ਚੰਡੀਗੜ੍ਹ (ਭੁੱਲਰ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿਚ ਭਾਗ ਲੈਣ 'ਤੇ ਘਿਰ ਚੁੱਕੇ ਹਨ। ਵਿਰੋਧੀ ਧਿਰ ਵਲੋਂ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਕਾਮੇਡੀ ਸ਼ੋਅ ਵਿਚ ਭਾਗ ਲੈਣ ਸਬੰਧੀ ਵਿਰੋਧ ਜਤਾਉਂਦਿਆਂ ਇਸ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰਕਤ ਵਿਚ ਆਏ ਹਨ ਤੇ ਉਨ੍ਹਾਂ ਨੇ ਰਾਜ ਦੇ ਏ. ਜੀ. ਤੋਂ ਇਸ ਸਬੰਧੀ ਕਾਨੂੰਨੀ ਰਾਏ ਮੰਗੀ ਹੈ। ਨਵ-ਨਿਯੁਕਤ ਏ. ਜੀ. ਅਤੁਲ ਨੰਦਾ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਕਾਨੂੰਨੀ ਰਾਏ ਜ਼ਰੂਰ ਦੇਣਗੇ।
ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਤੋਂ ਜਦ ਇਸ ਮਾਮਲੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਦਾ ਹਿੱਤ ਪਹਿਲਾਂ ਹੈ। ਕਾਨੂੰਨ ਮੁਤਾਬਿਕ ਹੀ ਸਭ ਕੁੱਝ ਹੋਵੇਗਾ। ਜੇਕਰ ਕਾਨੂੰਨੀ ਰਾਏ ਤੋਂ ਬਾਅਦ ਉਨ੍ਹਾਂ ਨੂੰ ਕਾਮੇਡੀ ਸ਼ੋਅ ਜਾਂ ਮੰਤਰੀ ਅਹੁਦੇ ਵਿਚੋਂ ਕੋਈ ਇਕ ਚੁਣਨਾ ਪਿਆ ਤਾਂ ਉਹ ਪੰਜਾਬ ਦੇ ਹਿੱਤਾਂ ਨੂੰ ਹੀ ਪਹਿਲ ਦੇਣਗੇ।