FacebookTwitterg+Mail

ਆਪਣੇ ਕਿਰਦਾਰ ਨੂੰ ਲੈ ਕੇ ਵੱਖਰੀ ਮਿਸਾਲ ਪੇਸ਼ ਕਰਦੇ ਸਨ ਮਨੋਜ ਕੁਮਾਰ

    1/7
26 February, 2017 04:09:53 PM
ਮੁੰਬਈ- ਆਪਣੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ 'ਭਾਰਤ ਕੁਮਾਰ' ਦੇ ਨਾਂ ਨਾਲ ਮਸ਼ਹੂਰ ਮਨੋਜ ਕੁਮਾਰ ਦਾ ਵਿਆਹ ਸ਼ਸ਼ੀ ਗੋਸਵਾਮੀ ਨਾਲ ਹੋਇਆ ਸੀ ਜੋ ਹਰਿਆਣਾ ਦੇ ਸਿਰਸਾ ਜ਼ਿਲੇ ਨਾਲ ਸੰਬੰਧ ਰੱਖਦੀ ਹੈ। ਦੋਵਾਂ ਦੇ ਦੋ ਪੁੱਤਰ ਕ੍ਰਿਣਾਲ ਅਤੇ ਵਿਸ਼ਾਲ ਗੋਸਵਾਮੀ ਹਨ। ਦੋਵਾਂ ਨੇ ਆਪਣੇ ਪਿਤਾ ਵਾਂਗ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਪਰ ਅਸਫਲ ਰਹੇ। ਮਨੋਜ ਦਾ ਜਨਮ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਏਬਟਾਬਾਦ 'ਚ ਹੋਇਆ ਸੀ ਪਰ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਵਸਿਆ। ਦਿੱਲੀ ਦੇ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਨੋਜ ਨੇ ਫਿਲਮ ਨਗਰੀ 'ਚ ਜਾਣ ਦਾ ਫੈਸਲਾ ਲਿਆ। 1957 'ਚ ਫਿਲਮ 'ਫੈਸ਼ਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਮਨੋਜ ਨੂੰ ਪਹਿਲੀ ਮੁੱਖ ਭੂਮਿਕਾ ਮਿਲੀ ਫਿਲਮ 'ਕਾਂਚ ਕੀ ਗੁੜੀਆ' 'ਚ। ਇਸ ਤੋਂ ਬਾਅਦ ਆਈ ਉਨ੍ਹਾਂ ਦੀ ਫਿਲਮ 'ਹਰਿਆਲੀ ਔਰ ਰਾਸਤਾ', 'ਹਿਮਾਲਿਆ ਕੀ ਗੋਦ ਮੇਂ' ਅਤੇ 'ਦੋ ਬਦਨ' ਨੇ ਉਨ੍ਹਾਂ ਨੂੰ ਫਿਲਮ ਨਗਰੀ ਦਾ ਮੁੱਖ ਹੀਰੋ ਬਣਾ ਦਿੱਤਾ। 1960 ਦੇ ਦਹਾਕੇ 'ਚ ਉਨ੍ਹਾਂ ਦੀਆਂ 'ਹਨੀਮੂਨ', 'ਨਕਲੀ ਨਵਾਬ', 'ਪੱਥਰ ਕੇ ਸਨਮ', 'ਸਾਜਨ', 'ਸਾਵਨ ਕੀ ਘਟਾ', 'ਪਹਿਚਾਨ' , 'ਆਦਮੀ', 'ਗੁਮਨਾਮ', 'ਅਨੀਤਾ' ਅਤੇ 'ਵੋ ਕੌਨ ਥੀ' ਵਰਗੀਆਂ ਫਿਲਮਾਂ ਆਈਆਂ।
1965 'ਚ ਆਈ ਫਿਲਮ 'ਸ਼ਹੀਦ' ਨਾਲ ਉਨ੍ਹਾਂ ਦੀ ਇਮੇਜ ਇਕ ਦੇਸ਼ਭਗਤ ਹੀਰੋ ਦੀ ਬਣ ਗਈ। ਇਸ ਫਿਲਮ 'ਚ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਮਨੋਜ ਨੂੰ 'ਜੈ ਜਵਾਨ ਜੈ ਕਿਸਾਨ' ਨਾਅਰੇ 'ਤੇ ਫਿਲਮ ਬਣਾਉਣ ਨੂੰ ਕਿਹਾ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਫਿਲਮ 'ਉਪਕਾਰ' ਬਣਾਈ।
1970 'ਚ ਉਨ੍ਹਾਂ ਨੇ 'ਪੂਰਬ ਔਰ ਪਸ਼ਚਿਮ' ਬਣਾਈ ਜੋ ਸੁਪਰਹਿਟ ਰਹੀ। 1972 'ਚ ਫਿਲਮ 'ਬੇਈਮਾਨ' ਲਈ ਉਨ੍ਹਾਂ ਨੂੰ ਬੈਸਟ ਐਕਟਰ ਦੇ ਫਿਲਮ ਫੇਅਰ ਐਵਾਰਡ ਨਾਲ ਨਿਵਾਜਿਆ ਗਿਆ। ਇਸੇ ਸਾਲ ਉਨ੍ਹਾਂ ਨੇ 'ਸ਼ੋਰ' ਬਣਾਈ ਜਿਸ ਦਾ ਗੀਤ 'ਇਕ ਪਿਆਰ ਕਾ ਨਗਮਾ ਹੈ' ਬਹੁਤ ਹਿਟ ਰਿਹਾ ਸੀ। 1974 'ਚ 'ਸੰਨਿਆਸੀ' ਅਤੇ 1976 'ਚ 'ਦਸ ਨੰਬਰੀ' ਉਨ੍ਹਾਂ ਦੀਆਂ ਹੋਰ ਹਿਟ ਫਿਲਮਾਂ ਰਹੀਆਂ।
1981 'ਚ ਆਪਣਾ ਆਦਰਸ਼ ਮੰਨਣ ਵਾਲੇ ਦਿਲੀਪ ਕੁਮਾਰ ਨੂੰ ਫਿਲਮ 'ਕ੍ਰਾਂਤੀ' 'ਚ ਨਿਰਦੇਸ਼ਿਤ ਕਰਨ ਦਾ ਮਨੋਜ ਨੂੰ ਮੌਕਾ ਮਿਲਿਆ। ਇਹ ਉਨ੍ਹਾਂ ਦੇ ਕਰੀਅਰ ਦੀ ਆਖਰੀ ਹਿਟ ਫਿਲਮ ਸੀ। ਉਨ੍ਹਾਂ ਇਕ ਪੰਜਾਬੀ ਫਿਲਮ 'ਜੱਟ ਪੰਜਾਬੀ' 'ਚ ਵੀ ਕੰਮ ਕੀਤਾ ਸੀ। 1980 ਤੋਂ ਬਾਅਦ ਉਨ੍ਹਾਂ ਦੇ ਕਰੀਅਰ 'ਚ ਉਤਾਰ ਆਉਣਾ ਸ਼ੁਰੂ ਹੋਇਆ ਅਤੇ 1989 'ਚ ਆਈ ਫਿਲਮ 'ਕਲਰਕ' ਬਾਕਸ ਆਫਿਸ 'ਤੇ ਅਸਫਲ ਰਹੀ। 1995 'ਚ ਫਿਲਮ 'ਮੈਦਾਨ-ਏ-ਜੰਗ' 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਛੱਡ ਦਿੱਤੀ। 1999 'ਚ ਉਨ੍ਹਾਂ ਨੇ ਆਪਣੇ ਬੇਟੇ ਕ੍ਰਿਣਾਲ ਗੋਸਵਾਮੀ ਨੂੰ ਲੈ ਕੇ ਫਿਲਮ 'ਜੈਹਿੰਦ' ਨਿਰਦੇਸ਼ਿਤ ਕੀਤੀ ਪਰ ਇਹ ਫਿਲਮ ਵੀ ਅਸਫਲ ਰਹੀ ਅਤੇ ਉਨ੍ਹਾਂ ਨੇ ਸੁਨਹਿਰੇ ਪਰਦੇ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ। ਚਾਹੇ ਫਿਲਮਾਂ ਤੋਂ ਉਹ ਦੂਰ ਹੋ ਗਏ ਪਰ ਆਪਣੀ ਪਤਨੀ ਸ਼ਸ਼ੀ ਨਾਲ ਉਹ ਕਦੇ-ਕਦਾਈਂ ਵੱਖ-ਵੱਖ ਸਮਾਰੋਹਾਂ 'ਚ ਨਜ਼ਰ ਆਉਂਦੇ ਰਹਿੰਦੇ ਹਨ।

Tags: Manoj Kumar Bharat Kumarpurab aur paschimshashi ਮਨੋਜ ਕੁਮਾਰਭਾਰਤ ਕੁਮਾਰ

About The Author

Anuradha Sharma

Anuradha Sharma is News Editor at Jagbani.