਆਖਿਰਕਾਰ ਕੱਲ ਯਾਨੀ ਕਿ 5 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਫਿਲਮ ਦਾ ਟਰੇਲਰ ਠੀਕ 10 ਵੱਜ ਕੇ 5 ਮਿੰਟ 'ਤੇ ਟੀ-ਸੀਰੀਜ਼ ਆਪਣਾ ਪੰਜਾਬ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਮਜ਼ੇਦਾਰ ਗੱਲ ਇਹ ਹੈ ਕਿ ਫਿਲਮ ਦੇ ਜਿੰਨੇ ਵੀ ਪੋਸਟਰ ਹੁਣ ਤਕ ਰਿਲੀਜ਼ ਹੋਏ ਹਨ, ਉਨ੍ਹਾਂ 'ਚ ਮੁੱਖ ਜੋੜੀ ਯਾਨੀ ਕਿ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਉਦਾਸ ਨਜ਼ਰ ਆ ਰਹੇ ਹਨ ਤੇ ਬਾਕੀ ਸਟਾਰਕਾਸਟ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਖੈਰ ਇਹ ਮਾਮਲਾ ਕੀ ਹੈ, ਇਹ ਤਾਂ ਟਰੇਲਰ ਦੇ ਰਿਲੀਜ਼ ਹੋਣ ਦੇ ਨਾਲ ਹੀ ਪਤਾ ਚੱਲੇਗਾ।
'ਲਾਵਾਂ ਫੇਰੇ' ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ ਹੈ। ਫਿਲਮ 'ਚ ਜੀਜਿਆਂ ਦਾ ਵੀ ਅਹਿਮ ਯੋਗਦਾਨ ਹੈ, ਜੋ ਕਿ ਪੋਸਟਰਾਂ ਦੇ ਨਾਲ ਸਾਂਝੀਆਂ ਕੀਤੀਆਂ ਕੈਪਸ਼ਨਾਂ 'ਚ ਸਾਫ ਨਜ਼ਰ ਆ ਰਿਹਾ ਹੈ। ਲੱਗਦਾ ਹੈ ਕਿ ਜੀਜੇ ਹੀ ਹਨ, ਜਿਹੜੇ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਦੇ 'ਲਾਵਾਂ ਫੇਰੇ' 'ਚ ਵਿਘਨ ਪਾ ਰਹੇ ਹਨ।
ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਕਈ ਹਿੱਟ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਹਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਵੀ ਹੋਰ ਕਈ ਕਲਾਕਾਰ ਹਨ, ਜਿਹੜੇ ਕੱਲ ਟਰੇਲਰ ਰਿਲੀਜ਼ ਹੁੰਦਿਆਂ ਸਾਹਮਣੇ ਆ ਜਾਣਗੇ। 'ਲਾਵਾਂ ਫੇਰੇ' ਕਰਮਜੀਤ ਅਨਮੋਲ ਪ੍ਰੋਡਕਸ਼ਨਜ਼, ਰੰਜੀਵ ਸਿੰਗਲਾ ਪ੍ਰੋਡਕਸ਼ਨਜ਼ ਤੇ ਪ੍ਰੇਮ ਮੋਸ਼ਨ ਪਿਕਚਰਜ਼ ਵਲੋਂ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ।


Tags: Laavaan Phere Roshan Prince Rubina Bajwa Gurpreet Ghuggi Karamjit Anmol BN Sharma