FacebookTwitterg+Mail

'ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ' ਗੀਤ ਨੂੰ ਮਿਲਿਆ ਮਣਾਂ-ਮੂੰਹੀਂ ਪਿਆਰ : ਮਨਮੋਹਨ ਵਾਰਿਸ

25 January, 2017 10:22:15 AM
ਜਲੰਧਰ— ਹਮੇਸ਼ਾ ਹੀ ਸਮਾਜਿਕ ਸਰੋਕਾਰਾਂ ਨੂੰ ਆਪਣੀ ਗਾਇਕੀ 'ਚ ਪਹਿਲ ਦੇਣ ਵਾਲੇ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਵੱਲੋਂ ਇਸ ਵਾਰ ਫਿਰ 'ਪੰਜਾਬੀ ਵਿਰਸਾ 2016' 'ਚ ਇਕ ਅਜਿਹਾ ਗੀਤ ਗਾਇਆ ਗਿਆ, ਜੋ ਸਮਾਜ 'ਚ ਵਸਦੇ ਲੋਕਾਂ ਨੂੰ ਨਵੀਆਂ ਦਿਸ਼ਾਵਾਂ ਤੇ ਨਵੀਆਂ ਮੰਜ਼ਿਲਾਂ ਦੀ ਪ੍ਰਾਪਤੀ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਗੀਤ ਨੂੰ ਸਮਾਜ ਦੇ ਹਰ ਵਰਗ ਦੇ ਸਰੋਤਿਆਂ, ਰਾਜਸੀ ਪਾਰਟੀਆਂ, ਸਮਾਜਿਕ ਤੇ ਸੱਭਿਆਚਾਰਕ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਆਪਣੀ-ਆਪਣੀ ਫੇਸਬੁੱਕ 'ਤੇ ਸ਼ੇਅਰ ਕਰਨਾ ਹੀ ਇਸ ਗੀਤ ਨੂੰ ਹਰਮਨ ਪਿਆਰਾ ਬਣਾਉਂਦਾ ਹੈ। ਪੰਜਾਬੀ ਗੀਤਕਾਰੀ ਦੀ ਨਵੀਂ ਉਭਰ ਰਹੀ ਕਲਮ 'ਗਿੱਲ ਰੌਂਤਾ' ਵੱਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ।
ਇਸ ਸੰਬੰਧੀ ਮਨਮੋਹਨ ਵਾਰਿਸ ਨੇ ਦੱਸਿਆ ਹੈ ਕਿ, ''ਇਸ ਗੀਤ ਨੂੰ ਗਾਉਣ ਦਾ ਮਕਸਦ ਸਮਾਜ 'ਚ ਵਸਦੇ ਉਨ੍ਹਾਂ ਨੌਜਵਾਨਾਂ ਅੰਦਰ ਉਤਸ਼ਾਹ ਭਰਨਾ ਸੀ, ਜੋ ਸੰਘਰਸ਼ 'ਚ ਆਈਆਂ ਮੁਸ਼ਕਿਲਾਂ ਕਾਰਨ ਨਿਰਾਸ਼ ਹੋ ਜਾਂਦੇ ਹਨ ਤੇ ਮੰਜ਼ਿਲ ਦੀ ਪ੍ਰਾਪਤੀ ਨੂੰ ਅਧੂਰਾ ਛੱਡ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਹਮੇਸ਼ਾ ਆਪਣੇ ਜੀਵਨ ਤੇ ਆਪਣੀ ਗਾਇਕੀ ਨੂੰ ਸਮਾਜ ਨਾਲ ਜੋੜ ਕੇ ਦੇਖਿਆ ਹੈ। ਉਨ੍ਹਾਂ ਹੋਰ ਕਿਹਾ ਕਿ ਨੌਜਵਾਨਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਹੀ ਇਕ ਮਜ਼ਬੂਤ ਸਮਾਜ ਸਿਰਜ ਸਕਦੀ ਹੈ।'' ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾਂ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ, ਇਹ ਗੀਤ ਪੰਜਾਬੀ ਵਿਰਸਾ 2016 ਦੌਰਾਨ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਹੋਏ ਸ਼ੋਅ ਦੌਰਾਨ ਰਿਕਾਰਡ ਕੀਤਾ ਗਿਆ ਸੀ, ਜਿਸ ਦੀ ਸੀ. ਡੀ. ਤੇ ਡੀ. ਵੀ. ਡੀ. ਪੂਰੀ ਦੁਨੀਆ 'ਚ ਪਲਾਜ਼ਮਾ ਰਿਕਾਰਡਜ਼ ਵੱਲੋਂ ਬਹੁਤ ਜਲਦ ਹੀ ਬਹੁਤ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।

Tags: ਮਨਮੋਹਨ ਵਾਰਿਸ ਜਾਰੀ ਜੰਗ ਰੱਖਿਓਪੰਜਾਬੀ ਵਿਰਸਾ 2016Manmohan WarisJari Jang Rakheo Punjabi Virsa 2016