FacebookTwitterg+Mail

ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ ਫਿਲਮ 'ਭਲਵਾਨ ਸਿੰਘ'

ranjit bawa
18 October, 2017 01:35:52 PM

ਜਲੰਧਰ(ਬਿਊਰੋ)— 27 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਭਲਵਾਨ ਸਿੰਘ' ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸ ਉਡੀਕ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਰਣਜੀਤ ਬਾਵਾ ਇਸ ਫ਼ਿਲਮ ਦਾ ਨਾਇਕ ਹੈ ਤੇ ਦੂਜਾ ਕਾਰਨ ਇਸ ਵਿਸ਼ੇ ਨਾਲ ਜੁੜੀ ਫ਼ਿਲਮ ਅੱਜ ਤੱਕ ਪੰਜਾਬੀ ਸਿਨੇਮੇ ਵਿਚ ਕਦੇ ਰਿਲੀਜ਼ ਨਹੀਂ ਹੋਈ। ਦਰਸ਼ਕਾਂ ਨੂੰ ਜਦੋਂ ਫ਼ਿਲਮ ਬਾਰੇ ਪੁੱਛੀ ਦਾ ਹੈ ਤਾਂ ਉਹ ਆਖਦੇ ਹਨ ਕਿ ਰਣਜੀਤ ਬਾਵਾ ਨੇ ਅੱਜ ਤੱਕ ਜਿੰਨਾ ਗਾਇਆ, ਕਮਾਲ ਹੈ ਤੇ ਜਿੰਨੀਆਂ ਫ਼ਿਲਮਾਂ ਵਿਚ ਛੋਟੇ ਜਾਂ ਵੱਡੇ ਰੋਲ ਕੀਤੇ, ਉਹ ਵਧੀਆ ਸਨ, ਇਸ ਲਈ ਉਸ ਦੀ 'ਭਲਵਾਨ ਸਿੰਘ' ਤੋਂ ਵੀ ਸਾਨੂੰ ਬੇਹੱਦ ਆਸਾਂ ਹਨ।
ਅਸਲ ਵਿਚ ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਨਾਲ ਜੁੜੀ ਹੋਈ ਹੈ ਕਿ ਕਿਸ ਤਰ੍ਹਾਂ ਗੋਰੀ ਸਰਕਾਰ ਨੂੰ ਦੇਸ਼ ਵਿਚੋਂ ਕੱਢਣ ਲਈ ਸਭ ਨੇ ਆਪਣਾ-ਆਪਣਾ ਯੋਗਦਾਨ ਪਾਇਆ। ਅਨਪੜ੍ਹ, ਪੜ੍ਹੇ-ਲਿਖੇ, ਮਰਦ, ਔਰਤ ਸਭ ਨੇ ਦੇਸ਼ ਦੀ ਆਜ਼ਾਦੀ ਲਈ ਕੁੱਝ ਨਾ ਕੁੱਝ ਕੀਤਾ। ਇਸ ਸਮੇਂ ਇਕ ਪੇਂਡੂ, ਸਿੱਧੇ ਜਿਹੇ ਨੌਜਵਾਨ ਵੱਲੋਂ ਕੀ ਕੀ ਉਪਰਾਲੇ ਕੀਤੇ ਗਏ ਤੇ ਉਸ ਦੀਆਂ ਕੋਸ਼ਿਸ਼ਾਂ ਕਿਹੋ ਜਿਹੀਆਂ ਸਨ, ਉਹ ਕੀ ਸੋਚਦਾ ਸੀ, ਕੀ ਕਰਦਾ ਸੀ, ਇਸ ਵਿਸ਼ੇ 'ਤੇ ਆਧਾਰਿਤ ਹੈ ਫਿਲਮ 'ਭਲਵਾਨ ਸਿੰਘ।'
ਫ਼ਿਲਮ ਦੇ ਪ੍ਰੋਮੋ ਅਤੇ ਟ੍ਰੇਲਰ ਨੂੰ ਦਰਸ਼ਕਾਂ ਦਾ ਬੇਹੱਦ ਹੁੰਗਾਰਾ ਮਿਲਿਆ ਹੈ। ਯੂ-ਟਿਊਬ 'ਤੇ ਫ਼ਿਲਮ ਦੇ ਟ੍ਰੇਲਰ ਦੀ ਓਨੀ ਹੀ ਸਿਫਤ ਹੋਈ ਹੈ, ਜਿੰਨੀ ਕੁੱਝ ਵਰ੍ਹੇ ਪਹਿਲਾਂ 'ਅੰਗਰੇਜ਼' ਦੀ ਹੋਈ ਸੀ। ਫ਼ਿਲਮ ਵਿਚ ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ। 'ਭਲਵਾਨ ਸਿੰਘ' ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵੱਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕ੍ਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ। ਫ਼ਿਲਮ ਦੇ ਪ੍ਰੋਡਿਊਸਰ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਹਨ। ਫਿਲਮ ਨੂੰ 'ਨਦਰ ਫਿਲਮਜ਼', 'ਜੇ ਸਟੂਡੀਓ' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।


Tags: Ranjit Bawa Bhalwan Singh Navpreet BangaAmberdeep Singh Karamjit Anmol Paramshivਰਣਜੀਤ ਬਾਵਾ ਭਲਵਾਨ ਸਿੰਘ