FacebookTwitterg+Mail

'ਰਾਕ ਆਨ 2' ਬਿਆਨ ਕਰਦੀ ਹੈ ਮਿਊਜ਼ਿਕ ਅਤੇ ਮਸਤੀ ਦੀ ਕਹਾਣੀ

rock on 2 is the story of music and fun
09 November, 2016 07:45:25 AM
ਨਵੀਂ ਦਿੱਲੀ— ਫਿਲਮ 'ਰਾਕ ਆਨ' ਨੂੰ ਦੇਖ ਕੇ ਜੇਕਰ ਤੁਸੀਂ ਸੰਗੀਤ ਦੇ ਦੀਵਾਨੇ ਹੋ ਗਏ ਸੀ ਤਾਂ 8 ਸਾਲ ਬਾਅਦ ਇਕ ਵਾਰ ਫਿਰ ਤੁਸੀਂ ਇਸ ਦਾ ਮਜ਼ਾ ਲੈ ਸਕਦੇ ਹੋ। ਨਿਰਦੇਸ਼ਕ ਸੁਜਾਤ ਸੌਦਾਗਰ 11 ਨਵੰਬਰ ਨੂੰ 'ਰਾਕ ਆਨ 2' ਲੈ ਕੇ ਆ ਰਹੇ ਹਨ। ਫਿਲਮ ਵਿਚ ਫਰਹਾਨ ਅਖਤਰ, ਅਰਜੁਨ ਰਾਮਪਾਲ, ਸ਼ਰਧਾ ਕਪੂਰ, ਪੂਰਬ ਕੋਹਲੀ, ਪ੍ਰਾਚੀ ਦੇਸਾਈ ਅਤੇ ਸ਼ਸ਼ਾਂਕ ਅਰੋੜਾ ਮੁੱਖ ਕਿਰਦਾਰ ਵਿਚ ਹਨ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਫਿਲਮ ਦਾ ਦੂਸਰਾ ਭਾਗ ਵੀ ਪਹਿਲਾਂ ਵਾਂਗ ਹੀ ਹਿੱਟ ਹੋਵੇਗਾ। ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ 'ਰਾਕ ਆਨ 2' ਦੀ ਟੀਮ ਦਿੱਲੀ ਪਹੁੰਚੀ। ਇਸ ਦੌਰਾਨ ਸ਼ਰਧਾ ਕਪੂਰ, ਫਰਹਾਨ ਅਖਤਰ, ਅਰਜੁਨ ਰਾਮ ਪਾਲ, ਪੂਰਬ ਕੋਹਲੀ, ਸ਼ਸ਼ਾਂਕ ਅਰੋੜਾ, ਨਿਰਦੇਸ਼ਕ ਸੁਜਾਤ ਸੌਦਾਗਰ ਅਤੇ ਨਿਰਮਾਤਾ ਰਿਤੇਸ਼ ਸਿੰਧਵਾਨੀ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
► 'ਰਾਕ ਆਨ 2' ਅਸਲ ਜ਼ਿੰਦਗੀ ਵਰਗੀ ਕਹਾਣੀ : ਫਰਹਾਨ ਅਖਤਰ
'ਰਾਕ ਆਨ 2' ਸਹੀ ਮਾਇਨੇ ਵਿਚ ਇਕ ਸੀਕਵਲ ਹੈ। ਇਸ ਦੀ ਕਹਾਣੀ ਅਸੀਂ ਫਿਲਮ ਵਾਂਗ ਨਹੀਂ, ਸਗੋਂ ਅਸਲੀ ਜ਼ਿੰਦਗੀ ਵਾਂਗ ਬਣਾਈ ਹੈ। ਜਿਸ ਤਰ੍ਹਾਂ ਇਸ ਦੇ ਸੀਕਵਲ ਨੂੰ ਦਰਸ਼ਕਾਂ ਦੇ ਸਾਹਮਣੇ ਆਉਣ ਵਿਚ 8 ਸਾਲ ਲੱਗ ਗਏ, ਠੀਕ ਉਸੇ ਤਰ੍ਹਾਂ ਸਾਡੀ ਫਿਲਮ ਦੇ ਕਿਰਦਾਰਾਂ ਨੇ ਵੀ ਇੰਨੇ ਸਾਲਾਂ ਦੀ ਯਾਤਰਾ ਕੀਤੀ ਹੈ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਅਜਿਹਾ ਨਹੀਂ ਲੱਗੇਗਾ ਕਿ ਤੁਸੀਂ ਇਕ ਵੱਖਰੀ ਫਿਲਮ ਦੇਖ ਰਹੇ ਹੋ, ਸਗੋਂ ਤੁਹਾਨੂੰ ਲੱਗੇਗਾ ਕਿ ਇਨ੍ਹਾਂ ਕਿਰਦਾਰਾਂ ਦੀ ਜ਼ਿੰਦਗੀ ਅੱਗੇ ਵਧ ਰਹੀ ਹੈ।
► ਨਾਰਥ-ਈਸਟ ਵੀ ਫਿਲਮ ਦਾ ਕਿਰਦਾਰ
ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਵਿਚ ਅਰਜੁਨ ਨੇ ਕਿਹਾ ਸੀ ਕਿ ਨਾਰਥ-ਈਸਟ ਦਾ ਹੀ ਇਕ ਹਿੱਸਾ ਸ਼ਿਲਾਂਗ ਫਿਲਮ ਵਿਚ ਕਿਰਦਾਰ ਵਾਂਗ ਰਚ ਗਿਆ ਹੈ। ਇਸ ਕਿਰਦਾਰ ਦੇ ਬਿਨਾਂ ਸ਼ਾਇਦ ਇਹ ਫਿਲਮ ਇੰਨੀ ਪ੍ਰਭਾਵਸ਼ਾਲੀ ਨਹੀਂ ਬਣ ਸਕਦੀ ਸੀ।
ਅਰਜੁਨ— ਮੈਂ ਇਸ ਵਿਚ ਇਕ ਹੋਰ ਗੱਲ ਨੂੰ ਜੋੜਨਾ ਚਾਹਾਂਗਾ ਕਿ ਸ਼ਿਲਾਂਗ 'ਰਾਕ ਆਨ 2' ਦਾ ਕਿਰਦਾਰ ਇਸ ਲਈ ਬਣ ਸਕਿਆ ਕਿਉਂਕਿ ਉਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਇੰਨਾ 'ਵਾਰਮ ਵੈਲਕਮ' ਸ਼ਾਇਦ ਹੀ ਸਾਨੂੰ ਕਿਸੇ ਤਰ੍ਹਾਂ ਮਿਲਿਆ ਹੋਵੇ ਜਿੰਨਾ ਕਿ ਉਥੇ ਮਿਲਿਆ। ਮੈਂ ਇਸ ਦੇ ਲਈ ਉਥੋਂ ਦੇ ਲੋਕਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ।
► ਨਾਰਥ-ਈਸਟ ਸਾਡੇ ਦੇਸ਼ ਦਾ ਹੀ ਹਿੱਸਾ
ਫਰਹਾਨ ਦੱਸਦੇ ਹਨ ਕਿ ਜਦੋਂ ਅਸੀਂ ਇਸ ਫਿਲਮ ਲਈ ਸ਼ਿਲਾਂਗ ਦੀ ਚੋਣ ਕੀਤੀ, ਉਸ ਸਮੇਂ ਦੇਸ਼ ਦੇ ਕਈ ਹਿੱਸਿਆਂ ਵਿਚ ਨਾਰਥ-ਈਸਟ ਦੇ ਲੋਕਾਂ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਸੀ। ਦੇਸ਼ ਦੇ ਵੱਖਰੇ-ਵੱਖਰੇ ਹਿੱਸਿਆਂ ਨਾਲ ਉਨ੍ਹਾਂ ਦੇ ਨਾਲ ਹੋ ਰਹੀ ਹਿੰਸਾ ਅਤੇ ਬਦਸਲੂਕੀ ਦੀਆਂ ਖਬਰਾਂ ਆ ਰਹੀਆਂ ਸਨ ਪਰ ਸਾਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ ਨਾਰਥ-ਈਸਟ ਵੀ ਸਾਡੇ ਦੇਸ਼ ਦਾ ਹੀ ਹਿੱਸਾ ਹੈ ਅਤੇ ਇਕ ਅਨਿੱਖੜਵਾਂ ਅੰਗ ਹੈ। ਤੁਹਾਨੂੰ ਪਤਾ ਹੈ ਕਿ ਇਸ ਸਭ ਵਿਚ ਸਭ ਤੋਂ ਬੁਰਾ ਕੀ ਹੈ ਕਿ ਸਾਨੂੰ ਲੋਕਾਂ ਨੂੰ ਯਾਦ ਦਿਵਾਉਣਾ ਪੈ ਰਿਹਾ ਹੈ ਕਿ ਸਾਡਾ ਹੀ ਇਕ ਹਿੱਸਾ ਹੈ, ਜਦਕਿ ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹ ਕਹਿਣ ਦਾ ਕੋਈ ਹੱਕ ਹੈ ਪਰ ਫਿਰ ਵੀ ਅਸੀਂ ਇਹੋ ਕਹਾਂਗੇ ਕਿ ਅਸੀਂ ਸਭ ਉਨ੍ਹਾਂ ਦੇ ਨਾਲ ਹਾਂ।
► ਮੈਂ ਸਿਰਫ ਦੋਸਤੀ 'ਤੇ ਹੀ ਫਿਲਮਾਂ ਨਹੀਂ ਬਣਾਉਂਦਾ
ਅਜਿਹਾ ਨਹੀਂ ਹੈ ਕਿ ਸਾਡਾ ਪ੍ਰੋਡਕਸ਼ਨ ਹਾਊਸ 'ਐਕਸਲ ਇੰਟਰਟੇਨਮੈਂਟ' ਸਿਰਫ ਦੋਸਤੀ 'ਤੇ ਹੀ ਆਧਾਰਿਤ ਫਿਲਮਾਂ ਬਣਾਉਂਦਾ ਹੈ। ਮੈਂ ਤਾਂ ਬਸ 'ਦਿਲ ਚਾਹਤਾ ਹੈ' ਬਣਾਈ ਸੀ। ਹਾਂ, ਇਹ ਕਹਿ ਸਕਦੇ ਹਾਂ ਕਿ ਇਸ ਬੈਨਰ ਹੇਠ ਬਣ ਰਹੀਆਂ ਫਿਲਮਾਂ ਵਿਚ ਦੋਸਤੀ ਦਾ ਇਕ ਪਹਿਲੂ ਆ ਜਾਂਦਾ ਹੈ।
► ਇੰਡਸਟਰੀ ਵਿਚ ਨਵੇਂ ਨਹੀਂ ਸੁਜਾਤ
ਸੁਜਾਤ ਸੌਦਾਗਰ, ਜੋ ਕਿ ਸਾਡੀ ਫਿਲਮ ਦੇ ਨਿਰਦੇਸ਼ਕ ਹਨ, ਉਹ ਨਵੇਂ ਨਹੀਂ ਹਨ ਇਸ ਇੰਡਸਟਰੀ ਵਿਚ। ਸੁਜਾਤ 'ਰਾਕ ਆਨ 2' ਦੇ ਨਿਰਦੇਸ਼ਕ ਤੋਂ ਪਹਿਲਾਂ ਲੱਗਭਗ 200 ਕਮਰਸ਼ੀਅਲ ਫਿਲਮਾਂ ਬਣਾ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ 'ਡਾਨ-2' ਦੇ ਨਿਰਦੇਸ਼ਨ ਵਿਚ ਅਹਿਮ ਕਿਰਦਾਰ ਅਦਾ ਕੀਤਾ ਸੀ।
► ਫਿਲਮ ਦੱਸੇਗੀ ਸੰਗੀਤ ਸਭ ਤੋਂ ਵੱਡਾ ਹੈ : ਅਰਜੁਨ ਰਾਮਪਾਲ
ਫਿਲਮਾਂ 'ਚ ਅਸੀਂ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ, ਇਹ ਬੱਸ ਇਕ ਕਹਾਣੀ ਹੈ ਜੋ ਸਹੀ ਮਾਇਨਿਆਂ 'ਚ ਕਈ ਪਰਤਾਂ 'ਚ ਕਈ ਸੰਦੇਸ਼ ਦੇ ਜਾਂਦੀ ਹੈ। ਫਿਲਮ 'ਚ ਅਸੀਂ ਜਿਸ 'ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਹੈ, ਉਹ ਹੈ ਸੰਗੀਤ। ਸੰਗੀਤ ਇਕ ਅਜਿਹਾ ਮੈਡੀਟੇਸ਼ਨ ਹੈ, ਜਿਸ ਦੇ ਜ਼ਰੀਏ ਅਸੀਂ ਹਰ ਦਰਦ ਤੋਂ ਉਭਰ ਸਕਦੇ ਹਾਂ। ਸੰਗੀਤ ਕਿਸੇ ਵੀ ਸਰਹੱਦ, ਜਾਤੀ 'ਚ ਧਰਮ ਦਾ ਮੁਥਾਜ ਨਹੀਂ ਹੁੰਦਾ।
► ਆਈਡੀਆ ਸੁਣ ਕੇ ਤੁਰੰਤ ਤਿਆਰ ਹੋ ਗਿਆ
ਸੁਜਾਤ- ਜਦੋਂ ਫਰਹਾਨ ਨੇ ਮੈਨੂੰ ਇਸ ਆਈਡੀਏ ਬਾਰੇ ਦੱਸਿਆ ਤਾਂ ਮੈਂ ਤੁਰੰਤ ਇਸ ਲਈ ਤਿਆਰ ਹੋ ਗਿਆ। ਇਸ ਦੇ ਕਈ ਕਾਰਨ ਸਨ। ਇਕ ਤਾਂ ਮੈਂ 'ਰਾਕ ਆਨ' ਦੇਖੀ ਹੈ, ਜੋ ਮੈਨੂੰ ਬੇਹੱਦ ਪਸੰਦ ਆਈ ਕਿਉਂਕਿ ਮੈਂ ਖੁਦ ਵੀ ਰਾਕ ਮਿਊਜ਼ਿਕ ਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਥੋੜ੍ਹਾ-ਬਹੁਤ ਸਮਝਦਾ ਵੀ ਹਾਂ।
ਫਰਹਾਨ- ਸੰਗੀਤ ਲੋਕਾਂ ਲਈ ਦਵਾਈ ਵਾਂਗ ਕੰਮ ਕਰਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਨਾਰਥ ਇੰਡੀਆ ਤੋਂ ਹੈ ਜਾਂ ਸਾਊਥ ਤੋਂ। ਇਸ ਦੀ ਆਪਣੀ ਇਕ ਵੱਖਰੀ ਭਾਸ਼ਾ ਹੈ, ਜੋ ਸਭ ਦੇ ਦਿਲਾਂ ਤੱਕ ਪਹੁੰਚਦੀ ਹੈ।
► ਅਰਜੁਨ ਰਾਮਪਾਲ ਕਰਦੇ ਹਨ ਪ੍ਰੈਂਕ
ਫਿਲਮ ਦੇ ਸੈੱਟ 'ਤੇ ਸਭ ਤੋਂ ਜ਼ਿਆਦਾ ਮਸਤੀ ਕੌਣ ਕਰਦਾ ਹੈ, ਦੇ ਜਵਾਬ 'ਚ ਪੂਰਬ ਕਹਿੰਦੇ ਹਨ ਕਿ ਇਸ ਮਾਮਲੇ 'ਚ ਅਰਜੁਨ ਸਭ ਤੋਂ ਅੱਗੇ ਹੈ। ਇੰਨਾ ਹੀ ਨਹੀਂ, ਅਜੇ ਬੀਤੀ ਰਾਤ ਹੀ ਪੂਰੀ ਟੀਮ ਨੇ ਮੇਰੇ ਨਾਲ ਪ੍ਰੈਂਕ ਕੀਤਾ ਹੈ ਪਰ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਫਿਲਮ 'ਚ ਉਹ ਦੋਸਤੀ ਜਾਂ ਕੈਮਿਸਟਰੀ ਦਿਖਾਉਣੀ ਹੈ ਤਾਂ ਪਰਦੇ ਦੇ ਪਿੱਛੇ ਵੀ ਉਹ ਹੋਣੀ ਜ਼ਰੂਰੀ ਹੈ। ਕੁਲ ਮਿਲਾ ਕੇ ਅਸੀਂ ਸੈੱਟ 'ਤੇ ਕੰਮ ਨਾਲ ਬਹੁਤ ਮਸਤੀ ਕਰਦੇ ਸੀ।
► 'ਰਾਕ ਆਨ-2' ਦਾ ਹਿੱਸਾ ਬਣਨ ਦੀ ਤਮੰਨਾ ਸੀ : ਸ਼ਰਧਾ ਕਪੂਰ
ਜਦ ਮੈਂ 'ਰਾਕ ਆਨ' ਦੇਖੀ ਸੀ, ਮੈਂ ਉਦੋਂ ਸੋਚਿਆ ਸੀ ਕਿ ਜੇ ਕਦੇ ਇਸ ਫਿਲਮ ਦਾ ਦੂਜਾ ਹਿੱਸਾ ਬਣਿਆ ਤਾਂ ਮੈਂ ਉਸ ਦਾ ਹਿੱਸਾ ਬਣਾਂਗੀ। ਮੈਂ ਬਹੁਤ ਲੱਕੀ ਹਾਂ ਕਿ ਇੰਨੇ ਸਾਲ ਪਹਿਲਾਂ ਮੇਰੇ ਮਨ 'ਚ ਜੋ ਖਿਆਲ ਆਇਆ ਸੀ ਉਹ ਅੱਜ ਸੱਚ ਹੋ ਗਿਆ ਹੈ। ਛੇਤੀ ਹੀ ਫਿਲਮ ਰਿਲੀਜ਼ ਹੋਣ ਵਾਲੀ ਹੈ। ਹੁਣ ਦਰਸ਼ਕਾਂ ਨੂੰ ਮੇਰਾ ਕੰਮ ਕਿੰਨਾ ਪਸੰਦਾ ਆਉਂਦਾ ਹੈ, ਇਹ ਤਾਂ ਉਹੀ ਦੱਸਣਗੇ।
► ਫਰਹਾਨ ਦੀ ਟੀਮ ਨਾਲ ਸ਼ਾਨਦਾਰ ਰਿਹਾ ਤਜਰਬਾ
ਫਰਹਾਨ ਤੇ ਪੂਰੀ ਟੀਮ ਨਾਲ ਕੰਮ ਕਰਨ ਦਾ ਤਜਰਬਾ ਬੇਹੱਦ ਖਾਸ ਰਿਹਾ। ਇਹ ਇਕ ਸੁਪਨੇ ਦੇ ਸੱਚ ਹੋਣ ਵਾਂਗ ਸੀ। ਕਦੀ ਤੁਸੀਂ ਫਿਲਮ ਦੇਖ ਕੇ ਕਹੋ ਕਿ ਤੁਸੀਂ ਇਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਫਿਰ ਇਕ ਦਿਨ ਅਸਲ 'ਚ ਅਜਿਹਾ ਹੋ ਜਾਵੇ। ਮੈਂ ਇਸ ਅਹਿਸਾਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ।
► ਜਿਯਾ ਦੇ ਕਿਰਦਾਰ ਨਾਲ ਜੁੜ ਗਈ
ਇਸ ਫਿਲਮ 'ਚ ਮੈਂ ਜਿਯਾ ਦੇ ਕਿਰਦਾਰ 'ਚ ਹਾਂ। ਜਿਯਾ ਨੂੰ ਸੰਗੀਤ ਨਾਲ ਬਹੁਤ ਪਿਆਰ ਹੈ। ਫਿਲਮ ਤੋਂ ਪਹਿਲਾਂ ਵੀ ਮੇਰਾ ਸੰਗੀਤ ਨਾਲ ਲਗਾਅ ਸੀ ਪਰ ਫਿਲਮ 'ਚ ਕੰਮ ਕਰਨ ਤੋਂ ਬਾਅਦ ਹੁਣ ਜਿਯਾ ਦਾ ਕਿਰਦਾਰ ਮੇਰੇ 'ਚ ਦੇਖ ਸਕਦੇ ਹੋ। ਮੈਨੂੰ ਪਹਿਲਾਂ ਲਗਾਅ ਨਹੀਂ ਸੀ ਪਰ ਹੁਣ ਸੰਗੀਤ ਨਾਲ ਪਿਆਰ ਹੋ ਗਿਆ ਹੈ।
► ਸੰਗੀਤ ਅਤੇ ਅਭਿਨੈ ਦੋਵੇਂ ਮੇਰਾ ਪਿਆਰ
ਮੇਰੇ ਲਈ ਇਹ ਕਹਿਣਾ ਇਸ ਵੇਲੇ ਬਹੁਤ ਮੁਸ਼ਕਿਲ ਹੋਵੇਗਾ ਕਿ ਦਰਸ਼ਕ ਮੈਨੂੰ ਕਿਹੜੇ ਰੂਪ 'ਚ ਜ਼ਿਆਦਾ ਪਸੰਦ ਕਰਦੇ ਹਨ। ਇਸ ਵੇਲੇ ਸ਼ਾਇਦ ਮੈਂ ਉਸ ਮੁਕਾਮ 'ਤੇ ਨਹੀਂ ਹਾਂ, ਜਿਥੇ ਮੈਂ ਇਸ ਗੱਲ ਦਾ ਫੈਸਲਾ ਕਰ ਸਕਾਂ ਪਰ ਮੈਂ ਇਨ੍ਹਾਂ ਦੋਵਾਂ ਕੰਮਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਦੀ ਹਾਂ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰਦੀ ਹਾਂ।

Tags: ਰਾਕ ਆਨ 2ਮਿਊਜ਼ਿਕਫਰਹਾਨ ਅਖਤਰRock On 2musicfarhan akhtar