FacebookTwitterg+Mail

ਅੱਜ ਦੇ ਦੌਰ ਦੀ ਕਹਾਣੀ ਹੈ 'ਮਿਰਜ਼ਿਆ', ਜਿਸ 'ਚ ਬੀਤੇ ਜ਼ਮਾਨੇ ਦਾ ਅਕਸ ਹੋਵੇਗਾ : ਰਾਕੇਸ਼ ਓਮ ਪ੍ਰਕਾਸ਼

rakeysh omprakash mehra s mirzya is a story of today s periods
06 October, 2016 08:07:09 AM
ਨਵੀਂ ਦਿੱਲੀ— 'ਮਰਦਾ ਨਹੀਂ ਕਦੇ ਇਸ਼ਕ ਓ ਮਿਰਜ਼ਾ... ਸਦੀਆਂ ਸਾਹਿਬਾ ਰਹਿੰਦੀ ਹੈ...।' ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ 'ਮਿਰਜ਼ਿਆ' ਮੁਹੱਬਤ ਦੀਆਂ ਉਨ੍ਹਾਂ ਕਹਾਣੀਆਂ 'ਚ ਸ਼ਾਮਿਲ ਹੈ, ਜੋ ਪੰਜਾਬ ਦੀ ਧਰਤੀ 'ਚੋਂ ਨਿਕਲੀਆਂ ਹਨ। ਇਨ੍ਹਾਂ ਕਹਾਣੀਆਂ 'ਚ ਜਿਥੇ ਇਸ਼ਕ ਦੀ ਇਬਾਦਤ ਹੈ, ਉਥੇ ਹੀ ਕੁਝ ਅਜਿਹੇ ਰਾਜ਼ ਵੀ ਛੁਪੇ ਹਨ, ਜੋ ਦਰਸ਼ਕਾਂ ਨੂੰ ਰੋਮਾਂਚਿਤ ਕਰ ਦੇਣਗੇ। ਗੁਲਜ਼ਾਰ ਦੀ ਲਿਖੀ ਫਿਲਮ 'ਮਿਰਜ਼ਿਆ' 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਇਹ ਫਿਲਮ ਮਿਰਜ਼ਾ ਅਤੇ ਸਾਹਿਬਾ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਜ਼ਰੂਰ ਹੈ ਪਰ ਇਹ ਅੱਜ ਦੇ ਦੌਰ ਦੀ ਕਹਾਣੀ ਹੈ, ਜਿਸ 'ਚ ਬੀਤੇ ਜ਼ਮਾਨੇ ਦਾ ਅਕਸ ਹੋਵੇਗਾ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫਿਲਮ ਦੀ ਸਟਾਰਕਾਸਟ ਹਰਸ਼ਵਰਧਨ ਕਪੂਰ, ਸੈਯਾਮੀ ਖੇਰ ਤੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ :
► ਫਿਲਮ ਪੁਰਾਣੀ ਸਾਹਿਬਾ-ਮਿਰਜ਼ਾ ਦੀ ਕਹਾਣੀ ਨਹੀਂ ਹੈ...
ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ 'ਮਿਰਜ਼ਿਆ' ਦੀ ਕਹਾਣੀ ਸਾਹਿਬਾ-ਮਿਰਜ਼ਾ ਦੀ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਹੈ। ਇਸ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਨੇ ਕਿਹਾ, 'ਇਹ ਫਿਲਮ ਕਿਤਾਬੀ ਸਾਹਿਬਾ-ਮਿਰਜ਼ਾ ਨਾਲੋਂ ਬਿਲਕੁਲ ਵੱਖਰੀ ਹੈ। ਮੈਂ ਦਰਸ਼ਕਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਹ ਕਹਾਣੀ ਆਦਿਲ ਅਤੇ ਸੂਚੀ ਦੀ ਹੈ, ਜੋ ਠੀਕ ਉਸੇ ਤਰ੍ਹਾਂ ਟੁੱਟ ਕੇ ਇਕ ਦੂਜੇ ਨਾਲ ਪਿਆਰ ਕਰਦੇ ਹਨ। ਜਦੋਂ ਮੈਂ ਇਸ ਫਿਲਮ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਸਾਹਿਬਾ-ਮਿਰਜ਼ਾ ਦੀ ਕਹਾਣੀ ਨਹੀਂ, ਸਗੋਂ ਉਨ੍ਹਾਂ ਦੇ ਬੇਇੰਤਾਹ ਇਸ਼ਕ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਸੀ। ਜਦੋਂ ਦਰਸ਼ਕ ਫਿਲਮ ਦੇਖਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਆਖਿਰ ਪਿਆਰ ਕੀ ਹੈ ਅਤੇ ਕਿੰਨਾ ਡੂੰਘਾ ਹੋ ਸਕਦਾ ਹੈ।
► 'ਪਾਪਾ ਦੇ ਸਟਾਰਡਮ ਦੀ ਟੈਨਸ਼ਨ 'ਚ ਮੈਂ ਨਹੀਂ'
ਹਰਸ਼ਵਰਧਨ ਕਪੂਰ ਬਾਲੀਵੁੱਡ ਸਟਾਰ ਅਨਿਲ ਕਪੂਰ ਦੇ ਲਾਡਲੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਉਹ ਕਦੇ ਆਪਣੇ ਉਪਰ ਹਾਵੀ ਨਹੀਂ ਹੋਣ ਦਿੰਦੇ। ਹਰਸ਼ ਕਹਿੰਦੇ ਹਨ, 'ਮੈਂ ਜਾਣਦਾ ਹਾਂ ਕਿ ਮੇਰੇ ਪਿਤਾ ਇਕ ਸੁਪਰਸਟਾਰ ਹਨ। ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਪਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੈਂ ਕਦੇ ਖੁਦ 'ਤੇ ਹਾਵੀ ਨਹੀਂ ਹੋਣ ਦਿੰਦਾ। ਮੈਂ ਬੱਸ ਇਹ ਚਾਹੁੰਦਾ ਹਾਂ ਕਿ ਜੋ ਮੈਂ ਕਰਾਂ, ਉਹ ਬਿਹਤਰ ਹੋਵੇ, ਹਰ ਦਿਨ ਕੁਝ ਨਵਾਂ ਸਿੱਖ ਲਵਾਂ ਅਤੇ ਜੋ ਮੈਂ ਕੱਲ ਕੀਤਾ ਸੀ, ਉਸ ਤੋਂ ਕੁਝ ਬਿਹਤਰ ਕਰ ਸਕਾਂ। ਮੈਂ ਅਜਿਹਾ ਕੋਈ ਪ੍ਰੈਸ਼ਰ ਨਹੀਂ ਲੈਂਦਾ। ਬੱਸ ਆਪਣੇ ਕੰਮ ਨਾਲ ਪੂਰੀ ਤਰ੍ਹਾਂ ਨਿਆਂ ਕਰਨਾ ਚਾਹੁੰਦਾ ਹਾਂ ਅਤੇ ਕੋਸ਼ਿਸ਼ ਇਹ ਕਰਦਾ ਰਹਿੰਦਾ ਹਾਂ ਕਿ ਕੰਮ 'ਚ ਕੋਈ ਕਮੀ ਨਾ ਰਹਿ ਜਾਵੇ। ਉਂਝ ਵੀ ਮੇਰੀ ਇੱਛਾ ਹੈ ਕਿ ਆਉਣ ਵਾਲੀਆਂ ਫਿਲਮਾਂ ਲਈ ਵੀ ਓਨੀ ਹੀ ਮਿਹਨਤ ਕਰਾਂ, ਜਿੰਨੀ ਇਸ ਫਿਲਮ ਲਈ ਕੀਤੀ ਹੈ।
► ਦਿਲ ਅੱਜ ਵੀ ਉਸੇ ਤਰ੍ਹਾਂ ਹੀ ਧੜਕਦਾ ਹੈ
ਪਿਆਰ ਅੱਜ ਵੀ ਉਹੋ ਜਿਹਾ ਹੈ, ਜਿਸ ਤਰ੍ਹਾਂ ਕਈ ਸਾਲ ਪਹਿਲਾਂ ਹੋਇਆ ਕਰਦਾ ਸੀ। 'ਪਿਆਰ ਅੱਜ ਜਾਂ ਕੱਲ ਦੇ ਯੁੱਗ 'ਚ ਬਦਲੇਗਾ ਨਹੀਂ। ਅੱਜ ਤੋਂ 100 ਸਾਲ ਪਹਿਲਾਂ ਵੀ ਦਿਲ ਉਸੇ ਤਰ੍ਹਾਂ ਹੀ ਧੜਕਦਾ ਸੀ ਜਿਵੇਂ ਅੱਜ ਧੜਕਦਾ ਹੈ। ਇਸ ਲਈ ਮੇਰੇ ਲਈ ਪਿਆਰ ਇਕ ਅਹਿਸਾਸ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ।
ਪਰ ਸੈਯਾਮੀ ਦਾ ਮੰਨਣਾ ਹੈ ਕਿ ਇਹ ਬੱਸ ਕਿਸਮਤ ਦੀ ਗੱਲ ਹੁੰਦੀ ਹੈ। ਕਦੇ-ਕਦੇ ਤੁਸੀਂ ਸਾਰੀ ਜ਼ਿੰਦਗੀ ਨਾਲ ਬਿਤਾਉਣ ਤੋਂ ਬਾਅਦ ਵੀ ਪਿਆਰ ਨਹੀਂ ਕਰ ਸਕਦੇ ਅਤੇ ਕਦੇ-ਕਦੇ ਬਸ ਇਕ ਪਲ ਦੀ ਨਜ਼ਰ ਵੀ ਉਹ ਕਮਾਲ ਕਰ ਜਾਂਦੀ ਹੈ ਕਿ ਸਾਰੀ ਜ਼ਿੰਦਗੀ ਬਸ ਉਸ ਇਕ ਪਲ ਵਰਗੀ ਹੀ ਕੱਟਦੀ ਹੈ।
► 'ਗੁਲਜ਼ਾਰ ਦਾ ਹੱਥ ਫੜ ਕੇ ਲੱਭਣ ਨਿਕਲਿਆ ਸੀ ਸਾਹਿਬਾ'
ਫਿਲਮ 'ਮਿਰਜ਼ਿਆ' ਦੀ ਸ਼ੁਰੂਆਤ ਨੂੰ ਲੈ ਕੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਗਭਗ 31 ਸਾਲਾਂ ਤੋਂ ਸਾਹਿਬਾ ਦੀ ਤਲਾਸ਼ ਸੀ। ਉਨ੍ਹਾਂ ਦੇ ਦਿਲੋ-ਦਿਮਾਗ 'ਚ ਸਾਹਿਬਾ ਦੀ ਖੋਜ ਚੱਲ ਰਹੀ ਸੀ। ਉਨ੍ਹਾਂ ਦੱਸਿਆ, 'ਮੈਂ ਕਈ ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭ ਰਿਹਾ ਸੀ, ਲਗਭਗ 7 ਸਾਲ ਪਹਿਲਾਂ ਮੈਂ ਗੁਲਜ਼ਾਰ ਸਾਹਿਬ ਕੋਲ ਪਹੁੰਚਿਆ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਆਖਿਰ ਸਾਹਿਬਾ ਨੇ ਤੀਰ ਕਿਉਂ ਤੋੜੇ। ਇਸ 'ਤੇ ਗੁਲਜ਼ਾਰ ਸਾਹਿਬ ਨੇ ਕਿਹਾ ਕਿ ਤੁਸੀਂ ਉਸ ਤੋਂ ਕਿਉਂ ਨਹੀਂ ਪੁੱਛ ਲੈਂਦੇ? ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕਾਫੀ ਸਮੇਂ ਤੋਂ ਲੱਭ ਰਿਹਾ ਹਾਂ ਪਰ ਉਹ ਮਿਲ ਨਹੀਂ ਰਹੀ। ਉਦੋਂ ਉਨ੍ਹਾਂ ਕਿਹਾ ਕਿ ਚਲੋ ਹੱਥ ਫੜ ਕੇ ਸਾਹਿਬਾ ਨੂੰ ਲੱਭਣ ਚੱਲਦੇ ਹਾਂ।
► ਲੰਬਾ ਸਮਾਂ ਲੱਗਦਾ ਹੈ ਗੁਲਜ਼ਾਰ ਨੂੰ ਸਮਝਣ 'ਚ
ਮਹਿਰਾ ਦੱਸਦੇ ਹਨ ਕਿ ਜਦੋਂ ਗੁਲਜ਼ਾਰ ਸਾਹਿਬ ਇਸ ਫਿਲਮ ਦੀ ਕਹਾਣੀ ਲਿਖਣ ਲਈ ਤਿਆਰ ਹੋਏ ਤਾਂ ਅਕਸਰ ਉਨ੍ਹਾਂ ਨਾਲ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਬਹਿਸ ਜਾਂ ਚਰਚਾ ਹੁੰਦੀ ਸੀ। ਮੈਂ ਅਕਸਰ ਉਨ੍ਹਾਂ ਨਾਲ ਕਈ ਦ੍ਰਿਸ਼ਾਂ ਨੂੰ ਲੈ ਕੇ ਝਗੜਾ ਵੀ ਕਰਦਾ ਸੀ। ਉਹ ਬੜੀ ਹੀ ਸਹਿਜਤਾ ਨਾਲ ਕਹਿੰਦੇ ਸਨ ਕਿ ਮੈਂ ਲੇਖਕ ਹਾਂ। ਬਤੌਰ ਨਿਰਦੇਸ਼ਕ ਤੁਸੀਂ ਜੋ ਮੈਨੂੰ ਕਹੋਗੇ, ਮੈਂ ਉਸ ਨਜ਼ਰੀਏ ਨਾਲ ਕਹਾਣੀ ਨੂੰ ਲਿਖਾਂਗਾ ਪਰ ਲਗਭਗ 6 ਮਹੀਨੇ ਬਾਅਦ ਮੈਨੂੰ ਉਹੀ ਸੀਨ ਸਹੀ ਅਤੇ ਬਿਹਤਰ ਲੱਗਦੇ ਸਨ। ਮੈਂ ਫਿਰ ਤੋਂ ਗੁਲਜ਼ਾਰ ਸਾਹਿਬ ਕੋਲ ਜਾਂਦਾ ਸੀ ਕਿ ਜੋ ਸੀਨ ਅਸੀਂ ਹਟਾਏ ਸਨ, ਉਨ੍ਹਾਂ ਨੂੰ ਹੀ ਵਾਪਸ ਰੱਖ ਲੈਂਦੇ ਹਾਂ। ਉਦੋਂ ਉਹ ਅਕਸਰ ਕਹਿੰਦੇ ਸਨ ਕਿ ਤੂੰ ਹੀ ਤਾਂ ਉਹ ਸੀਨ ਹਟਵਾਏ ਸਨ, ਫਿਰ ਹੁਣ ਉਨ੍ਹਾਂ ਨੂੰ ਵਾਪਸ ਕਿਉਂ ਲੈ ਰਹੇ ਹੋ। ਉਦੋਂ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਤੁਹਾਡੀਆਂ ਗੱਲਾਂ 'ਚ ਇੰਨੀਆਂ ਪਰਤਾਂ ਹੁੰਦੀਆਂ ਹਨ ਕਿ ਮੈਨੂੰ ਉਨ੍ਹਾਂ ਨੂੰ ਸਮਝਣ 'ਚ 6-6 ਮਹੀਨੇ ਲੱਗ ਜਾਂਦੇ ਹਨ।
► ਦਰਸ਼ਕਾਂ ਦੀ ਪਸੰਦ ਜਾਣਨਾ ਮੁਸ਼ਕਿਲ
ਦਰਸ਼ਕਾਂ ਦੀ ਪਸੰਦ ਨੂੰ ਲੈ ਕੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਸਾਡੇ ਦਰਸ਼ਕ ਬਹੁਤ ਹੀ ਵੱਖ-ਵੱਖ ਕਲਾਸ ਅਤੇ ਮਾਹੌਲ ਤੋਂ ਆਉਂਦੇ ਹਨ। ਹਰ ਇਕ ਦਰਸ਼ਕ ਫਿਲਮ ਨੂੰ ਬਿਲਕੁਲ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ। ਅਜਿਹੇ 'ਚ ਇਹ ਤੈਅ ਕਰਨਾ ਮੁਸ਼ਕਿਲ ਹੈ ਕਿ ਦਰਸ਼ਕਾਂ ਨੂੰ ਟ੍ਰੈਜਿਕ ਐਂਡਿੰਗ ਵਾਲੀ ਫਿਲਮ ਹੀ ਪਸੰਦ ਆਏਗੀ ਜਾਂ ਹੈਪੀ ਐਂਡਿੰਗ ਵਾਲੀ ਪਰ ਬਤੌਰ ਕਲਾਕਾਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜੋ ਵੀ ਬਣਾਈਏ, ਉਹ ਅਜਿਹਾ ਹੋਵੇ ਜਿਸ ਨਾਲ ਹਰ ਕੋਈ ਖੁਦ ਨੂੰ ਕੁਨੈਕਟ ਕਰ ਸਕੇ। ਜਦੋਂ ਉਹ ਫਿਲਮ ਦੇਖਣ ਨਿਕਲੇ ਤਾਂ ਉਸ ਦੇ ਦਿਲ ਅਤੇ ਦਿਮਾਗ 'ਤੇ ਇਸ ਦੀ ਡੂੰਘੀ ਛਾਪ ਹੋਵੇ।
► ਸਾਹਿਬਾ ਨੇ ਤੋੜੇ ਸਨ ਤੀਰ
ਮਹਿਰਾ ਆਪਣੀ ਲੀਕ ਤੋਂ ਹਟ ਕੇ ਫਿਲਮਾਂ ਬਣਾਉਣ ਲਈ ਮਸ਼ਹੂਰ ਹਨ। ਇਸ ਨੂੰ ਲੈ ਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੀ ਹਰ ਫਿਲਮ ਰਾਹੀਂ ਆਪਣਾ ਹੀ ਰਿਕਾਰਡ ਤੋੜਦੇ ਹੋ ਤਾਂ ਮਹਿਰਾ ਨੇ ਕਿਹਾ ਕਿ ਮੈਂ ਕੁਝ ਨਹੀਂ ਤੋੜਿਆ, ਤੀਰ ਤਾਂ ਸਾਹਿਬਾ ਨੇ ਤੋੜੇ ਹਨ। ਮੈਂ ਬੱਸ ਉਹ ਕਹਾਣੀ ਕਹਿੰਦਾ ਹਾਂ, ਜੋ ਕਹਿਣਾ ਚਾਹੁੰਦਾ ਹਾਂ।
'ਮੇਰੇ ਗੁਲਜ਼ਾਰ ਤਾਂ ਰਾਕੇਸ਼ ਸਰ ਹਨ'ਫਿਲਮ 'ਮਿਰਜ਼ਿਆ' ਤੋਂ ਬਾਲੀਵੁੱਡ 'ਚ ਆਪਣਾ ਕਦਮ ਰੱਖਣ ਜਾ ਰਹੀ ਸੈਯਾਮੀ ਖੇਰ ਕਹਿੰਦੀ ਹੈ ਕਿ ਉਨ੍ਹਾਂ ਲਈ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਬੇਹੱਦ ਖਾਸ ਹਨ। ਉਹ ਕਹਿੰਦੀ ਹੈ, 'ਜਿਸ ਤਰ੍ਹਾਂ ਰਾਕੇਸ਼ ਸਰ ਦਾ ਗੁਲਜ਼ਾਰ ਸਾਹਿਬ ਨਾਲ ਇਕ ਖਾਸ ਰਿਸ਼ਤਾ ਹੈ, ਠੀਕ ਅਜਿਹਾ ਹੀ ਰਿਸ਼ਤਾ ਮੇਰਾ ਵੀ ਉਨ੍ਹਾਂ ਨਾਲ ਹੈ। ਮੈਂ ਬਸ ਇਹੀ ਕਹਿ ਸਕਦੀ ਹਾਂ ਕਿ ਮੇਰੇ ਲਈ ਰਾਕੇਸ਼ ਮਹਿਰਾ ਹੀ ਗੁਲਜ਼ਾਰ ਹਨ। ਉਨ੍ਹਾਂ ਨਾਲ ਮੈਂ ਜਿੰਨਾ ਸਮਾਂ ਬਿਤਾਉਂਦੀ ਹਾਂ, ਓਨਾ ਹੀ ਸਿੱਖਦੀ ਹਾਂ। ਪੂਰੀ ਫਿਲਮ ਦੌਰਾਨ ਉਨ੍ਹਾਂ ਨੇ ਮੈਨੂੰ ਗੁਲਜ਼ਾਰ ਸਾਹਿਬ ਨਾਲ ਮਿਲਣ ਹੀ ਨਹੀਂ ਦਿੱਤਾ। ਮੈਂ ਬਹੁਤ ਸਵਾਲ ਪੁੱਛਦੀ ਹਾਂ, ਇਸ ਲਈ ਮਹਿਰਾ ਸਰ ਨੇ ਮੈਨੂੰ ਉਨ੍ਹਾਂ ਨਾਲ ਮਿਲਣ ਹੀ ਨਹੀਂ ਦਿੱਤਾ। ਮੈਂ ਹੁਣੇ ਜਿਹੇ ਹੀ ਉਨ੍ਹਾਂ ਨੂੰ ਮਿਲੀ ਹਾਂ ਅਤੇ ਮੇਰੇ ਲਈ ਉਹ ਸਮਾਂ ਬੇਹੱਦ ਖਾਸ ਸੀ। ਗੁਲਜ਼ਾਰ ਸਾਹਿਬ ਦੀ ਗੱਲ ਕਰਾਂ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨਾਲ ਬਿਤਾਇਆ ਇਕ ਘੰਟਾ ਇਕ ਸਾਲ ਦੀ ਸਿੱਖਿਆ ਦੇ ਗਿਆ ਹੋਵੇ।
► ਸਚਿਨ ਤੋਂ ਸ਼ੁਰੂ ਹੁੰਦੀ ਸੀ ਦੁਨੀਆ
ਫਿਲਮਾਂ 'ਚ ਆਉਣ ਨੂੰ ਲੈ ਕੇ ਸੈਯਾਮੀ ਨੇ ਦੱਸਿਆ ਕਿ ਮੈਂ ਆਪਣੇ ਕਾਲਜ ਦੇ ਦਿਨਾਂ 'ਚ ਲੰਬੇ ਸਮੇਂ ਤੱਕ ਥਿਏਟਰ ਕੀਤਾ ਹੈ। ਜਦੋਂ ਮੈਂ ਥਿਏਟਰ ਕਰ ਰਹੀ ਸੀ, ਉਦੋਂ ਮੈਨੂੰ ਲੱਗਾ ਸੀ ਕਿ ਇਹੀ ਉਹ ਕੰਮ ਹੈ ਜਿਸ ਨੂੰ ਮੈਂ ਸਾਰੀ ਉਮਰ ਕਰਨਾ ਚਾਹਾਂਗੀ। ਇਸ ਤੋਂ ਇਲਾਵਾ ਮੈਨੂੰ ਖੇਡਾਂ 'ਚ ਵੀ ਬਹੁਤ ਦਿਲਚਸਪੀ ਸੀ। ਜਦੋਂ ਮੈਂ ਸਕੂਲ 'ਚ ਸੀ, ਖੂਬ ਕ੍ਰਿਕਟ ਖੇਡਦੀ ਸੀ। ਉਸ ਸਮੇਂ ਮੇਰੀ ਦੁਨੀਆ ਸਚਿਨ ਤੋਂ ਹੀ ਸ਼ੁਰੂ ਹੁੰਦੀ ਸੀ ਅਤੇ ਉਨ੍ਹਾਂ 'ਤੇ ਹੀ ਖਤਮ।


Tags: ਮਿਰਜ਼ਿਆਮਹਿਰਾਹਰਸ਼ਵਰਧਨMehraMirzyaharshvardhan