FacebookTwitterg+Mail

ਇਹ ਤਾਂ ਅਜੇ ਸ਼ੁਰੂਆਤ ਹੈ, ਅੱਗੇ ਬਹੁਤ ਕੁਝ ਕਰਨਾ ਬਾਕੀ ਹੈ : ਪ੍ਰੀਤੀ ਪ੍ਰਭੋਤ

preeti parbhot interview
10 November, 2017 03:33:27 PM

ਜਲੰਧਰ (ਰਾਹੁਲ ਸਿੰਘ)— ਸੋਸ਼ਲ ਮੀਡੀਆ ਨਵੇਂ ਟੈਲੇਂਟ ਨੂੰ ਸਾਹਮਣੇ ਲਿਆਉਣ ਦਾ ਅੱਜਕਲ ਸਭ ਤੋਂ ਵੱਡਾ ਜ਼ਰੀਆ ਬਣ ਗਿਆ ਹੈ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਨੂੰ ਆਪਣੇ ਆਲੇ-ਦੁਆਲੇ ਦੇਖਣ ਨੂੰ ਮਿਲ ਜਾਣਗੀਆਂ। ਗਾਇਕੀ ਖੇਤਰ 'ਚ ਅੱਜਕਲ ਜੇਕਰ ਕਿਸੇ ਨੇ ਆਉਣਾ ਹੈ ਤਾਂ ਉਸ ਨੂੰ ਆਪਣੀ ਸਿਰਫ ਇਕ ਵੀਡੀਓ ਅਪਲੋਡ ਕਰਨ ਦੀ ਲੋੜ ਹੈ ਤੇ ਬਾਕੀ ਕੰਮ ਸ਼ੇਅਰਿੰਗ ਨਾਲ ਪੂਰਾ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਤੁਹਾਡੀ ਆਵਾਜ਼ ਵਧੀਆ ਲੱਗਦੀ ਹੈ ਤਾਂ ਤੁਹਾਡੇ ਟੈਲੇਂਟ ਦੇ ਹਿਸਾਬ ਨਾਲ ਤੁਹਾਨੂੰ ਉਸ ਕਿੱਤੇ 'ਚ ਪ੍ਰੋਫੈਸ਼ਨਲ ਤੌਰ 'ਤੇ ਜਾਣ ਦਾ ਵੀ ਮੌਕਾ ਮਿਲਦਾ ਹੈ। ਇਸੇ ਤਰ੍ਹਾਂ ਦੀ ਹੀ ਇਕ ਗਾਇਕਾ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਜਿਸ ਦਾ ਨਾਂ ਹੈ ਪ੍ਰੀਤੀ ਪ੍ਰਭੋਤ। ਪ੍ਰੀਤੀ ਨੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਤੇ ਹੌਲੀ-ਹੌਲੀ ਉਹ ਪੰਜਾਬੀ ਸੰਗੀਤ ਜਗਤ 'ਚ ਆ ਗਈ। ਪ੍ਰੀਤੀ ਦਾ ਸਭ ਤੋਂ ਪਹਿਲਾਂ ਕਵਰ ਸੌਂਗ 'ਸੋਹਣਿਆ' ਹੈ, ਜਿਹੜਾ ਕੁਝ ਮਹੀਨੇ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਹਾਲ ਹੀ 'ਚ ਉਸ ਦਾ ਦੂਜਾ ਕਵਰ ਸੌਂਗ 'ਇਜ਼ਹਾਰ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰੀਤੀ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਕੀਤੀ, ਜਿਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਤੁਹਾਡਾ ਜਨਮ ਕਿਥੇ ਹੋਇਆ ਤੇ ਗਾਇਕੀ ਖੇਤਰ 'ਚ ਆਉਣ ਦਾ ਸਬੱਬ ਕਿਵੇਂ ਬਣਿਆ?
ਜਵਾਬ :
ਮੇਰਾ ਜਨਮ ਸ਼ਿਮਲਾ 'ਚ ਹੋਇਆ। 12ਵੀਂ ਤਕ ਦੀ ਪੜ੍ਹਾਈ ਵੀ ਸ਼ਿਮਲਾ 'ਚ ਹੀ ਪੂਰੀ ਕੀਤੀ ਹੈ। ਗ੍ਰੈਜੂਏਸ਼ਨ ਮੈਂ ਸੀ. ਜੀ. ਸੀ. ਲਾਂਡਰਾਂ ਕਾਲਜ ਚੰਡੀਗੜ੍ਹ ਤੋਂ ਕੀਤੀ। ਬਚਪਨ ਤੋਂ ਹੀ ਮੈਨੂੰ ਗਾਇਕੀ, ਅਦਾਕਾਰੀ ਤੇ ਡਾਂਸ ਦਾ ਸ਼ੌਕ ਸੀ। ਮੇਰੇ ਮਾਤਾ-ਪਿਤਾ ਮੈਨੂੰ ਡਾਕਟਰ ਜਾਂ ਬੈਂਕਰ ਬਣਾਉਣਾ ਚਾਹੁੰਦੇ ਸਨ ਪਰ ਮੇਰਾ ਧਿਆਨ ਮਾਸ ਕਮਿਊਨੀਕੇਸ਼ਨ ਵੱਲ ਹੁੰਦਾ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਂ ਕਈ ਬੈਂਕਾਂ 'ਚ ਵੀ ਕੰਮ ਕੀਤਾ। ਬੈਂਕਾਂ 'ਚ ਕੰਮ ਕਰਦਿਆਂ ਵੀ ਮੇਰਾ ਧਿਆਨ ਗਾਇਕੀ ਵੱਲ ਹੁੰਦਾ ਸੀ। ਮੈਂ ਬੈਂਕ 'ਚ ਸ਼ੋਅਜ਼ ਵੀ ਐਂਕਰ ਕਰਦੀ ਸੀ। ਪਿਛਲੇ ਸਾਲ ਮੈਂ ਫਿਰ ਯੂਟਿਊਬ ਚੈਨਲ ਬਣਾ ਕੇ ਉਸ 'ਤੇ ਸਿੰਗਿੰਗ ਦੀਆਂ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ। ਜਦੋਂ ਪਹਿਲੀ ਵੀਡੀਓ ਅਪਲੋਡ ਕੀਤੀ, ਉਦੋਂ ਯੂਟਿਊਬ ਚੈਨਲ 'ਤੇ ਸਿਰਫ 3 ਸਬਸਕ੍ਰਾਈਬਰਸ ਸਨ, ਜੋ ਅੱਜ ਵੱਧ ਕੇ ਲਗਭਗ 4800 ਦੇ ਕਰੀਬ ਹੋ ਗਏ ਹਨ।

ਸਵਾਲ : ਤੁਹਾਡੇ ਪਰਿਵਾਰ 'ਚੋਂ ਵੀ ਕੋਈ ਇਸ ਖੇਤਰ 'ਚ ਹੈ ਜਾਂ ਤੁਸੀਂ ਪਹਿਲੇ ਹੋ?
ਜਵਾਬ :
ਮੇਰੇ ਮਾਤਾ ਜੀ ਦੂਰਦਰਸ਼ਨ ਪੰਜਾਬੀ 'ਤੇ ਸ਼ਬਦ ਗਾਉਂਦੇ ਸਨ। ਕਈ ਵਾਰ ਉਨ੍ਹਾਂ ਨੇ ਇਥੇ ਸ਼ਬਦ ਗਾਏ ਹਨ। ਬਸ ਪਰਿਵਾਰ 'ਚੋਂ ਮਾਤਾ ਜੀ ਹੀ ਹਨ ਤੇ ਮੈਨੂੰ ਦੇਖ ਕੇ ਮੇਰਾ ਵੱਡਾ ਭਰਾ ਵੀ ਗਾਉਣ ਲੱਗ ਪਿਆ ਹੈ। ਉਹ ਗਿਟਾਰ ਬਹੁਤ ਵਧੀਆ ਵਜਾਉਂਦੇ ਹਨ।

ਸਵਾਲ : ਸਪੀਡ ਰਿਕਾਰਡਸ ਨਾਲ ਮੇਲ ਕਿਵੇਂ ਹੋਇਆ?
ਜਵਾਬ :
ਮੈਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ। ਇੰਸਟਾਗ੍ਰਾਮ 'ਤੇ ਵੀ ਇਸ ਦੌਰਾਨ ਫਾਲੋਅਰਜ਼ ਵਧਦੇ ਗਏ। ਸਭ ਤੋਂ ਪਹਿਲਾਂ ਮੇਰੀ ਵੀਡੀਓ ਮਨਕੀਰਤ ਔਲਖ ਦੇ ਪੇਜ 'ਤੇ ਸ਼ੇਅਰ ਹੋਈ, ਜਿਸ ਨੂੰ 2-3 ਦਿਨਾਂ 'ਚ 2 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਹਾਲਾਂਕਿ ਇਸ ਗੱਲ ਵੀ ਮੈਨੂੰ ਡੇਢ ਮਹੀਨੇ ਬਾਅਦ ਆਪਣੇ ਦੋਸਤ ਕੋਲੋਂ ਲੱਗਾ। ਇਸੇ ਤਰ੍ਹਾਂ ਅਨਮੋਲ ਗਗਨ ਮਾਨ ਦਾ ਇਕ ਗੀਤ 'ਨੱਖਰੋ' ਵੀ ਮੈਂ ਆਪਣੀ ਆਵਾਜ਼ 'ਚ ਗਾ ਕੇ ਅਪਲੋਡ ਕੀਤਾ, ਜਿਹੜਾ ਕਾਫੀ ਵਾਇਰਲ ਹੋਇਆ। ਇਸੇ ਤਰ੍ਹਾਂ ਮੈਂ ਕਈ ਹੋਰ ਸਿੰਗਰਾਂ ਦੇ ਗੀਤਾਂ ਦੀਆਂ ਵੀਡੀਓਜ਼ ਬਣਾਈਆਂ। ਫਿਰ ਕੁਝ ਦਿਨਾਂ ਬਾਅਦ ਸਪੀਡ ਰਿਕਾਰਡਸ ਦੇ ਸੋਸ਼ਲ ਮੀਡੀਆ ਹੈੱਡ ਅਸ਼ੀਸ਼ ਜੀ ਨਾਲ ਮੇਰੀ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਮੇਰੀ ਆਵਾਜ਼ ਉਨ੍ਹਾਂ ਨੂੰ ਵਧੀਆ ਲੱਗੀ। ਫਿਰ ਰਮਨ ਜੀ ਨਾਲ ਗੱਲਬਾਤ ਹੋਈ ਉਨ੍ਹਾਂ ਨੇ ਕਵਰ ਸੌਂਗ ਦਾ ਆਇਡੀਆ ਦਿੱਤਾ। ਇਸੇ ਤਰ੍ਹਾਂ ਪਹਿਲਾਂ ਗੀਤ 'ਸੋਹਣਿਆ' ਰਿਕਰਾਡ ਹੋ ਗਿਆ।

ਸਵਾਲ : ਹੁਣ ਤਕ ਕਵਰ ਸੌਂਗ ਹੀ ਕੀਤੇ ਹਨ, ਖੁਦ ਦੇ ਆਫਿਸ਼ੀਅਲ ਡੈਬਿਊ ਸੌਂਗ ਬਾਰੇ ਸੋਚਿਆ?
ਜਵਾਬ :
ਬਿਲਕੁਲ ਮੈਂ ਸੋਚਿਆ ਹੈ। ਮੇਰੇ ਦਿਮਾਗ 'ਚ ਇਸ ਨੂੰ ਲੈ ਕੇ ਮਾਸਟਰ ਪਲਾਨ ਚੱਲਦਾ ਰਹਿੰਦਾ ਹੈ ਪਰ ਮੈਂ ਪਹਿਲਾਂ ਬੇਸ ਮਜ਼ਬੂਤ ਬਣਾਉਣਾ ਚਾਹੁੰਦੀ ਹਾਂ ਕਿਉਂਕਿ ਅੱਜ ਦੀ ਇੰਡਸਟਰੀ 'ਚ ਬਹੁਤ ਮੁਕਾਬਲਾ ਹੈ। ਮੈਂ ਨਹੀਂ ਚਾਹੁੰਦੀ ਕਿ ਮੈਂ ਇੰਝ ਹੀ ਆ ਕੇ ਚਲੀ ਜਾਵਾਂ। ਭਾਵੇਂ ਸਮਾਂ ਲੱਗ ਜਾਵੇ ਪਰ ਮੈਂ ਹੌਲੀ-ਹੌਲੀ ਕੰਮ ਕਰਾਂਗੀ ਤੇ ਅਖੀਰ ਤਕ ਜਾਵਾਂਗੀ।

ਸਵਾਲ : ਗਾਇਕੀ ਲਾਈਨ ਵੱਲ ਆਉਣ ਤੋਂ ਕਦੇ ਘਰਦਿਆਂ ਨੇ ਰੋਕਿਆ ਨਹੀਂ?
ਜਵਾਬ :
ਨਹੀਂ ਅਜਿਹਾ ਕਦੇ ਨਹੀਂ ਹੋਇਆ। ਮੇਰੀ ਛੋਟੀ ਭੈਣ ਡਾਕਟਰ ਹੈ ਮੇਰੇ ਵੱਡੇ ਭਰਾ ਮਕੈਨੀਕਲ ਇੰਜੀਨੀਅਰ ਸਨ, ਜੋ ਹੁਣ ਸਪਲਾਈ ਚੇਨ ਮੈਨੇਜਰ ਹਨ। ਮੈਂ ਬੈਂਕਿੰਗ 'ਚ ਸੀ ਪਰ ਮੈਂ ਆਪਣਾ ਕੰਮ ਛੱਡ ਦਿੱਤਾ ਕਿਉਂਕਿ ਦੋ ਜਾਣੇ ਨਾਲ ਦੇ ਕਮਾਉਣ ਵਾਲੇ ਹਨ ਤੇ ਮੈਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ। ਹੁਣ ਜਦੋਂ ਮੈਂ ਇਸ ਲਾਈਨ 'ਚ ਹਾਂ ਤਾਂ ਉਹ ਇਸ ਗੱਲ ਨੂੰ ਲੈ ਕੇ ਮੇਰੇ ਨਾਲੋਂ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ ਕਿ ਮੇਰਾ ਨਵਾਂ ਗੀਤ ਕਿਹੜਾ ਆਉਣ ਵਾਲਾ ਹੈ।

ਸਵਾਲ : ਪਹਿਲੇ ਗੀਤ 'ਤੇ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ?
ਜਵਾਬ :
ਮੈਨੂੰ ਅਜ ਵੀ ਯਾਦ ਹੈ ਜਦੋਂ ਮੇਰੇ ਪਿਤਾ ਨੇ ਮੇਰਾ ਗੀਤ ਸੁਣਿਆ ਤਾਂ ਉਨ੍ਹਾਂ ਨੇ ਉਸੇ ਸਮੇਂ ਮੈਨੂੰ 501 ਰੁਪਏ ਦਿੱਤੇ। ਉਹ ਕਾਫੀ ਹੈਰਾਨ ਸਨ ਪਰ ਭਾਵੁਕ ਵੀ ਬਹੁਤ ਹੋਏ। ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਕਿ ਮੈਂ ਵੱਡੇ ਪੱਧਰ 'ਤੇ ਗੀਤ ਕੀਤਾ ਹੈ ਤੇ ਉਸ 'ਚ ਫੀਚਰ ਵੀ ਕਰ ਰਹੀ ਹਾਂ।

ਸਵਾਲ : ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ?
ਜਵਾਬ :
ਮੈਨੂੰ ਜੈਸਮੀਨ ਸੈਂਡਲਸ ਬਹੁਤ ਵਧੀਆ ਲੱਗਦੀ ਹੈ ਤੇ ਉਨ੍ਹਾਂ ਦੇ ਗੀਤ ਬਹੁਤ ਪਸੰਦ ਹਨ। ਇਸ ਦੇ ਨਾਲ ਉਨ੍ਹਾਂ ਦਾ ਸਟਾਈਲ ਤੇ ਐਟੀਚਿਊਡ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜੈਸਮੀਨ ਤੋਂ ਇਲਾਵਾ ਮੈਨੂੰ ਗੁਰਦਾਸ ਮਾਨ, ਅਖਿਲ ਤੇ ਰਾਸ਼ੀ ਸੂਦ ਵੀ ਬਹੁਤ ਪਸੰਦ ਹਨ ਤੇ ਮੈਂ ਅਖਿਲ ਦਾ ਗੀਤ 'ਤੇਰੀ ਕਮੀ' ਗਾਉਣਾ ਚਾਹੁੰਦੀ ਹਾਂ।

ਸਵਾਲ : ਪੰਜਾਬੀ ਫਿਲਮ ਇੰਡਸਟਰੀ 'ਚ ਤੁਹਾਡਾ ਫੇਵਰੇਟ ਕੌਣ ਹੈ?
ਜਵਾਬ :
ਮੈਨੂੰ ਐਮੀ ਵਿਰਕ ਬਹੁਤ ਵਧੀਆ ਲੱਗਦੇ ਹਨ। ਹਰ ਕਿਰਦਾਰ 'ਚ ਉਨ੍ਹਾਂ ਦੀ ਲੁੱਕ ਸ਼ਾਨਦਾਰ ਹੁੰਦੀ ਹੈ। ਉਨ੍ਹਾਂ ਦਾ ਸਟਾਈਲ ਬਹੁਤ ਵਧੀਆ ਲੱਗਦਾ ਹੈ। ਇਸ ਦੇ ਨਾਲ ਮੈਨੂੰ ਜੱਸੀ ਗਿੱਲ ਬਹੁਤ ਵਧੀਆ ਲੱਗਦੇ ਹਨ।


Tags: Preeti Parbhot Interview Izhaar Sohnea Punjabi Singer Speed Records