ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਅਤੇ ਯੂਨੀਸੈੱਫ ਦੀ ਸਦਭਾਵਨਾ ਦੂਤ ਪ੍ਰਿਯੰਕਾ ਚੋਪੜਾ ਨੇ ਰੋਹਿੰਗਿਆ ਬੱਚਿਆਂ ਬਾਰੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਨਾਰਥੀ ਰੋਹਿੰਗਿਆ ਬੱਚੇ ਦੁਨੀਆ ਦੀ ਜ਼ਿੰਮੇਵਾਰੀ ਹਨ ਅਤੇ ਹਰ ਬੱਚੇ ਨੂੰ ਬਿਹਤਰ ਭਵਿੱਖ ਤੇ ਮਨੁੱਖਤਾ ਨੂੰ ਆਪਣਾ ਯੋਗਦਾਨ ਦੇਣ ਦਾ ਹੱਕ ਹੈ। ਪ੍ਰਿਯੰਕਾ ਨੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ 'ਚ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਦੇ 4 ਰੋਜ਼ਾ ਦੌਰੇ ਤੋਂ ਬਾਅਦ ਰਾਜਧਾਨੀ ਢਾਕਾ 'ਚ ਕਿਹਾ ਕਿ ਬੱਚਿਆਂ ਦੀ ਇਕ ਪੀੜ੍ਹੀ ਹਿੰਸਾ ਦਾ ਆਸਾਨ ਨਿਸ਼ਾਨਾ ਬਣੀ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਸੀਂ ਅਜੇ ਹੋਰ ਨਫਰਤ ਫੈਲਾਉਣੀ ਹੈ? ਜੇਕਰ ਸਾਡੇ ਬੱਚਿਆਂ ਨਾਲ ਅਜਿਹਾ ਹੋਵੇਗਾ ਤਾਂ ਕੀ ਹੋਵੇਗਾ? ਦੁਨੀਆ ਦੇ ਨਾਗਰਿਕ ਹੋਣ ਦੇ ਨਾਤੇ ਇਹ ਬੱਚੇ ਪੂਰੀ ਦੁਨੀਆ ਦੀ ਜ਼ਿੰਮੇਵਾਰੀ ਹਨ। ਜਿਨ੍ਹਾਂ ਬੱਚਿਆਂ ਲਈ ਮੈਂ ਕੰਮ ਕਰਦੀ ਹਾਂ, ਉਹ ਮੇਰੇ ਬੱਚੇ ਹਨ।
ਯੂਨੀਸੈਫ ਬ੍ਰਾਂਡ ਅੰਬੈਸਡਰ ਵਜੋਂ ਰੋਹਿੰਗਿਆ ਸ਼ਰਨਾਰਥੀਆਂ ਨਾਲ ਬੰਗਲਾਦੇਸ਼ 'ਚ ਬਾਲੀਵੁੱਡ ਤੇ ਹਾਲੀਵੁੱਡ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਵਲੋਂ ਮੁਲਾਕਾਤ ਕਰਨ 'ਤੇ ਭਾਜਪਾ ਨੇਤਾ ਵਿਨੇ ਕਟਿਆਰ ਨੇ ਫਿਲਮ ਅਭਿਨੇਤਰੀ ਪ੍ਰਿਯੰਕਾ ਨੂੰ ਭਾਰਤ ਛੱਡਣ ਲਈ ਕਿਹਾ ਹੈ। ਰੋਹਿੰਗਿਆ ਸ਼ਰਨਾਰਥੀ ਮੁੱਦੇ 'ਤੇ ਕਟਿਆਰ ਨੇ ਕਿਹਾ ਕਿ ਰੋਹਿੰਗਿਆ ਸ਼ਰਨਾਰਥੀ ਨਾ ਸਿਰਫ ਦੂਜਿਆਂ ਦੀ ਜ਼ਿੰਦਗੀ ਖੋਹ ਲੈਂਦੇ ਹਨ ਸਗੋਂ ਹੋਰਨਾਂ ਲੋਕਾਂ ਦਾ ਮਾਸ ਵੀ ਖਾਂਦੇ ਹਨ। ਪ੍ਰਿਯੰਕਾ ਨੂੰ ਤੁਰੰਤ ਹੀ ਦੇਸ਼ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੂੰ ਉਥੇ ਨਹੀਂ ਜਾਣਾ ਚਾਹੀਦਾ ਸੀ। ਇਹ ਉਸ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਇਹ ਗੱਲ ਠੀਕ ਨਹੀਂ। ਜਿਨ੍ਹਾਂ ਲੋਕਾਂ ਨੂੰ ਰੋਹਿੰਗਿਆ ਭਾਈਚਾਰੇ ਨਾਲ ਹਮਦਰਦੀ ਹੈ, ਨੂੰ ਭਾਰਤ 'ਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ । ਰੋਹਿੰਗਿਆ ਲੋਕਾਂ ਨੇ ਬਹੁਤ ਸਾਰੇ ਹਿੰਦੂਆਂ ਨੂੰ ਕਤਲ ਕੀਤਾ ਹੈ। ਇਸ ਲਈ ਉਨ੍ਹਾਂ ਦਾ ਜਿਊਂਦਾ ਰਹਿਣਾ ਭਾਰਤ ਲਈ ਖਤਰਨਾਕ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਜਲਦ ਹੀ ਸਲਮਾਨ ਖਾਨ, ਤੱਬੂ ਤੇ ਦਿਸ਼ਾ ਪਟਾਨੀ ਨਾਲ 'ਭਾਰਤ' ਫਿਲਮ 'ਚ ਨਜ਼ਰ ਆਵੇਗੀ। ਅਲੀ ਅੱਬਾਸ ਨਿਰਦੇਸ਼ਿਤ ਇਸ ਫਿਲਮ 'ਚ ਦਿਸ਼ਾ ਪਟਾਨੀ, ਪ੍ਰਿਯੰਕਾ ਚੋਪੜਾ ਤੋਂ ਬਾਅਦ ਹੁਣ ਤੱਬੂ ਨੂੰ ਕਾਸਟ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਖੁਦ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਟਵਿਟਰ ਰਾਹੀਂ ਸ਼ੇਅਰ ਕੀਤੀ ਹੈ। ਤੱਬੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''ਆਖਿਰਕਾਰ ਇਹ ਹੋ ਰਿਹਾ ਹੈ। ਤੁਹਾਡੇ ਨਾਲ ਕੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ, ਬਹੁਤ ਸਾਰਾ ਪਿਆਰ''। ਇਸ ਤੋਂ ਪਹਿਲਾਂ ਤੱਬੂ 'ਗੋਲਮਾਲ ਅਗੇਨ' 'ਚ ਨਜ਼ਰ ਆਈ ਸੀ।ਇਹ ਫਿਲਮ 2019 'ਚ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।