FacebookTwitterg+Mail

ਰੌਂਗਟੇ ਖੜ੍ਹੇ ਕਰ ਦੇਵੇਗਾ 'ਸੂਬੇਦਾਰ ਜੋਗਿੰਦਰ ਸਿੰਘ' ਦਾ ਜ਼ਬਰਦਸਤ ਟਰੇਲਰ (ਵੀਡੀਓ)

official trailer of subedar joginder singh
09 March, 2018 01:34:19 PM

ਜਲੰਧਰ (ਬਿਊਰੋ)— ਭਾਰਤ-ਚੀਨ ਦੇ 1962 ਦੇ ਯੁੱਧ 'ਤੇ ਆਧਾਰਿਤ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦੀ ਪਸੰਦ ਨੂੰ ਮੁੱਖ ਰੱਖਦਿਆਂ ਸਿਨੇਮਾ 'ਚ ਕੀਤੇ ਗਏ ਤਜਰਬਿਆਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। 21ਵੀਂ ਸਦੀ ਦੀ ਫਿਲਮ ਮੇਕਿੰਗ 'ਚ ਬਹੁਤ ਬਦਲਾਅ ਆਇਆ ਹੈ। ਫਿਕਸ਼ਨ ਸਿਨੇਮਾ 'ਚ ਨੌਜਵਾਨ ਪੀੜ੍ਹੀ ਦਾ ਰੁਝਾਨ ਵੱਧ ਰਿਹਾ ਹੈ। ਭਾਰਤ ਵਰਗੇ ਦੇਸ਼ 'ਚ ਸੱਭਿਆਚਾਰ, ਵਿਰਾਸਤ ਤੇ ਇਤਿਹਾਸ ਦੇ ਕਈ ਤੱਥ ਹਨ, ਜਿਹੜੇ ਦਰਸ਼ਕਾਂ ਦੇ ਰੂ-ਬ-ਰੂ ਕਰਨੇ ਬਾਕੀ ਹਨ। ਫਿਲਮਕਾਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਇਕ ਸੁਨੇਹਾ ਦਰਸ਼ਕਾਂ ਤਕ ਪਹੁੰਚਾਉਂਦੇ ਹਨ, ਜਿਨ੍ਹਾਂ ਤੋਂ ਉਹ ਅਣਜਾਨ ਹੁੰਦੇ ਹਨ।
ਕਮਰਸ਼ੀਅਲ ਫਿਲਮਾਂ ਦੇ ਇਸ ਦੌਰ 'ਚ ਇਕ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਵੀ ਹੈ, ਜਿਹੜੀ ਉਨ੍ਹਾਂ ਯੌਧਿਆਂ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਆਪਣੀ ਜਨਮ ਭੂਮੀ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਹੜਾ ਜ਼ਬਰਦਸਤ ਤੇ ਬਾਕਮਾਲ ਹੈ। ਟਰੇਲਰ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੇ ਆਪਣੇ 21 ਸਾਥੀਆਂ ਨਾਲ 1962 'ਚ ਚੀਨੀ ਫੌਜੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤੇ ਗਏ। ਟਰੇਲਰ 'ਚ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜੋ ਇਕ ਆਮ ਵਿਅਕਤੀ ਦੇਖਣਾ ਚਾਹੁੰਦਾ ਹੈ। ਟਰੇਲਰ 'ਚ ਜ਼ਬਰਦਸਤ ਐਕਸ਼ਨ, ਫੌਜੀਆਂ ਦਾ ਜਜ਼ਬਾ ਤੇ ਗੁੱਸਾ, ਮਾਪਿਆਂ ਤੇ ਜਨਮ ਭੂਮੀ ਨਾਲ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤਰ੍ਹਾਂ ਟਰੇਲਰ 'ਚ ਉਸ ਸਮੇਂ ਦਾ ਪਿੰਡ, ਪਹਿਰਾਵਾ ਤੇ ਟਰੇਨ ਦਿਖਾਈ ਗਈ ਹੈ, ਉਸ ਨੂੰ ਦੇਖ ਕੇ 1960 ਦੇ ਦਹਾਕੇ ਦੀ ਯਾਦ ਆ ਜਾਂਦੀ ਹੈ। ਫਿਲਮ ਦੇ ਸੈੱਟ ਇਸ ਢੰਗ ਨਾਲ ਬਣਾਏ ਗਏ ਹਨ ਕਿ ਇਨ੍ਹਾਂ ਨੂੰ ਦੇਖ ਕੇ ਅਸਲ ਥਾਵਾਂ ਯਾਦ ਆ ਜਾਂਦੀਆਂ ਹਨ।

ਭਾਰਤ ਦੇ ਵਸਨੀਕ ਹੋਣ ਦੇ ਨਾਤੇ ਸਾਨੂੰ ਇਨ੍ਹਾਂ ਚੀਜ਼ਾਂ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਅੱਜ ਲੋੜ ਹੈ ਸਾਨੂੰ ਅਜਿਹੇ ਵਿਸ਼ਿਆਂ 'ਤੇ ਕੰਮ ਕਰਨ ਦੀ, ਜਿਹੜੇ ਸਾਡੇ ਇਤਿਹਾਸ ਤੇ ਜਜ਼ਬੇ ਨੂੰ ਦਰਸਾਉਂਦੇ ਹਨ। ਕਈ ਅਜਿਹੇ ਯੌਧੇ ਸਾਡੇ ਇਤਿਹਾਸ 'ਚ ਹੋਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਸ਼ਹਾਦਤ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ। ਭਾਰਤੀ ਇਤਿਹਾਸ ਦਾ ਇਹ ਇਕ ਮੁੱਖ ਸਬਜੈਕਟ ਹੈ, ਜਿਸ ਨੂੰ ਬਾਖੂਬੀ ਪਰਦੇ 'ਤੇ ਉਤਾਰਿਆ ਗਿਆ ਹੈ।
'ਸੂਬੇਦਾਰ ਜੋਗਿੰਦਰ ਸਿੰਘ' ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ, ਜਿਸ ਨੂੰ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖਿਆ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ 6 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Subedar Joginder Singh Trailer Gippy Grewal Aditi Sharma

Edited By

Rahul Singh

Rahul Singh is News Editor at Jagbani.