ਮੋਹਾਲੀ (ਰਾਣਾ)- ਲੁਕਆਊਟ ਨੋਟਿਸ ਜਾਰੀ ਹੋਣ ਦੇ ਬਾਵਜੂਦ ਪੰਜਾਬੀ ਮਾਡਲ ਤੇ ਐਕਟ੍ਰੈੱਸ ਨਾਲ ਰੇਪ, ਬਲੈਕਮੇਲ ਤੇ ਅਗਵਾ ਕਰਨ ਦੇ ਮਾਮਲੇ ਵਿਚ ਕਰੀਬ ਤਿੰਨ ਸਾਲਾਂ ਤੋਂ ਭਗੌੜੇ ਚੱਲ ਰਹੇ ਪੰਜਾਬੀ ਪੌਪ ਸਿੰਗਰ ਜਰਨੈਲ ਸਿੰਘ ਉਰਫ਼ ਜੈਲੀ ਨੇ ਮੋਹਾਲੀ ਦੇ ਫੇਜ਼-1 ਥਾਣੇ 'ਚ ਸਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ ਅਤੇ ਦੋ ਦਿਨਾ ਦਾ ਰਿਮਾਂਡ ਹਾਸਿਲ ਕੀਤਾ ਹੈ।
ਜਾਣਕਾਰੀ ਮੁਤਾਬਿਕ ਇਹ ਮਾਮਲਾ ਅਕਤੂਬਰ, 2014 'ਚ ਸਾਹਮਣੇ ਆਇਆ ਸੀ। ਮਾਡਲ ਨੇ ਦੋਸ਼ ਲਾਇਆ ਸੀ ਕਿ ਉਸਨੇ ਸੰਗੀਤ ਸਿੱਖਣਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਜਰਨੈਲ ਸਿੰਘ ਉਰਫ਼ ਜੈਲੀ ਨਾਲ ਹੋਈ, ਜਿਸ ਮਗਰੋਂ ਜੈਲੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਸ ਨੂੰ ਗਾਉਣਾ ਸਿਖਾ ਦੇਵੇਗਾ। ਇਕ ਦਿਨ ਬਹਾਨੇ ਨਾਲ ਜੈਲੀ ਨੇ ਉਸ ਨੂੰ ਆਪਣੇ ਸੈਕਟਰ-57 ਦੇ ਇਕ ਫਲੈਟ 'ਚ ਬੁਲਾਇਆ, ਜਿਥੇ ਪਹਿਲਾਂ ਤੋਂ ਹੀ ਉਸਦੇ ਸਾਥੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਕੋਲਡ ਡ੍ਰਿੰਕ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਮੁਲਜ਼ਮਾਂ ਨੇ ਉਸ ਨਾਲ ਗੈਂਗਰੇਪ ਕੀਤਾ। ਜੈਲੀ ਨੇ ਉਸਦੀ ਵੀਡੀਓ ਵੀ ਤਿਆਰ ਕਰ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਡਰਾਇਆ ਗਿਆ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਸਦੀ ਇਹ ਵੀਡੀਓ ਇੰਟਰਨੈੱਟ 'ਤੇ ਪਾ ਦਿੱਤੀ ਜਾਵੇਗੀ। ਇਸ ਕੰਮ 'ਚ ਜੈਲੀ ਦੇ ਸਾਥੀ ਮਨਿੰਦਰ ਮੰਗਾ, ਯਾਰ ਛਿੰਦਾ ਅਤੇ ਚਰਨਪ੍ਰੀਤ ਗੋਲਡੀ ਵੀ ਸ਼ਾਮਲ ਸਨ, ਜੋ ਅਜੇ ਵੀ ਫਰਾਰ ਹਨ।
ਵਿਦੇਸ਼ 'ਚ ਵੀ ਮੁਲਜ਼ਮ ਕਰ ਰਿਹਾ ਸੀ ਸ਼ੋਅ
ਮੁਲਜ਼ਮ ਤੇ ਉਸ ਦੇ ਸਾਥੀਆਂ 'ਤੇ ਫੇਜ਼-1 ਥਾਣੇ ਵਿਚ ਪਰਚਾ ਦਰਜ ਹੋਇਆ ਸੀ ਪਰ ਪੁਲਸ ਦੇ ਢਿੱਲੇ ਰਵੱਈਏ ਕਾਰਨ ਮੁਲਜ਼ਮ ਕਾਫੀ ਸਮੇਂ ਤੋਂ ਪੰਜਾਬ ਵਿਚ ਹੀ ਸ਼ੋਅ ਕਰ ਰਿਹਾ ਸੀ। ਉਸ ਨੇ ਪੰਜਾਬ ਤੇ ਹਰਿਅਣਾ ਵਿਚ ਕਈ ਸ਼ੋਅ ਕੀਤੇ ਤੇ ਇਸੇ ਵਿਚਕਾਰ ਪਤਾ ਲੱਗਾ ਕਿ ਉਹ ਸਰੀ (ਕੈਨੇਡਾ) ਚਲਾ ਗਿਆ ਤੇ ਉਥੇ ਵੀ ਸ਼ੋਅ ਕਰ ਰਿਹਾ ਸੀ। ਜਦੋਂ ਮੁਲਜ਼ਮ ਦੇ ਕੈਨੇਡਾ ਜਾਣ ਦਾ ਪਤਾ ਲੱਗਾ ਸੀ ਤਾਂ ਉਸਦੇ ਖਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਮੁਲਜ਼ਮ ਖਿਲਾਫ਼ ਚੰਡੀਗੜ੍ਹ ਵਿਚ ਵੀ ਮਾਮਲਾ ਦਰਜ ਹੈ।