FacebookTwitterg+Mail

ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ 2016 ਮਾਂਟਰੀਅਲ 'ਚ ਸ਼ਾਨੋ-ਸ਼ੌਕਤ ਨਾਲ ਸਮਾਪਤ

punjabi virsa 2016
27 September, 2016 10:27:32 PM
ਮਾਂਟਰੀਅਲ— ਪਿਛਲੇ ਤਕਰੀਬਨ ਇਕ ਮਹੀਨੇ ਤੋਂ ਵੱਧ ਸਮਾਂ ਚੱਲੀ ਵਾਰਿਸ ਭਰਾਵਾਂ ਦੀ 'ਪੰਜਾਬੀ ਵਿਰਸਾ 2016' ਲੜੀ ਮਾਂਟਰੀਅਲ ਵਿਚ ਆਪਣੇ ਆਖਰੀ ਸ਼ੋਅ ਉਪਰੰਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਧੁੰਮਾਂ ਪਾਉਣ ਵਾਲੀ ਇਹ ਇਤਿਹਾਸਕ ਲੜੀ 20 ਅਗਸਤ ਨੂੰ ਸ਼ੁਰੂ ਹੋਈ ਸੀ। ਪੰਜਾਬੀ ਸੰਗੀਤ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੇ ਇੰਨੀ ਵੱਡੀ ਗਿਣਤੀ ਵਿਚ ਸ਼ੋਅ ਇਕ ਹੀ ਟੂਰ ਦੌਰਾਨ ਹੋਏ। ਇਸ ਲੜੀ ਦਾ ਆਖਰੀ ਸ਼ੋਅ ਟੀਮ 4 ਐਂਟਰਟੇਨਮੈਂਟ ਦੇ ਮੇਜਰ ਗਾਖਲ, ਰਾਜਵੀਰ ਬੋਪਾਰਾਏ, ਹਰਜਿੰਦਰ ਗਿੱਲ ਅਤੇ ਸੋਢੀ ਨਾਗਰਾ ਵਲੋਂ ਮਾਂਟਰੀਅਲ ਦੇ ਪੈਂਟਾਗਮ ਪਲੇਅਹਾਊਸ ਥਿਏਟਰ ਵਿਚ ਕਰਵਾਇਆ ਗਿਆ। ਜਿਥੇ ਬਹੁ-ਗਿਣਤੀ ਦਰਸ਼ਕ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਤੇ ਇਸ ਆਖਰੀ ਸ਼ੋਅ ਦੀ ਕਾਮਯਾਬੀ ਨੇ ਇਹ ਦੱਸ ਦਿੱਤਾ ਕਿ ਇਸ ਵਾਰ ਵੀ ਵਾਰਿਸ ਭਰਾਵਾਂ ਦੀ ਤਿੱਕੜੀ ਆਪਣੀਆਂ ਪਹਿਲੀਆਂ ਪ੍ਰਾਪਤੀਆਂ ਨੂੰ ਦੁਹਰਾਉਣ ਵਿਚ ਕਾਮਯਾਬ ਹੋਈ।
ਖਚਾਖਚ ਭਰੇ ਹਾਲ ਵਿਚ ਦਰਸ਼ਕ ਵਾਰਿਸ ਭਰਾਵਾਂ ਦੀ ਦੀਦ ਲਈ ਅੱਡੀਆਂ ਚੁੱਕ-ਚੁੱਕ ਉਡੀਕ ਕਰਦੇ ਨਜ਼ਰ ਆਏ। ਸ਼ੋਅ ਦੀ ਸ਼ੁਰੂਆਤ ਵਾਰਿਸ ਭਰਾਵਾਂ ਨੇ ਕੀਤੀ, ਸੰਗਤਾਰ ਨੇ ਮਾਇਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰੋ ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਆਪਣਾ ਨਵਾਂ ਗੀਤ ਗਾਇਆ। ਇਸ ਤੋਂ ਬਾਅਦ ਕਮਲ ਹੀਰ ਨੇ 'ਅਸੀਂ ਤੇਰੇ ਪਿੰਡ ਤੇਰੇ ਪੇਂਡੂ ਯਾਰ ਆਏ ਹਾਂ', 'ਜੱਟ ਪੂਰਾ ਦੇਸੀ ਸੀ', 'ਡਾਕਰ ਜ਼ਮੀਨ', 'ਕੈਂਠੇ ਵਾਲਾ', 'ਮਹੀਨਾ ਭੈੜਾ ਮਈ ਦਾ' ਗਾ ਕੇ ਮਾਹੌਲ ਸਿਖਰਾਂ 'ਤੇ ਪਹੁੰਚਾ ਦਿੱਤਾ। ਪ੍ਰੋਗਰਾਮ ਦੇ ਅਖੀਰ ਤੇ ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਜਦੋਂ ਸਟੇਜ ਉਪਰ ਆਏ ਤਾਂ ਸਾਰਾ ਹਾਲ ਬਹੁਤ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ।
ਵਾਰਿਸ ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਚੀਨਾ ਜੱਟ ਦਾ ਬਨੇਰੇ 'ਤੇ', 'ਸੱਜਣਾ ਦੀ ਫੁੱਲਕਾਰੀ ਦੇ', 'ਸੱਚ ਨਹੀਂ ਦੱਸਦੀ' ਗੀਤ ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। ਸਮਾਪਤੀ ਮੌਕੇ ਪ੍ਰਬੰਧਕਾਂ ਵੱਲੋਂ ਤਿੰਨਾਂ ਭਰਾਵਾਂ ਨੂੰ ਪੰਜਾਬੀ ਗਾਇਕੀ ਵਿਚ ਉਨ੍ਹਾਂ ਵਲੋਂ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਕਿਹਾ ਕਿ ਵਾਰਿਸ ਭਰਾਵਾਂ ਦੀ ਗਾਇਕੀ ਨੂੰ ਕੈਨੇਡਾ ਵੱਸਦੇ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਤੇ ਹਰ ਸ਼ੋਅ ਨੂੰ ਮਿਲੀ ਸਫਲਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਵੇਂ ਕਈ ਲੋਕਾਂ ਵਲੋਂ ਗੀਤ ਸੰਗੀਤ ਦੇ ਬਦਲੇ ਮਿਜਾਜ਼ ਦੀ ਗੱਲ ਉਭਾਰੀ ਜਾ ਰਹੀ ਹੈ ਪਰ ਚੰਗੀ ਗਾਇਕੀ ਤੇ ਸ਼ਾਇਰੀ ਨੂੰ ਲੋਕ ਅੱਜ ਵੀ ਓਨਾ ਹੀ ਪਸੰਦ ਕਰਦੇ ਨੇ ਜਿੰਨਾ ਕਿ ਪਹਿਲਾਂ ਕਰਦੇ ਸਨ। ਇਸ ਮੌਕੇ 'ਤੇ ਟੀਮ 4 ਐਂਟਰਟੇਨਮੈਂਟ ਦੇ ਮੇਜਰ ਗਾਖਲ, ਰਾਜਵੀਰ ਬੋਪਾਰਾਏ, ਹਰਜਿੰਦਰ ਗਿੱਲ ਅਤੇ ਸੋਢੀ ਨਾਗਰਾ ਹਾਜ਼ਰ ਸਨ।

Tags: ਪੰਜਾਬੀ ਵਿਰਸਾ 2016 ਵਾਰਿਸ ਭਰਾ Punjabi Virsa 2016 Waris Brother