ਨਵੀਂ ਦਿੱਲੀ- ਦਿੱਲੀ ਪੁਲਸ ਨੇ ਫਿਲਮ 'ਪੀਪਲੀ ਲਾਈਵ' ਦੇ ਸਹਾਇਕ ਡਾਇਰੈਕਟਰ ਮਹਿਮੂਦ ਫਾਰੂਕੀ 'ਤੇ ਰੇਪ ਦਾ ਦੋਸ਼ ਤੈਅ ਕਰ ਦਿੱਤਾ ਹੈ। ਉਨ੍ਹਾਂ ਨੇ 28 ਮਾਰਚ ਨੂੰ ਸੁਖਦੇਵ ਵਿਹਾਰ 'ਚ ਸਥਿਤ ਆਪਣੇ ਘਰ 'ਤੇ ਇਕ ਅਮਰੀਕਨ ਰਿਸਰਚ ਸਕਾਲਰ ਦਾ ਰੇਪ ਕੀਤਾ ਸੀ। ਉਨ੍ਹਾਂ ਖਿਲਾਫ 20 ਸਫਿਆਂ ਦੀ ਇਕ ਚਾਰਜਸ਼ੀਟ ਬਣਾਈ ਗਈ। ਪੁਲਸ ਨੇ ਇਸ ਮਾਮਲੇ 'ਚ 15 ਲੋਕਾਂ ਕੋਲੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਨੇ ਮਹਿਲਾ ਨੂੰ ਫਾਰੂਕੀ ਦੇ ਘਰ ਜਾਂਦੇ ਦੇਖਿਆ ਸੀ।
ਪੁਲਸ ਨੇ ਫਾਰੂਕੀ ਦੇ ਸਟੂਡੈਂਟ ਦਾ ਵੀ ਬਿਆਨ ਦਰਜ ਕੀਤਾ, ਜਿਸ ਨਾਲ ਰਿਸਰਚ ਸਕਾਲਰ ਘਟਨਾ ਵਾਲੇ ਦਿਨ ਮਿਲੀ ਸੀ। ਪੁਲਸ ਨੇ ਰਿਸਰਚ ਸਕਾਲਰ ਦੇ ਦਾਅਵਿਆਂ ਦੀ ਪੁਸ਼ਟੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਰ ਲਈ ਹੈ। ਪੀੜਤ ਰਿਸਰਚ ਸਕਾਲਰ ਨੇ ਦੱਸਿਆ ਕਿ ਗੌਰਖਪੁਰ 'ਚ ਉਸ ਦੇ ਇਕ ਦੋਸਤ ਨੇ ਫਾਰੂਕੀ ਨਾਲ ਉਸ ਨੂੰ ਮਿਲਵਾਇਆ ਸੀ। ਫਾਰੂਕੀ ਨੇ ਰਿਸਰਚ 'ਚ ਕੰਮ ਆਉਣ ਵਾਲੇ ਮਟੀਰੀਅਲ ਮੁਹੱਈਆ ਕਰਵਾਉਣ ਲਈ ਕਿਹਾ ਸੀ। ਚਾਰਜਸ਼ੀਟ 'ਚ ਉਸ ਦੇ ਕਾਮਨ ਦੋਸਤ ਦਾ ਵੀ ਬਿਆਨ ਦਰਜ ਕੀਤਾ ਗਿਆ ਹੈ।