FacebookTwitterg+Mail

'ਮੰਤਰੀ ਹੋਣ ਦੇ ਨਾਲ ਟੀ. ਵੀ. ਸ਼ੋਅ ਵੀ ਕਰ ਸਕਦੇ ਹਨ ਸਿੱਧੂ'

navjot singh sidhu
24 March, 2017 03:05:41 PM
ਚੰਡੀਗੜ੍ਹ— ਪੰਜਾਬ ਦੇ ਐਡਵੋਕੇਟ ਜਨਰਲ (ਏ. ਜੀ.) ਅਤੁਲ ਨੰਦਾ ਨੇ ਕਿਹਾ ਹੈ ਕਿ ਮੰਤਰੀ ਹੋਣ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਟੀ. ਵੀ. ਸ਼ੋਅ ਵੀ ਕਰ ਸਕਦੇ ਹਨ। ਉਨ੍ਹਾਂ ਆਪਣੀ ਕਾਨੂੰਨੀ ਰਾਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਹੈ। ਨਾਲ ਹੀ ਇਕ ਰਿਪੋਰਟ ਵੀ ਸੌਂਪੀ ਹੈ। ਇਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਟੀ. ਵੀ. ਸ਼ੋਅ ਨੂੰ ਲੈ ਕੇ ਆਫਿਸ ਆਫ ਪ੍ਰਾਫਿਟ ਵਾਲੀ ਕੋਈ ਗੱਲ ਨਹੀਂ ਅਤੇ ਨਾ ਹੀ ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਅੜਿਚਣ ਹੈ।
ਦੱਸਣਯੋਗ ਹੈ ਕਿ ਸਿੱਧੂ ਦੇ ਮੰਤਰੀ ਹੋਣ ਦੇ ਨਾਲ-ਨਾਲ ਕਾਮੇਡੀ ਸ਼ੋਅ ਵਿਚ ਹਿੱਸਾ ਲੈਣ ਦੇ ਐਲਾਨ ਪਿੱਛੋਂ ਉਠੇ ਵਿਵਾਦ ਸੰਬੰਧੀ ਮੁੱਖ ਮੰਤਰੀ ਨੇ ਸੂਬੇ ਦੇ ਏ. ਜੀ. ਕੋਲੋਂ ਰਾਏ ਮੰਗੀ ਸੀ। ਏ. ਜੀ. ਨੇ ਕਿਹਾ ਹੈ ਕਿ ਸਿੱਧੂ ਦੋਨੋਂ ਕੰਮ ਨਾਲੋ-ਨਾਲ ਕਰ ਸਕਦੇ ਹਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਐਡਵੋਕੇਟ ਜਨਰਲ ਵਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਏ. ਜੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੱਧੂ ਵਲੋਂ ਦੋਵੇਂ ਕੰਮ ਨਾਲੋ-ਨਾਲ ਕਰਨ ਨਾਲ ਸੰਵਿਧਾਨ ਦੀ ਰੀਪ੍ਰੀਜ਼ੈਂਟੇਸ਼ਨ ਆਫ ਪੀਪਲ ਐਕਟ 1951 ਜਾਂ ਕੋਡ ਆਫ ਕੰਡਕਟ ਦੀ ਕੋਈ ਉਲੰਘਣਾ ਨਹੀਂ ਹੁੰਦੀ। ਇਸ ਤਰ੍ਹਾਂ ਸਿੱਧੂ 'ਤੇ ਟੀ. ਵੀ. ਸ਼ੋਅ ਨੂੰ ਲੈ ਕੇ ਕੋਈ ਕਾਨੂੰਨੀ ਰੋਕ ਨਹੀਂ ਬਣਦੀ।
ਏ. ਜੀ. ਦੀ ਰਿਪੋਰਟ ਵਿਚ ਇਹ ਗੱਲ ਵੀ ਸਪੱਸ਼ਟ ਕੀਤੀ ਗਈ ਹੈ ਕਿ ਸਿੱਧੂ ਸਥਾਨਕ ਸਰਕਾਰ ਵਿਭਾਗ ਦੇ ਨਾਲ-ਨਾਲ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਿਆਂ ਸੰਬੰਧੀ ਵਿਭਾਗ ਦਾ ਵੀ ਕੰਮ ਕਰ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਮਿਲਣ ਪਿੱਛੋਂ ਕਿਹਾ ਕਿ ਸਿੱਧੂ ਮੰਤਰੀ ਦੇ ਨਾਲ-ਨਾਲ ਕਾਮੇਡੀ ਸ਼ੋਅ ਵੀ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਬਦਲਣ ਦੀ ਕੋਈ ਲੋੜ ਨਹੀਂ।

Tags: Minister Navjot Singh Sidhu kapil sharma showਮੰਤਰੀਨਵਜੋਤ ਸਿੰਘ ਸਿੱਧੂ

About The Author

Anuradha Sharma

Anuradha Sharma is News Editor at Jagbani.