FacebookTwitterg+Mail

6 ਦਹਾਕਿਆਂ ਬਾਅਦ ਹੁਣ ਜਾ ਕੇ ਚਮਕੀ ਪੰਜਾਬੀ ਫਿਲਮ ਇੰਡਸਟਰੀ, ਕਮਾਈ 250 ਕਰੋੜ ਪਾਰ

punjabi film industry
23 April, 2017 04:51:31 PM
ਜਲੰਧਰ— 6 ਦਹਾਕਿਆਂ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਸੰਘਰਸ਼ ਕਰ ਰਹੇ ਸਨ। ਇਕ ਸਮਾਂ ਸੀ ਜਦੋਂ ਇਥੇ ਸਿਰਫ 2-3 ਫਿਲਮਾਂ ਹੀ ਬਣਦੀਆਂ ਸਨ ਪਰ ਹੁਣ ਇਥੇ ਪਿਛਲੇ ਪੰਜ ਸਾਲਾਂ 'ਚ 116 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ। ਇਥੇ ਹੁਣ 75 ਤੋਂ 100 ਫਿਲਮਾਂ ਹਰ ਸਾਲ ਬਣਦੀਆਂ ਹਨ। ਗੁਆਂਢੀ ਸੂਬਿਆਂ ਹਿਮਾਚਲ, ਜੰਮੂ-ਕਸ਼ਮੀਰ ਤੇ ਹਰਿਆਣਾ 'ਚ ਵੀ ਪੰਜਾਬੀ ਫਿਲਮਾਂ ਹੀ ਸਭ ਤੋਂ ਵੱਧ ਕਾਰੋਬਾਰ ਕਰ ਰਹੀਆਂ ਹਨ। ਨਾਰਦਨ ਇੰਡੀਆ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਦੇ ਮੁੱਖੀ ਧਰਮਪਾਲ ਅਰੋੜਾ ਕਹਿੰਦੇ ਹਨ, 'ਪਹਿਲਾਂ ਇਕ ਸਕ੍ਰੀਨ ਵਾਲੇ ਸਿਨੇਮਾਘਰ ਹੁੰਦੇ ਸਨ। ਇਕ ਸਿਨੇਮਾ ਹਫਤੇ 'ਚ 28 ਸ਼ੋਅ ਚਲਾਉਂਦਾ ਸੀ। ਹੁਣ ਮਲਟੀਪਲੈਕਸ ਦਾ ਦੌਰ ਹੈ, ਜਿਸ ਨਾਲ 60-60 ਸ਼ੋਅ ਚੱਲਦੇ ਹਨ। ਇਸ ਨਾਲ ਰੈਵੇਨਿਊ ਵਧਿਆ ਹੈ। ਬਾਲੀਵੁੱਡ ਦੀਆਂ ਫਿਲਮਾਂ ਸ਼ਾਹੀ ਜ਼ਿੰਦਗੀ ਦਿਖਾਉਂਦੀਆਂ ਹਨ, ਜਦਕਿ ਲੋਕਲ ਭਾਸ਼ਾਵਾਂ ਵਾਲੀਆਂ ਫਿਲਮਾਂ ਆਮ ਆਦਮੀ ਦਾ ਜੀਵਨ ਦਿਖਾਉਂਦੀਆਂ ਹਨ। ਇਹੀ ਵਜ੍ਹਾ ਹੈ ਕਿ ਪੰਜਾਬੀ ਫਿਲਮਾਂ ਦੀ ਕਮਾਈ ਵਧੀ ਤਾਂ ਇਹ ਜ਼ਿਆਦਾ ਗਿਣਤੀ 'ਚ ਬਣਨ ਲੱਗੀਆਂ ਹਨ।'
ਬਕੌਲ ਅਰੋੜਾ, 'ਪੰਜਾਬੀ ਫਿਲਮਾਂ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਦੇ ਨਾਲ ਹੀ ਪਾਕਿਸਤਾਨ, ਯੂਰਪ ਤੇ ਬਾਕੀ ਪੰਜਾਬੀ ਆਬਾਦੀ ਵਾਲੇ ਦੇਸ਼ਾਂ 'ਚ ਰਿਲੀਜ਼ ਹੁੰਦੀਆਂ ਹਨ, ਜਿਸ ਨਾਲ ਨਿਰਮਾਤਾਵਾਂ ਨੂੰ ਵੱਡੀ ਮਾਰਕੀਟ ਮਿਲੀ ਹੈ। ਇਥੋਂ ਦੀਆਂ ਫਿਲਮਾਂ 'ਚ ਹੁਣ ਐੱਨ. ਆਰ. ਆਈ. ਵੀ ਕਾਫੀ ਪੈਸਾ ਲਗਾ ਰਹੇ ਹਨ।'
ਐੱਨ. ਆਰ. ਆਈ. ਕੁਲਵੰਤ ਸਿੰਘ ਆਪਣਾ ਤਜਰਬਾ ਦੱਸਦੇ ਹਨ। ਉਨ੍ਹਾਂ ਨੇ ਵੀ ਹਾਲ ਹੀ 'ਚ ਇਕ ਪੰਜਾਬੀ ਫਿਲਮ 'ਚ ਪੈਸਾ ਇਨਵੈਸਟ ਕੀਤਾ ਹੈ। ਉਹ ਕਹਿੰਦੇ ਹਨ, 'ਜਦੋਂ ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ ਵਰਗੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਵੱਡੀ ਕਮਾਈ ਮਿਲੀ ਤਾਂ ਲੋਕ ਉਤਸ਼ਾਹਿਤ ਹੋਏ। ਇਸ ਤੋਂ ਬਾਅਦ ਪੰਜਾਬੀ ਕਾਰੋਬਾਰੀਆਂ ਨੇ ਇਸ ਵੱਲ ਪੈਸਾ ਲਗਾਇਆ ਹੈ। ਇਕ ਚੰਗੀ ਫਿਲਮ 2 ਤੋਂ 3 ਕਰੋੜ 'ਚ ਤਿਆਰ ਹੋ ਜਾਂਦੀ ਹੈ। ਇਥੇ ਨਵੰਬਰ 2014 'ਚ ਪਹਿਲੀ ਕੈਨੇਡੀਆਈ ਪੰਜਾਬੀ ਫਿਲਮ 'ਵਰਕ ਵੈਦਰ ਵਾਈਫ' ਰਿਲੀਜ਼ ਹੋਈ। ਅਕੈਡਮੀ ਐਵਾਰਡ ਸਮਾਰੋਹ 'ਚ ਇਸ ਦੀ ਚਰਚਾ ਰਹੀ। ਇਹ 53 ਬੈਸਟ ਫਾਰੇਨ ਲੈਂਗਵੇਜ ਫਿਲਮਾਂ 'ਚ ਸ਼ਾਮਲ ਹੋਈ। ਇਸ ਨੂੰ ਹਰਪ੍ਰੀਤ ਸੰਧੂ ਨੇ ਡਾਇਰੈਕਟ ਕੀਤਾ। ਇਥੇ ਪਹਿਲੀ ਪੰਜਾਬੀ 3-ਡੀ ਫਿਲਮ ਵੀ ਬਣੀ। ਚਾਰ ਸਾਹਿਬਜ਼ਾਦੇ ਨਾਂ ਦੀ ਇਸ ਫਿਲਮ ਨੂੰ ਲਗਭਗ 20 ਕਰੋੜ ਰੁਪਏ 'ਚ ਬਣਾਇਆ ਗਿਆ ਤੇ ਇਸ ਨੇ ਲਗਭਗ 70 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਬਾਲੀਵੁੱਡ ਦੇ ਡਾਇਰੈਕਟਰ ਮਹੇਸ਼ ਭੱਟ ਤੇ ਏਕਤਾ ਕਪੂਰ ਵੀ ਇਸ ਇੰਡਸਟਰੀ 'ਚ ਕੰਮ ਕਰ ਰਹੇ ਹਨ। ਪੰਜਾਬੀ ਸਿਨੇਮਾ ਦੀ ਸਾਲਾਨਾ ਕਮਾਈ ਹੁਣ 250 ਕਰੋੜ ਰੁਪਏ ਤਕ ਪਹੁੰਚ ਚੁੱਕੀ ਹੈ। ਜਿਹੜੀ ਮਰਾਠੀ ਫਿਲਮ ਇੰਡਸਟਰੀ ਤੋਂ ਵੀ ਜ਼ਿਆਦਾ ਹੈ।'

Tags: Pollywood Film Industry Business ਪੰਜਾਬੀ ਫਿਲਮ ਇੰਡਸਟਰੀ ਕਮਾਈ