FacebookTwitterg+Mail

ਪਹਿਲੀ ਫਿਲਮ ਨਾਲੋਂ 8-10 ਗੁਣਾ ਜ਼ਿਆਦਾ ਵਧੀਆ ਹੈ 'ਨਿੱਕਾ ਜ਼ੈਲਦਾਰ 2' : ਐਮੀ ਵਿਰਕ

nikka zaildar 2 interview
21 September, 2017 01:13:58 PM

'ਨਿੱਕਾ ਜ਼ੈਲਦਾਰ' ਦੀ ਅਪਾਰ ਸਫਲਤਾ ਤੋਂ ਬਾਅਦ ਐਮੀ ਵਿਰਕ, ਸੋਨਮ ਬਾਜਵਾ ਤੇ ਡਾਇਰੈਕਟਰ ਸਿਮਰਜੀਤ ਸਿੰਘ ਦੀ ਤਿੱਕੜੀ 'ਨਿੱਕਾ ਜ਼ੈਲਦਾਰ 2' ਲੈ ਕੇ ਹਾਜ਼ਰ ਹੋਈ ਹੈ। 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ, ਜਿਸ 'ਚ ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ 'ਜਗ ਬਾਣੀ' ਦੇ ਵਿਹੜੇ ਪੁੱਜੇ ਐਮੀ ਵਿਰਕ, ਸੋਨਮ ਬਾਜਵਾ ਤੇ ਸਿਮਰਜੀਤ ਸਿੰਘ ਨਾਲ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਵਲੋਂ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
Punjabi Bollywood Tadka
ਸਵਾਲ : 'ਨਿੱਕਾ ਜ਼ੈਲਦਾਰ' ਨਾਲੋਂ ਕਿੰਨੀ ਅਲੱਗ ਹੈ 'ਨਿੱਕਾ ਜ਼ੈਲਦਾਰ 2'?
ਸਿਮਰਜੀਤ ਸਿੰਘ :
ਪਹਿਲੀ ਫਿਲਮ ਨਾਲੋਂ 'ਨਿੱਕਾ ਜ਼ੈਲਦਾਰ 2' ਬਹੁਤ ਅਲੱਗ ਹੈ। ਇਹ ਅਸਲ 'ਚ ਸੀਕਵਲ ਨਹੀਂ ਹੈ, ਬਲਕਿ ਇਕ ਸੀਰੀਜ਼ ਹੈ। 'ਨਿੱਕਾ ਜ਼ੈਲਦਾਰ' ਸੀਰੀਜ਼ 'ਚ ਹਰ ਵਾਰ ਨਵੀਂ ਕਹਾਣੀ ਤੇ ਨਵਾਂ ਸਮਾਂ ਦਿਖਾਇਆ ਜਾਵੇਗਾ। 'ਨਿੱਕਾ ਜ਼ੈਲਦਾਰ' 'ਚ 2016 ਦਾ ਸਮਾਂ ਦਿਖਾਇਆ ਗਿਆ ਪਰ ਹੁਣ 'ਨਿੱਕਾ ਜ਼ੈਲਦਾਰ 2' 'ਚ 1970 ਦਾ ਪੰਜਾਬ ਦਿਖਾਇਆ ਗਿਆ ਹੈ। ਅਗਲੀ ਵਾਰ ਜੇ ਅਸੀਂ ਫਿਲਮ ਬਣਾਈ ਤਾਂ ਹੋ ਸਕਦਾ ਹੈ ਕਿ ਅਸੀਂ 2050 ਜਾਂ 1921 ਦਾ ਸਮਾਂ ਪਰਦੇ 'ਤੇ ਦਿਖਾਈਏ।

ਸਵਾਲ : ਫਿਲਮ ਦੀ ਸੀਰੀਜ਼ ਅੱਗੇ ਜਾਰੀ ਰੱਖਣ ਦਾ ਖਿਆਲ ਕਿਵੇਂ ਆਇਆ ਦਿਮਾਗ 'ਚ?
ਸਿਮਰਜੀਤ ਸਿੰਘ :
ਦਰਅਸਲ ਲੋਕਾਂ ਨੇ 'ਨਿੱਕਾ ਜ਼ੈਲਦਾਰ' ਨੂੰ ਬੇਹੱਦ ਪਿਆਰ ਦਿੱਤਾ ਸੀ। ਹਰ ਪਾਸਿਓਂ ਸਾਨੂੰ ਵਾਹ-ਵਾਹ ਮਿਲ ਰਹੀ ਸੀ। ਨਿੱਕੇ ਦਾ ਕਿਰਦਾਰ ਵੀ ਬੇਹੱਦ ਵੱਖਰਾ ਤੇ ਆਕਰਸ਼ਕ ਲੱਗਾ, ਸੋ ਅਸੀਂ ਸੋਚਿਆ ਕਿਉਂ ਨਾ ਸ਼ਰਾਰਤੀ ਨਿੱਕੇ ਨੂੰ ਵਾਪਿਸ ਲਿਆਂਦਾ ਜਾਵੇ ਤੇ ਕੁਝ ਨਵਾਂ ਕੀਤਾ ਜਾਵੇ।

ਸਵਾਲ : ਸ਼ੂਟਿੰਗ ਜਦੋਂ ਸ਼ੁਰੂ ਕੀਤੀ ਤਾਂ ਪਹਿਲੇ ਦਿਨ ਦਿਮਾਗ 'ਚ ਕੀ ਚੱਲ ਰਿਹਾ ਸੀ?
ਐਮੀ ਵਿਰਕ :
ਜਦੋਂ ਕੋਈ ਚੀਜ਼ ਹਿੱਟ ਹੁੰਦੀ ਹੈ ਤਾਂ ਉਸ ਨੂੰ ਅੱਗੇ ਜਾਰੀ ਰੱਖਣ ਲਈ ਤੁਹਾਨੂੰ ਹੋਰ ਮਿਹਨਤ ਨਾਲ ਕੰਮ ਕਰਨਾ ਪੈਂਦਾ ਹੈ। ਇਸ ਫਿਲਮ ਨਾਲ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਸਨ। ਹਾਲਾਂਕਿ ਸਾਡੇ ਕੋਲ 'ਨਿੱਕਾ ਜ਼ੈਲਦਾਰ 2' ਲਈ ਕਹਾਣੀ ਬੇਹੱਦ ਮਜ਼ਬੂਤ ਸੀ, ਸੋ ਉਸ ਨੇ ਅੱਧਾ ਭਾਰ ਘਟਾ ਦਿੱਤਾ ਸੀ। ਇਸ ਨਾਲ ਨਿਰਦੇਸ਼ਨ ਵੀ ਸੌਖਾ ਰਿਹਾ ਤੇ ਸਾਡੇ ਲਈ ਅਦਾਕਾਰੀ ਕਰਨੀ ਵੀ ਸੌਖੀ ਰਹੀ। 40-42 ਦਿਨਾਂ 'ਚ ਫਿਲਮ ਦੀ ਪੂਰੀ ਸ਼ੂਟਿੰਗ ਖਤਮ ਹੋਈ, ਜਿਹੜੀ ਬਹੁਤ ਹੀ ਮਜ਼ੇਦਾਰ ਰਹੀ।

ਸਵਾਲ : ਸੋਨਮ ਦੁੱਧ ਪੀਣ ਵਾਲੇ ਸੀਨ ਬਾਰੇ ਦੱਸੋ, ਉਹ ਕਿਵੇਂ ਸ਼ੂਟ ਹੋਇਆ?
ਸੋਨਮ ਬਾਜਵਾ :
ਅਸਲ 'ਚ ਮੈਂ ਦੁੱਧ ਬਿਲਕੁਲ ਵੀ ਨਹੀਂ ਪੀਂਦੀ। ਫਿਲਮ 'ਚ ਦੁੱਧ ਪੀਣ ਵਾਲਾ ਸੀਨ ਸ਼ੂਟ ਕਰਨਾ ਸੀ ਪਰ ਦੁੱਧ ਦੀ ਜਗ੍ਹਾ ਮੇਰੇ ਹੱਥ 'ਚ ਲੱਸੀ ਦਾ ਗਲਾਸ ਸੀ। ਇਸ ਦੌਰਾਨ ਕਮਰੇ 'ਚ ਹਨੇਰਾ ਵੀ ਬਹੁਤ ਸੀ, ਜਿਸ ਕਾਰਨ ਦੁੱਧ ਪੀਣ ਤੋਂ ਬਾਅਦ ਬੁੱਲ੍ਹਾਂ 'ਤੇ ਮੁੱਛਾਂ ਬਣਦੀਆਂ ਨਜ਼ਰ ਨਹੀਂ ਆ ਰਹੀਆਂ ਸਨ। ਹਾਲਾਂਕਿ ਮੁੱਛਾਂ ਬਣਾਉਣ ਲਈ ਸਾਨੂੰ ਦਹੀਂ ਦਾ ਸਹਾਰਾ ਲੈਣਾ ਪਿਆ ਤੇ 2 ਟੇਕ 'ਚ ਇਹ ਸੀਨ ਪੂਰਾ ਹੋ ਗਿਆ ਸੀ।

ਸਵਾਲ : ਫਿਲਮ ਦੀ ਸ਼ੂਟਿੰਗ ਕਿਥੇ-ਕਿਥੇ ਹੋਈ, ਸੈੱਟ ਤਿਆਰ ਕਰਨ 'ਚ ਕਿੰਨੀ ਮੁਸ਼ਕਿਲ ਆਈ?
ਸਿਮਰਜੀਤ ਸਿੰਘ :
ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਗੰਗਾਨਗਰ ਪਿੰਡ 'ਚ ਹੋਈ। ਇਸ ਲਈ ਮੁਸ਼ਕਿਲ ਬਿਲਕੁਲ ਨਹੀਂ ਆਈ ਕਿਉਂਕਿ ਉਥੋਂ ਦੇ ਲੋਕ ਕਾਫੀ ਮਿਲਣਸਾਰ ਸਨ, ਜਿਨ੍ਹਾਂ ਨੇ ਕਾਫੀ ਮਦਦ ਕੀਤੀ। ਫਿਲਮ 'ਚ ਸੋਨਮ ਦਾ ਜਿਹੜਾ ਘਰ ਦਿਖਾਇਆ ਗਿਆ ਹੈ, ਉਹ ਸਾਡੇ ਰਾਈਟਰ ਜਗਦੀਪ ਦਾ ਹੀ ਘਰ ਹੈ। ਐਮੀ ਵਿਰਕ ਦਾ ਘਰ ਨਾਲ ਦੇ ਪਿੰਡ ਦਾ ਰੱਖਿਆ ਗਿਆ ਤੇ ਇਥੇ ਸ਼ੂਟਿੰਗ ਕਰਨਾ ਬਹੁਤ ਹੀ ਮਜ਼ੇਦਾਰ ਰਿਹਾ।

ਸਵਾਲ : ਇੰਨੀ ਫਿੱਟ ਬਾਡੀ ਬਣਾਉਣ ਪਿੱਛੇ ਕਿਹੜੀ ਖਾਸ ਵਜ੍ਹਾ ਹੈ?
ਐਮੀ ਵਿਰਕ :
ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਫਿੱਟ ਕਿਹਾ, ਨਹੀਂ ਤਾਂ ਜ਼ਿਆਦਾਤਰ ਲੋਕ ਮੈਨੂੰ ਕਮਜ਼ੋਰ ਕਹਿੰਦੇ ਹਨ, ਕੁਝ ਤਾਂ ਮੈਨੂੰ ਨਸ਼ੇੜੀ ਵੀ ਕਹਿਣ ਲੱਗ ਪਏ ਪਰ ਭਾਰ ਮੈਂ ਆਪਣੀ ਇਕ ਫਿਲਮ ਲਈ ਘਟਾਇਆ ਹੈ। ਆਮ ਭਾਰ ਨਾਲੋਂ ਮੇਰਾ ਭਾਰ ਹਾਲਾਂਕਿ ਇਨ੍ਹੀਂ ਦਿਨੀਂ ਕਾਫੀ ਘੱਟ ਹੈ। 72 ਕਿਲੋ ਮੇਰਾ ਨਾਰਮਲ ਭਾਰ ਹੈ, ਜਦਕਿ ਇਸ ਸਮੇਂ ਮੈਂ 66 ਕਿਲੋ ਦਾ ਹਾਂ ਤੇ 3 ਕਿਲੋ ਫਿਲਮ ਲਈ ਹੋਰ ਘੱਟ ਕਰਨਾ ਹੈ। ਜ਼ਿਆਦਾਤਰ ਲੋਕਾਂ ਦੇ 6 ਪੈਕ ਐਬਸ ਹੁੰਦੇ ਹਨ ਪਰ ਮੈਂ 8 ਪੈਕ ਐਬਸ ਬਣਾ ਰਿਹਾ ਹਾਂ, ਜਿਹੜੇ ਜਲਦ ਤੁਹਾਨੂੰ ਦੇਖਣ ਨੂੰ ਮਿਲਣਗੇ।

ਸਵਾਲ : ਫਿਲਮ 'ਚ 'ਕਲੀ ਜੋਟਾ' ਗੀਤ ਹੈ, ਅਸਲ 'ਚ ਕਿੰਨਾ ਕੁ ਖੇਡਿਆ ਹੈ?
ਐਮੀ ਵਿਰਕ :
ਕਲੀ ਜੋਟਾ ਮੈਂ ਬਹੁਤ ਖੇਡਿਆ ਹੈ। ਪਿੰਡਾਂ 'ਚ ਖੇਡੀਆਂ ਜਾਣ ਵਾਲੀਆਂ ਸਾਰੀਆਂ ਖੇਡਾਂ 'ਚ ਹੱਥ ਅਜ਼ਮਾਇਆ ਹੈ। ਸਿਰਫ ਮੈਂ ਪਤੰਗਾਂ ਬਹੁਤ ਘੱਟ ਚੜ੍ਹਾਈਆਂ ਹਨ ਪਰ ਛੋਟਾ ਹੁੰਦਾ ਮੈਂ ਪਤੰਗਾਂ ਦਾ ਬਿਜ਼ਨੈੱਸ ਕਰਦਾ ਹੁੰਦਾ ਸੀ, ਨਾਲ ਦੇ ਪਿੰਡੋਂ 1 ਰੁਪਏ ਦੀ ਪਤੰਗ ਲਿਆ ਕੇ ਆਪਣੇ ਪਿੰਡ 2 ਰੁਪਏ ਦੀ ਵੇਚਦਾ ਸੀ।

ਸਵਾਲ : ਨਿੱਕੇ ਹੁੰਦੇ ਸੋਨਮ ਤੁਹਾਡੀਆਂ ਕਿਹੜੀਆਂ ਖੇਡਾਂ ਰਹੀਆਂ ਹਨ?
ਸੋਨਮ ਬਾਜਵਾ :
ਮੈਂ ਖੇਡਾਂ ਬਹੁਤ ਘੱਟ ਖੇਡੀਆਂ ਹਨ। ਨਿੱਕੇ ਹੁੰਦੇ ਮੇਰਾ ਧਿਆਨ ਸਿਰਫ ਪੜ੍ਹਾਈ ਵੱਲ ਹੀ ਹੁੰਦਾ ਸੀ। ਸਕੂਲ 'ਚ ਮੇਰਾ ਧਿਆਨ ਅਦਾਕਾਰੀ ਵੱਲ ਜ਼ਿਆਦਾ ਹੁੰਦਾ ਸੀ। ਅੱਧੀ ਛੁੱਟੀ ਸਮੇਂ ਐਕਟਿੰਗ ਕਰਨਾ ਬੇਹੱਦ ਵਧੀਆ ਲੱਗਦਾ ਸੀ।

'ਸਾਡੀ ਇਹ ਫਿਲਮ ਪਰਿਵਾਰ ਨਾਲ ਦੇਖਣ ਜਾਓ। 'ਨਿੱਕਾ ਜ਼ੈਲਦਾਰ' ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਜਿਸ ਲਈ ਅਸੀਂ ਹਮੇਸ਼ਾ ਦੇਣਦਾਰ ਰਹਾਂਗੇ। ਪਿਛਲੀ ਫਿਲਮ ਨਾਲੋਂ 'ਨਿੱਕਾ ਜ਼ੈਲਦਾਰ 2' 8-10 ਗੁਣਾ ਜ਼ਿਆਦਾ ਵਧੀਆ ਫਿਲਮ ਹੈ, ਇਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਹਾਂ। ਪੈਸਿਆਂ ਦਾ ਅਸੀਂ ਪੂਰਾ-ਪੂਰਾ ਮੁੱਲ ਮੋੜਾਂਗੇ।'
—ਐਮੀ ਵਿਰਕ

'ਮੈਨੂੰ ਫੈਨਜ਼ ਦੇ ਸੁਨੇਹੇ ਮਿਲਦੇ ਹਨ ਕਿ ਪਹਿਲੀ ਫਿਲਮ 'ਨਿੱਕਾ ਜ਼ੈਲਦਾਰ' ਉਨ੍ਹਾਂ ਨੇ 2-3 ਵਾਰ ਦੇਖੀ ਹੈ। 'ਨਿੱਕਾ ਜ਼ੈਲਦਾਰ 2' ਤੋਂ ਕਿਰਪਾ ਕਰਕੇ ਜ਼ਿਆਦਾ ਉਮੀਦਾਂ ਲੈ ਕੇ ਆਓ। ਜਿਨ੍ਹਾਂ ਨੂੰ ਰੋਮਾਂਸ, ਕਾਮੇਡੀ, ਡਰਾਮਾ ਤੇ ਪੰਜਾਬੀ ਸੱਭਿਆਚਾਰ ਪਸੰਦ ਹੈ, ਉਨ੍ਹਾਂ ਲਈ ਇਹ ਫਿਲਮ ਬਹੁਤ ਹੀ ਵਧੀਆ ਹੈ ਤੇ ਆਪਣੇ ਨਾਲ-ਨਾਲ ਪਰਿਵਾਰ ਦੇ ਬਜ਼ੁਰਗਾਂ ਨੂੰ ਵੀ ਇਹ ਫਿਲਮ ਜ਼ਰੂਰ ਦਿਖਾਓ।'
—ਸੋਨਮ ਬਾਜਵਾ


Tags: Nikka Zaildar 2 Ammy Virk Sonam Bajwa Simerjit Singh Interview Jagbani