FacebookTwitterg+Mail

ਮੂਵੀ ਸਮੀਖਿਆ : ਪਹਿਲੇ ਦਿਨ ਪੰਜਾਬ ਦੇ ਹਰ ਸਿਨੇਮਾਘਰ 'ਚ ਖੂਬ ਦੌੜਿਆ 'ਬੰਬੂਕਾਟ'

30 July, 2016 07:24:15 AM

ਜਲੰਧਰ— ਪਿਛਲੇ ਕਈ ਮਹੀਨਿਆਂ ਤੋਂ ਦਰਸ਼ਕਾਂ ਵਲੋਂ ਉਡੀਕੀ ਜਾ ਰਹੀ ਫ਼ਿਲਮ 'ਬੰਬੂਕਾਟ' 29 ਜੁਲਾਈ ਨੂੰ ਪੰਜਾਬ ਤੇ ਲਾਗਲੇ ਸੂਬਿਆਂ 'ਚ ਰਿਲੀਜ਼ ਹੋ ਗਈ ਹੈ। ਪਹਿਲੇ ਦਿਨ ਹਰ ਸ਼ਹਿਰ ਦੇ ਮਲਟੀਪਲੈਕਸ ਵਿਚ ਫ਼ਿਲਮ ਨੂੰ ਬੇਹੱਦ ਹੁੰਗਾਰਾ ਮਿਲਿਆ ਤੇ ਜ਼ਿਆਦਾਤਰ ਥਾਵਾਂ 'ਤੇ ਪੂਰਾ ਦਿਨ ਸ਼ੋਅ ਹਾਊਸਫੁਲ ਰਹੇ। ਕਈ ਥਾਵਾਂ 'ਤੇ ਸਿਨੇਮਾ ਵਿਚ ਵਾਧੂ ਸੀਟਾਂ ਦਾ ਪ੍ਰਬੰਧ ਕਰਨਾ ਪਿਆ ਤੇ ਕਈ ਥਾਵਾਂ 'ਤੇ ਟਿਕਟ ਖਿੜਕੀਆਂ ਅੱਗੇ ਟਿਕਟਾਂ ਲੈਣ ਲਈ ਦਰਸ਼ਕਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਜ਼ਿਕਰਯੋਗ ਹੈ ਕਿ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਅਤੇ 'ਨਦਰ ਫ਼ਿਲਮਜ਼' ਦੀ ਇਸ ਫ਼ਿਲਮ ਵਿਚ ਐਮੀ ਵਿਰਕ, ਬੀਨੂੰ ਢਿੱਲੋਂ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਕਰਮਜੀਤ ਅਨਮੋਲ, ਸਰਦਾਰ ਸੋਹੀ ਸਮੇਤ ਹੋਰ ਕਈ ਕਲਾਕਾਰਾਂ ਨੇ ਬਾਕਮਾਲ ਕੰਮ ਕੀਤਾ ਹੈ। ਫ਼ਿਲਮ ਦੋ ਸਾਂਢੂਆਂ ਦੀ ਅੜੀ 'ਤੇ ਆਧਾਰਿਤ ਹੈ, ਜਿਸ ਵਿਚ ਇਕ ਸਾਂਢੂ ਸਾਈਕਲ ਵਾਲਾ ਹੈ ਤੇ ਦੂਜਾ ਬੰਬੂਕਾਟ ਵਾਲਾ। ਬੰਬੂਕਾਟ ਵਾਲੇ ਦੀ ਆਕੜ ਸਾਈਕਲ ਵਾਲੇ ਅੰਦਰ ਬੰਬੂਕਾਟ ਲੈਣ ਦੀ ਇੱਛਾ ਪੈਦਾ ਕਰਦੀ ਹੈ ਤੇ ਇਹ ਬੰਬੂਕਾਟ ਪੂਰੀ ਫ਼ਿਲਮ 'ਚ ਵਖਤ ਪਾਈ ਰੱਖਦਾ ਹੈ।
ਫ਼ਿਲਮ ਦੇਖ ਕੇ ਥੀਏਟਰ ਵਿਚੋਂ ਬਾਹਰ ਆਉਂਦੇ ਦਰਸ਼ਕ ਬੇਹੱਦ ਖੁਸ਼ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਨ੍ਹਾਂ ਨੂੰ ਅੰਗਰੇਜ਼ ਦੇ ਨੇੜੇ-ਤੇੜੇ ਜਾਪੀ ਹੈ, ਕਿਉਂਕਿ ਉਹ ਫ਼ਿਲਮ ਵੀ ਪੁਰਾਣੇ ਪੰਜਾਬ 'ਤੇ ਆਧਾਰਤ ਸੀ ਤੇ ਇਹ ਫ਼ਿਲਮ ਵੀ 1960 ਦੇ ਪੇਂਡੂ ਪੰਜਾਬ ਨਾਲ ਸਬੰਧਤ ਹੈ, ਜਿਸ ਕਰਕੇ ਉਸ ਵੇਲੇ ਦੇ ਰਹਿਣ ਸਹਿਣ, ਖਾਣ-ਪੀਣ ਤੇ ਰੀਤੀ ਰਿਵਾਜਾਂ ਦੀ ਪੇਸ਼ਕਾਰੀ ਮਨ ਮੋਹ ਲੈਂਦੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਨੂੰ ਦੁਬਾਰਾ ਫਿਰ ਦੇਖਣ ਦੇ ਚਾਹਵਾਨ ਹਨ। ਫ਼ਿਲਮ ਦੀ ਕਾਮਯਾਬੀ ਤੋਂ ਗਦਗਦ ਨਿਰਮਾਤਾ ਕਾਰਜ ਗਿੱਲ ਤੇ ਅਮੀਕ ਵਿਰਕ ਦਾ ਕਹਿਣਾ ਹੈ ਕਿ ਇਸ ਦੀ ਐਡਵਾਂਸ ਬੁਕਿੰਗ ਇਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਸਾਨੂੰ ਇਹ ਤਾਂ ਪਤਾ ਸੀ ਕਿ ਫ਼ਿਲਮ ਕਾਮਯਾਬ ਹੋਵੇਗੀ ਪਰ ਸਵੇਰ ਦੇ ਪਹਿਲੇ ਸ਼ੋਅਜ਼ ਜਿਹੜੇ 9, ਸਾਢੇ 9 ਵਜੇ ਸ਼ੁਰੂ ਹੁੰਦੇ ਹਨ, ਉਹ ਵੀ ਹਾਊਸਫੁੱਲ ਜਾਣਗੇ, ਇਹ ਨਹੀਂ ਪਤਾ ਸੀ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਦਰਸ਼ਕਾਂ ਨੂੰ ਚੰਗੀ ਕਹਾਣੀ, ਚੰਗਾ ਨਿਰਦੇਸ਼ਕ, ਚੰਗੇ ਕਲਾਕਾਰ, ਚੰਗਾ ਪ੍ਰੋਡਕਸ਼ਨ ਹਾਊਸ ਮਿਲੇ ਤਾਂ ਫ਼ਿਲਮ ਪੈਸਾ ਵਸੂਲ ਹੋ ਸਕਦੀ ਹੈ। ਉਨ੍ਹਾਂ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਇਸ ਫਿਲਮ ਨੂੰ ਇੰਨਾ ਪਿਆਰ ਦਿੱਤਾ।


Tags: ਪੰਜਾਬਮੂਵੀ ਸਮੀਖਿਆਬੰਬੂਕਾਟpunjabmovie reviewbambukat