FacebookTwitterg+Mail

ਪਾਲੀਵੁੱਡ 2016 : ਇਨ੍ਹਾਂ ਪੰਜਾਬੀ ਫਿਲਮਾਂ ਨੇ ਦਰਸ਼ਕਾਂ ਵਿਚਾਲੇ ਬਣਾਈ ਵੱਖਰੀ ਪਛਾਣ (ਦੇਖੋ ਤਸਵੀਰਾਂ)

    1/17
28 December, 2016 10:33:27 PM
ਜਲੰਧਰ, (ਰਾਹੁਲ ਸਿੰਘ)— ਸਾਲ 2016 ਪੰਜਾਬੀ ਫਿਲਮਾਂ ਲਈ ਕਾਫੀ ਸ਼ਾਨਦਾਰ ਰਿਹਾ ਹੈ। ਇਸ ਸਾਲ ਕਈ ਅਜਿਹੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਲਿਆ ਹੈ। ਅੱਜ ਉਨ੍ਹਾਂ ਪੰਜਾਬੀ ਫਿਲਮਾਂ ਦੀ ਹੀ ਅਸੀਂ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ 2016 'ਚ ਚੰਗਾ ਨਾਂ ਕਮਾਇਆ—
1. ਚੰਨੋ : ਕਮਲੀ ਯਾਰ ਦੀ (ਫਰਵਰੀ)
'ਚੰਨੋ : ਕਮਲੀ ਯਾਰ ਦੀ' ਫਿਲਮ ਇਕ ਗਰਭਵਤੀ ਮਹਿਲਾ 'ਤੇ ਆਧਾਰਿਤ ਫਿਲਮ ਹੈ, ਜਿਹੜੀ ਵਿਦੇਸ਼ 'ਚ ਆਪਣੇ ਪਤੀ ਦੀ ਭਾਲ ਲਈ ਜਾਂਦੀ ਹੈ। ਨੀਰੂ ਬਾਜਵਾ ਵਲੋਂ 'ਚੰਨੋ' ਦਾ ਕਿਰਦਾਰ ਕਾਫੀ ਸ਼ਾਨਦਾਰ ਢੰਗ ਨਾਲ ਨਿਭਾਇਆ ਗਿਆ, ਜਿਸ ਨਾਲ ਉਨ੍ਹਾਂ ਦਾ ਸਾਥ ਦਿੱਤਾ ਬੀਨੂੰ ਢਿੱਲੋਂ ਨੇ। ਫਿਲਮ ਨੂੰ ਪੰਕਜ ਬੱਤਰਾ ਵਲੋਂ ਡਾਇਰੈਕਟ ਕੀਤਾ ਗਿਆ ਸੀ।
2. ਅਰਦਾਸ (ਮਾਰਚ)
'ਅਰਦਾਸ' ਫਿਲਮ ਨੂੰ ਭਲਾ ਕੌਣ ਭੁੱਲ ਸਕਦਾ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਐਮੀ ਵਿਰਕ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ ਤੇ ਰਾਣਾ ਰਣਬੀਰ ਨੇ ਬਾ-ਕਮਾਲ ਅਦਾਕਾਰੀ ਦਿਖਾਈ। ਫਿਲਮ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਦਿੱਤਾ ਗਿਆ।
3. ਲਵ ਪੰਜਾਬ (ਮਾਰਚ)
ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਜੋੜੀ ਨੇ 'ਲਵ ਪੰਜਾਬ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇਕ ਸੁਨੇਹਾ ਵੀ ਸਮਾਜ ਨੂੰ ਦਿੱਤਾ। ਫਿਲਮ ਨੂੰ ਰਾਜੀਵ ਢੀਂਗਰਾ ਵਲੋਂ ਡਾਇਰੈਕਟ ਕੀਤਾ ਗਿਆ ਸੀ। ਕਾਮੇਡੀ, ਡਰਾਮਾ ਤੇ ਰਿਸ਼ਤਿਆਂ ਦੀ ਸਮਝ ਨੂੰ ਦਰਸਾਉਂਦੀ ਇਸ ਫਿਲਮ ਨੇ ਕਾਰੋਬਾਰ ਵੀ ਚੰਗਾ ਕੀਤਾ ਸੀ।
4. ਅੰਬਰਸੀਆ (ਮਾਰਚ)
'ਅੰਬਰਸਰੀਆ' ਇਸ ਸਾਲ ਦੀਆਂ ਚਰਚਾ 'ਚ ਰਹਿਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਇਸ ਦਾ ਕਾਰਨ ਹੈ ਦਿਲਜੀਤ ਦੁਸਾਂਝ ਦਾ 3 ਹਸੀਨਾਵਾਂ ਨਾਲ ਰੋਮਾਂਸ ਕਰਨਾ। ਫਿਲਮ 'ਚ ਨਵਨੀਤ ਕੌਰ ਢਿੱਲੋਂ, ਮੋਨਿਕਾ ਗਿੱਲ, ਲੌਰੇਨ ਗੌਟਲੀਬ ਤੇ ਗੁਲ ਪਨਾਗ ਮੁੱਖ ਭੂਮਿਕਾ 'ਚ ਸਨ। ਫਿਲਮ 'ਚ ਦਿਲਜੀਤ ਇਕ ਰਾਅ ਏਜੰਟ ਸਨ, ਜਿਸ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ ਸੀ।
5. ਵਿਸਾਖੀ ਲਿਸਟ (ਅਪ੍ਰੈਲ)
ਜਿੰਮੀ ਸ਼ੇਰਗਿੱਲ, ਸੁਨੀਲ ਗਰੋਵਰ, ਸ਼ਰੂਤੀ ਸੋਢੀ ਤੇ ਜਸਵਿੰਦਰ ਭੱਲਾ ਦੀ ਹਲਕੀ-ਫੁਲਕੀ ਕਾਮੇਡੀ ਵਾਲੀ ਫਿਲਮ 'ਵਿਸਾਖੀ ਲਿਸਟ' ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੀ ਗਈ ਸੀ। ਫਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਸੀ।
6. ਜ਼ੋਰਾਵਰ (ਮਈ)
ਯੋ ਯੋ ਹਨੀ ਸਿੰਘ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ 'ਜ਼ੋਰਾਵਰ' ਵੀ ਇਸ ਸਾਲ ਕਾਫੀ ਚਰਚਾ 'ਚ ਰਹੀ। ਹਾਲਾਂਕਿ ਬਾਕਸ ਆਫਿਸ 'ਤੇ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਹਨੀ ਸਿੰਘ ਦੀ ਵਾਪਸੀ ਹੋਣ ਕਾਰਨ ਉਸ ਦੇ ਫੈਨਜ਼ ਜ਼ਰੂਰ ਖੁਸ਼ ਹੋਏ। ਫਿਲਮ 'ਚ ਹਨੀ ਸਿੰਘ ਤੋਂ ਇਲਾਵਾ ਪਾਰੁਲ ਗੁਲਾਟੀ ਤੇ ਮੁਕੁਲ ਦੇਵ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਨੂੰ ਵਿੰਨੀ ਮਰਕਨ ਵਲੋਂ ਡਾਇਰੈਕਟ ਕੀਤਾ ਗਿਆ ਸੀ।
7. ਕਪਤਾਨ (ਮਈ)
ਗਿੱਪੀ ਗਰੇਵਾਲ, ਕਰਿਸ਼ਮਾ ਕੋਟਕ ਤੇ ਮੋਨਿਕਾ ਗਿੱਲ ਸਟਾਰਰ ਫਿਲਮ 'ਕਪਤਾਨ' ਬਾਕਸ ਆਫਿਸ 'ਤੇ ਵਧੀਆ ਕਮਾਈ ਕਰਨ 'ਚ ਸਫਲ ਰਹੀ। ਫਿਲਮ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ ਸੀ। ਕਾਮੇਡੀ ਤੇ ਡਰਾਮੇ ਦਾ ਪਰਫੈਕਟ ਤੜਕਾ ਲਗਾਉਂਦੀ ਇਹ ਫਿਲਮ ਸਾਲ 2016 ਦੀਆਂ ਟੌਪ ਫਿਲਮਾਂ 'ਚੋਂ ਇਕ ਹੈ।
8. ਸਾਡੇ ਸੀ. ਐੱਮ. ਸਾਬ (ਮਈ)
ਜਿੰਨੀ ਪ੍ਰਮੋਸ਼ਨ 'ਸਾਡੇ ਸੀ. ਐੱਮ. ਸਾਬ' ਫਿਲਮ ਦੀ ਪਾਲੀਵੁੱਡ 'ਚ ਹੋਈ, ਉਨੀ ਸ਼ਾਇਦ ਕਿਸੇ ਹੋਰ ਫਿਲਮ ਦੀ ਅੱਜ ਤਕ ਨਹੀਂ ਹੋਈ। ਹਾਲਾਂਕਿ ਪ੍ਰਮੋਸ਼ਨ ਫਿਲਮ ਦੇ ਜ਼ਿਆਦਾ ਕੰਮ ਤਾਂ ਨਹੀਂ ਆਈ ਪਰ ਜ਼ਰੂਰ ਇਹ ਫਿਲਮ 2016 ਦੌਰਾਨ ਚਰਚਾ 'ਚ ਰਹੀ। ਫਿਲਮ 'ਚ ਹਰਭਜਨ ਮਾਨ, ਕਸ਼ਿਸ਼ ਸਿੰਘ, ਗੁਰਪ੍ਰੀਤ ਘੁੱਗੀ ਤੇ ਰਾਹੁਲ ਸਿੰਘ ਮੁੱਖ ਭੂਮਿਕਾ 'ਚ ਸਨ, ਜਿਸ ਨੂੰ ਵਿਪਿਨ ਪ੍ਰਾਸ਼ਰ ਵਲੋਂ ਡਾਇਰੈਕਟ ਕੀਤਾ ਗਿਆ ਸੀ।
9. ਵਾਪਸੀ (ਜੂਨ)
ਹਰੀਸ਼ ਵਰਮਾ, ਦ੍ਰਿਸ਼ਟੀ ਸਹਾਰਨ ਤੇ ਅਸ਼ਿਸ਼ ਦੁੱਗਲ ਸਟਾਰਰ ਫਿਲਮ 'ਵਾਪਸੀ' ਜਿਨ੍ਹਾਂ ਨੇ ਵੀ ਦੇਖੀ, ਉਨ੍ਹਾਂ ਵਲੋਂ ਬੇਹੱਦ ਪਸੰਦ ਕੀਤੀ ਗਈ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਸੀ, ਜਿਹੜੀ 1984 ਦੇ ਦੌਰ ਨੂੰ ਦਰਸਾਉਂਦੀ ਸੀ।
10. ਸਰਦਾਰ ਜੀ 2 (ਜੂਨ)
ਪੰਜਾਬੀ ਫਿਲਮ 'ਸਰਦਾਰ ਜੀ' ਦਾ ਸੀਕੁਅਲ 'ਸਰਦਾਰ ਜੀ 2' ਇਸ ਸਾਲ ਦੀਆਂ ਸਭ ਤੋਂ ਸਫਲ ਫਿਲਮਾਂ 'ਚੋਂ ਇਕ ਹੈ। ਫਿਲਮ 'ਚ ਦਿਲਜੀਤ ਦੁਸਾਂਝ, ਮੋਨਿਕਾ ਗਿੱਲ ਤੇ ਸੋਨਮ ਬਾਜਵਾ ਨੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਫਿਲਮ ਨੂੰ ਰੋਹਿਤ ਜੁਗਰਾਜ ਵਲੋਂ ਡਾਇਰੈਕਟ ਕੀਤਾ ਗਿਆ ਸੀ।
11. ਨਿੱਧੀ ਸਿੰਘ (ਜੁਲਾਈ)
ਮਹਿਲਾ ਸਸ਼ਕਤੀਕਰਨ 'ਤੇ ਆਧਾਰਿਤ ਫਿਲਮ 'ਨਿੱਧੀ ਸਿੰਘ' 'ਚ ਕੁਲਰਾਜ ਰੰਧਾਵਾ ਦੇ ਅਭਿਨੈ ਦੀ ਕਾਫੀ ਤਾਰੀਫ ਕੀਤੀ ਗਈ। ਫਿਲਮ 'ਚ ਸ਼ੁਭਨੀਤ ਕੌਰ ਘੁੰਮਣ ਵੀ ਅਦਾਕਾਰੀ ਕਰਦੀ ਨਜ਼ਰ ਆਈ। 'ਨਿੱਧੀ ਸਿੰਘ' ਨੂੰ ਜੈਵੀ ਧੰਡਾ ਵਲੋਂ ਡਾਇਰੈਕਟ ਕੀਤਾ ਗਿਆ ਸੀ।
12. ਬੰਬੂਕਾਟ (ਜੁਲਾਈ)
ਐਮੀ ਵਿਰਕ, ਬੀਨੂੰ ਢਿੱਲੋਂ, ਸਿਮੀ ਚਾਹਲ, ਸ਼ੀਤਲ ਠਾਕੁਰ ਤੇ ਸਰਦਾਰ ਸੋਹੀ ਸਟਾਰਰ ਫਿਲਮ 'ਬੰਬੂਕਾਟ' ਨੂੰ ਕੌਣ ਭੁੱਲ ਸਕਦਾ ਹੈ। ਪੰਕਜ ਬੱਤਰਾ ਵਲੋਂ ਸ਼ਾਨਦਾਰ ਨਿਰਦੇਸ਼ਨ ਦੇਖਣ ਨੂੰ ਮਿਲਿਆ। ਫਿਲਮ ਨੇ ਸਫਲਤਾ ਦੇ ਕਈ ਝੰਡੇ ਗੱਡੇ ਤੇ ਨਾਲ ਹੀ ਐਮੀ ਵਿਰਕ ਦੀ ਅਦਾਕਾਰੀ ਦੀਆਂ ਤਾਰਫੀ ਹੋਣੀਆਂ ਸ਼ੁਰੂ ਹੋ ਗਈਆਂ।
13. ਨਿੱਕਾ ਜ਼ੈਲਦਾਰ (ਸਤੰਬਰ)
ਐਮੀ ਵਿਰਕ ਨੇ 'ਨਿੱਕਾ ਜ਼ੈਲਦਾਰ' ਰਾਹੀਂ ਮੁੜ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ। ਐਮੀ ਨਾਲ ਇਸ ਫਿਲਮ 'ਚ ਸੋਨਮ ਬਾਜਵਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ ਸਣੇ ਕਈ ਪੰਜਾਬੀ ਕਲਾਕਾਰਾਂ ਨੇ ਕੰਮ ਕੀਤਾ। ਫਿਲਮ ਨੂੰ ਸਿਮਰਜੀਤ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਸੀ।
14. ਲੌਕ (ਅਕਤੂਬਰ)
ਗੀਤਾ ਬਸਰਾ, ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਟਾਰਰ ਫਿਲਮ 'ਲੌਕ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਗਈ ਸੀ। ਖਾਸ ਗੱਲ ਇਹ ਰਹੀ ਕਿ ਸਮੀਪ ਕੰਗ ਇਸ ਫਿਲਮ 'ਚ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਕਰਦੇ ਵੀ ਨਜ਼ਰ ਆਏ ਸਨ।
15. ਚਾਰ ਸਾਹਿਬਜ਼ਾਦੇ : ਰਾਈਜ਼ ਆਫ ਬੰਦਾ ਸਿੰਘ ਬਹਾਦਰ (ਨਵੰਬਰ)
'ਚਾਰ ਸਾਹਿਬਜ਼ਾਦੇ' ਦਾ ਸੀਕੁਅਲ 'ਚਾਰ ਸਾਹਿਬਜ਼ਾਦੇ : ਰਾਈਜ਼ ਆਫ ਬੰਦਾ ਸਿੰਘ ਬਹਾਦਰ' ਇਕ ਐਨੀਮੇਸ਼ਨ ਫਿਲਮ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਹੈਰੀ ਬਾਵੇਜਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਸਿੱਖ ਇਤਿਹਾਸ ਨੂੰ ਵਧੀਆ ਢੰਗ ਨਾਲ ਪਰਦੇ 'ਤੇ ਦਰਸਾਇਆ।

Tags: ਪਾਲੀਵੁੱਡ 2016 Pollywood 2016 ਪੰਜਾਬੀ ਫਿਲਮਾਂ Punjabi Movies ਚੰਨੋ Channo ਅਰਦਾਸ Ardaas ਲਵ ਪੰਜਾਬ Love Punjab