FacebookTwitterg+Mail

ਚਿਰ ਹੋਇਆ ਏ ਧਰਤੀ 'ਤੇ ਰੌਣਕ ਮੇਲੇ ਲੱਗਿਆਂ, ਆਜਾ ਸੂਲੀ ਚੜ੍ਹ ਕੇ ਨੱਚੀਏ, ਵੇਖਣ ਲੋਕ ਨਜ਼ਾਰਾ

puneet gulati bulleya song review
18 February, 2018 08:04:52 PM

21ਵੀਂ ਸਦੀ ਦੇ ਇਸ ਦਹਾਕੇ ਅੰਦਰ ਪੰਜਾਬੀ ਗਾਇਕੀ ਵੱਲ ਝਾਤ ਮਾਰੀਏ ਤਾਂ ਗਾਇਕਾਂ ਤੇ ਗੀਤਾਂ ਦਾ ਘੜਮੱਸ ਪਿਆ ਹੋਇਆ ਹੈ। ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਇਟ ਪੁੱਟੋ ਤਾਂ ਗਾਇਕ ਨਿਕਲਦਾ ਹੈ ਪਰ ਅੱਜ ਇਹ ਕਥਨ ਸੱਚ ਹੋਵੇਗਾ ਕਿ ਜੇਕਰ ਇੱਟ ਚੁੱਕ ਕੇ ਮਾਰੋ ਤਾਂ ਗਾਇਕ ਦੇ ਹੀ ਵੱਜੇਗੀ ਕਿਉਂਕਿ ਨਿੱਤ ਨਵੇਂ ਗਾਇਕ ਉੱਠ ਰਹੇ ਹਨ। ਸਿੰਗਲ ਟਰੈਕ ਦੀ ਇਸ ਹੋੜ ਅੰਦਰ ਪੰਜਾਬੀ ਗੀਤਾਂ ਦਾ ਮਿਆਰ ਕਿੰਨਾ ਡਿੱਗ ਚੁੱਕਾ ਹੈ, ਉਸ ਬਾਰੇ ਕੋਈ ਅਣਜਾਣ ਨਹੀਂ ਹੈ। ਕਾਰਾਂ, ਬੱਸਾਂ, ਟਰੈਕਟਰਾਂ ਉੱਪਰ ਜਾਂ ਵਿਆਹ-ਸ਼ਾਦੀ ਮੌਕੇ ਡਮ-ਡਮ ਕਰਦੇ ਗਾਣਿਆਂ ਨੂੰ ਸੁਣਨਾ ਤੇ ਉਨ੍ਹਾਂ 'ਤੇ ਨੱਚਣਾ ਸਾਡੀ ਵਿਰਾਸਤ ਅੰਦਰ ਸ਼ਾਮਲ ਹੋ ਚੁੱਕਾ ਹੈ। ਇਹ ਕਹਿਣ 'ਚ ਕੋਈ ਦੋਰਾਏ ਨਹੀਂ ਹੋਵੇਗੀ ਕਿ ਇਹ ਗਾਣੇ ਨਾ ਤਾ ਲਫ਼ਜ਼ਾਂ ਨੂੰ ਧਿਆਨ 'ਚ ਰੱਖਦਿਆਂ ਲਿਖੇ ਜਾਂਦੇ ਹਨ ਤੇ ਨਾ ਹੀ ਲਫ਼ਜ਼ਾਂ 'ਤੇ ਗੌਰ ਕਰਦਿਆਂ ਸੁਣੇ ਜਾਂਦੇ ਹਨ, ਸਗੋਂ ਇਹ ਗਾਣੇ 'ਚ ਪੈਣ ਵਾਲੇ ਸੰਗੀਤਕ ਰੌਲੇ ਕਰਕੇ ਹੀ ਸੁਣੇ ਜਾਂਦੇ ਹਨ।
ਸੰਗੀਤਕ ਰੌਲੇ-ਰੱਪੇ ਵਾਲੇ ਇਸ ਦੌਰ ਅੰਦਰ ਚੰਗਾ ਲਿਖਣ ਤੇ ਗਾਉਣ ਵਾਲੇ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ 'ਚੋਂ ਇਕ ਨਾਮ ਆਸਟ੍ਰੇਲੀਆ ਰਹਿੰਦੇ ਜਲੰਧਰ ਦੇ ਜੰਮਪਲ ਪੁਨੀਤ ਗੁਲਾਟੀ ਦਾ ਵੀ ਆਉਂਦਾ ਹੈ। ਉਹ ਖੁਦ ਲਿਖਦਾ ਤੇ ਖੁਦ ਹੀ ਗਾਉਂਦਾ ਹੈ। ਹਾਲ ਹੀ 'ਚ ਉਸ ਦਾ 'ਬੁੱਲਿਆ' ਨਾਮ ਦਾ ਗੀਤ ਆਇਆ ਹੈ। ਇਹ ਸੂਫੀ ਮਿਸ਼ਰਣ ਦਾ ਗੀਤ ਹੈ, ਜਿਸ ਦੇ ਬੋਲ ਰੂਹ ਨੂੰ ਨਸ਼ਿਆਉਣ ਵਾਲੇ ਹਨ ਤੇ ਵੀਡੀਓ ਵੀ ਮਨ ਨੂੰ ਸਕੂਨ ਦਿੰਦੀ ਹੈ। ਗੀਤ ਦੇ ਬੋਲ 'ਬੁੱਲਿਆ ਕਿਉਂ ਰੁੱਲਿਆ ਵੇ, ਕਿਉਂ ਦੁਨੀਆ ਨੂੰ ਭੁੱਲਿਆ ਵੇ... ਕਾਹਦਾ ਫਿਕਰ ਤੇ ਕਾਹਦਾ ਫਾਕਾ, ਉਹ ਮੌਲਾ ਤੇਰਾ ਰਾਖਾ' ਬੰਦੇ ਨੂੰ ਹਵਾ ਦੇ ਬੁੱਲੇ ਵਾਂਗ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਚਿੰਤਾਵਾਂ 'ਚੋਂ ਕਿਤੇ ਦੂਰ ਉਡਾ ਕੇ ਲੈ ਜਾਂਦੇ ਹਨ। ਅਜਿਹੇ ਗੀਤ ਨੂੰ ਰੂਹ ਦਾ ਨਗਮਾ ਕਹਿਣਾ ਕੋਈ ਅਤਿਕਥਨੀ ਨਹੀਂ ਹੈ। ਆਸਟ੍ਰੇਲੀਆ ਰਹਿ ਕੇ ਸਿਹਤ ਵਿਭਾਗ 'ਚ ਕੰਮ ਕਰਦਾ ਪੁਨੀਤ ਲੋਕਾਂ ਨੂੰ ਸਰੀਰਕ ਤੌਰ 'ਤੇ ਤਾਂ ਠੀਕ ਕਰਦਾ ਹੀ ਹੈ ਪਰ ਹੁਣ ਗੀਤ ਮਾਰਫ਼ਤ ਉਹ ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਸਕੂਨ ਦੇਵੇਗਾ। ਪੁਨੀਤ ਦੇ ਗਾਣੇ ਨੂੰ ਬੌਬ ਨੇ ਢੁਕਵਾਂ ਸੰਗੀਤ ਦਿੱਤਾ ਹੈ ਤੇ ਤਪੱਸਵੀ ਮਹਿਤਾ ਨੇ ਵੀਡੀਓ ਨਾਲ ਪੂਰਾ ਇਨਸਾਫ ਕੀਤਾ ਹੈ। ਵੀਡੀਓ ਦਾ ਵਿਸ਼ਾ ਨਿਰਾਸ਼ਾ ਤੋਂ ਆਸ਼ਾ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਗ਼ਮੀ ਨੂੰ ਵੀ ਖੁਸ਼ੀ 'ਚ ਢਾਲ ਦਿੰਦਾ ਹੈ, ਜਿਸ ਦਾ ਸੁਨੇਹਾ ਇਹ ਹੈ ਕਿ ਗ਼ਮ ਦਾ ਵੀ ਜਸ਼ਨ ਮਨਾਉਣਾ ਚਾਹੀਦਾ ਹੈ।
ਇਸ ਗਾਣੇ ਦੀ ਇਕ ਚੰਗੀ ਗੱਲ ਇਹ ਵੀ ਹੈ ਕਿ ਇਸ ਦੇ ਉਪ ਸਿਰਲੇਖ ਅੰਗਰੇਜ਼ੀ ਭਾਸ਼ਾ 'ਚ ਕਵਿਤਾ ਦੇ ਰੂਪ 'ਚ ਛੰਦ ਬਣਾ ਕੇ ਦਿੱਤੇ ਗਏ ਹਨ। ਪੰਜਾਬੀ ਗਾਣਿਆਂ ਅੰਦਰ ਅਜਿਹੀਆਂ ਸੰਭਾਵਨਾਵਾਂ ਦੀ ਬਹੁਤ ਲੋੜ ਹੈ। ਸਾਨੂੰ ਸਭ ਨੂੰ ਅਜਿਹੀ ਸੁਚੱਜੀ ਗਾਇਕੀ ਨੂੰ ਹੁੰਗਾਰਾ ਦੇਣਾ ਬਣਦਾ ਹੈ ਤਾਂ ਜੋ ਲੱਚਰਤਾ, ਹਥਿਆਰ ਤੇ ਨਸ਼ਿਆਂ ਨੂੰ ਬੜ੍ਹਾਵਾ ਦੇਣ ਵਾਲੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਮ ਉੱਪਰ ਰੋਟੀਆਂ ਸੇਕਣ ਵਾਲੇ ਅਕਲ ਨੂੰ ਹੱਥ ਮਾਰਨ।
—ਅਮਰੀਕ ਟੁਰਨਾ

 


Tags: Bulleya Puneet Gulati Song Review Speed Records

Edited By

Rahul Singh

Rahul Singh is News Editor at Jagbani.